ਰਾਹ ਖੁੱਲ੍ਹਵਾਉਣ ਆਏ ਤਿੰਨ ਨੌਜਵਾਨਾਂ ਦੀ ਵਕੀਲਾਂ ਨੇ ਕੀਤੀ ਛਿੱਤਰ ਪਰੇਡ, ਪੁਲਸ ਬਣੀ ਮੂਕ ਦਰਸ਼ਕ

05/30/2023 2:31:25 PM

ਅੰਮ੍ਰਿਤਸਰ (ਜਸ਼ਨ) : ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਹੋਰ ਵਕੀਲ ਮੈਂਬਰਾਂ ਨੇ ਬੀਤੇ ਦਿਨ ਕੋਰਟ ਕੰਪਲੈਕਸ ਦੇ ਗੇਟ ਨੰਬਰ ਇਕ ਦੇ ਸਾਹਮਣੇ ਟ੍ਰੈਫਿਕ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਵਕੀਲ ਗੇਟ ਨੰਬਰ 1 ਦੀ ਮੁੱਖ ਸੜਕ ’ਤੇ ਧਰਨੇ ’ਤੇ ਬੈਠ ਗਏ, ਜਿਸ ਕਾਰਨ ਵੱਡੀ ਪੱਧਰ ’ਤੇ ਆਵਾਜਾਈ ਵਿਚ ਵਿਘਨ ਪਿਆ। ਇਸੇ ਦੌਰਾਨ ਇਕ ਕਾਰ ਵਿਚ ਆਏ ਤਿੰਨ ਨੌਜਵਾਨ ਆਏ ਅਤੇ ਧਰਨੇ ’ਤੇ ਬੈਠੇ ਵਕੀਲਾਂ ਤੋਂ ਰਸਤਾ ਮੰਗਣ ਲੱਗੇ। ਇਸ ਦੌਰਾਨ ਵਕੀਲਾਂ ਅਤੇ ਤਿੰਨਾਂ ਨੌਜਵਾਨਾਂ ਵਿਚ ਤਿੱਖੀ ਬਹਿਸ ਹੋਈ ਅਤੇ ਇਕ ਨੌਜਵਾਨ ਨੇ ਇਕ ਵਕੀਲ ਨੂੰ ਧੱਕਾ ਮਾਰ ਦਿੱਤਾ। ਜਿਸ ’ਤੇ ਵਕੀਲ ਭੜਕ ਗਏ ਅਤੇ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਦੀ ਛਿੱਤਰ ਪਰੇਡ ਕੀਤੀ। ਉਕਤ ਤਿੰਨ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਨੇ ਮੌਕੇ ’ਤੇ ਹੀ ਪਿਸਤੌਲ ਕੱਢ ਲਿਆ ਅਤੇ ਫ਼ਰਾਰ ਹੋ ਗਿਆ। ਬਾਕੀ ਦੋ ਨੌਜਵਾਨਾਂ ਦੇ ਵਕੀਲਾਂ ਨੇ ਪਹਿਲਾਂ ਉਨ੍ਹਾਂ ਦੀ ਜ਼ਬਰਦਸਤ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ- ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

ਖਾਸ ਗੱਲ ਇਹ ਹੈ ਕਿ ਜਦੋਂ ਇਹ ਸਾਰੀ ਘਟਨਾ ਵਾਪਰ ਰਹੀ ਸੀ ਤਾਂ ਪੁਲਸ ਉਸ ਸਮੇਂ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੀ ਰਹੀ। ਦੂਜੇ ਪਾਸੇ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਉਕਤ ਤਿੰਨ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ’ਤੇ ਹਮਲਾ ਕੀਤਾ ਅਤੇ ਨੇੜੇ ਹੀ ਖੜ੍ਹਾ ਇੱਕ ਟਰੈਫਿਕ ਇੰਚਾਰਜ ਇੱਕ ਪਾਸੇ ਖੜ੍ਹਾ ਹੱਸਦਾ ਰਿਹਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਕੀਲ ਪ੍ਰਦੀਪ ਸੈਣੀ ਨੇ ਟ੍ਰੈਫਿਕ ਪੁਲਸ ’ਤੇ ਦੋਸ਼ ਲਗਾਉਦਿਆਂ ਕਿਹਾ ਕਿ ਟ੍ਰੈਫਿਕ ਪੁਲਸ ਆਏ ਦਿਨ ਹੀ ਸਥਾਨਕ ਲੋਕਾਂ ਅਤੇ ਵਕੀਲਾਂ ਵਿਚਕਾਰ ਬਹਿਸਬਾਜ਼ੀ ਕਰਦੇ ਹੋਏ ਉਨ੍ਹਾਂ ਨਾਲ ਉਝਲਦੀ ਰਹਿੰਦੀ ਹੈ। ਉਨ੍ਹਾਂ ਦੋਸ਼ ਲਗਾਉਦਿਆਂ ਕਿਹਾ ਕਿ ਪਿਛਲੇ ਦਿਨੀਂ ਟ੍ਰੈਫਿਕ ਪੁਲਸ ਨੇ ਚੈਕਿੰਗ ਦੌਰਾਨ ਇਕ ਵਕੀਲ ਦੀ ਆਰ. ਸੀ. ਤੋੜ ਕੇ ਉਸ ਦੇ ਹੱਥ ਵਿਚ ਦਿੰਦੇ ਹੋਏ ਕਿਹਾ ਕਿ ‘ਜਾਉ ਜਾ ਕੇ’ ਇਹ ਆਪਣੇ ਪ੍ਰਧਾਨ ਨੂੰ ਦੇ ਦਿਉ।

ਇਹ ਵੀ ਪੜ੍ਹੋ- ਮਾਮੂਲੀ ਤਕਰਾਰ ਦਾ ਖ਼ੂਨੀ ਰੂਪ, ਪੁੱਤ ਦੀ ਕੁੱਟਮਾਰ ਹੁੰਦਿਆਂ ਵੇਖ ਬਚਾਉਣ ਆਏ ਪਿਓ ਨਾਲ ਵਾਪਰਿਆ ਭਾਣਾ

ਉਨ੍ਹਾਂ ਕਿਹਾ ਕਿ ਵਕੀਲ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸੀ ਤਾਂ ਉਕਤ ਨੌਜਵਾਨ ਇਕ ਕਾਰ ’ਚ ਆਏ ਅਤੇ ਵਕੀਲਾਂ ਨਾਲ ਉਲਝ ਪਏ ਅਤੇ ਕਾਫ਼ੀ ਬੁਰਾ ਭਲਾ ਕਿਹਾ ਅਤੇ ਧੱਕੇ ਮਾਰਨ ਲੱਗੇ। ਇਸ ਦੌਰਾਨ ਹੀ ਵਕੀਲ ਤਹਿਸ਼ ਵਿਚ ਆ ਗਏ ਅਤੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕੀਤੀ ਗਈ। ਇਸ ਸਬੰਧੀ ਥਾਣਾ ਕੰਟੋਨਮੈਂਟ ਦੇ ਐੱਸ. ਐੱਚ. ਓ. ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਪੁਲਸ ਦੀ ਹਿਰਾਸਤ ਵਿਚ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News