ਕੈਨੇਡਾ 'ਚ ਪੰਜਾਬੀਆਂ ਦੀ ਮਿਹਨਤ ਨੂੰ ਲੱਗੀਆਂ ਨਜ਼ਰਾਂ, ਦਿਨ-ਬ-ਦਿਨ ਗੰਭੀਰ ਬਣ ਰਹੀ ਸਥਿਤੀ

02/27/2023 7:43:35 PM

ਅੰਮ੍ਰਿਤਸਰ  (ਬਾਠ) : ਕੈਨੇਡਾ ਦੀਆਂ ਪਿਛਲੀਆਂ ਚੋਣਾਂ ਵਿਚ ਭਾਰਤੀ ਮੂਲ ਤੇ ਖ਼ਾਸ ਕਰ ਕੇ ਕੈਨੇਡਾ ਵੱਸਦੇ ਪੰਜਾਬੀਆਂ ਨੇ ਆਪਣੇ ਸੁਨਹਿਰੀ ਸੁਫ਼ਨਿਆਂ ਨੂੰ ਟਰੂਡੋ ਦੀ ਸਰਕਾਰ ਵਿਚ ਬੂਰ ਪੈਣ ਦੀ ਆਸ ਨਾਲ ਲਿਬਰਲ ਪਾਰਟੀ ਨੂੰ ਭਾਰੀ ਸਮਰਥਨ ਦੇ ਕੇ ਟਰੂਡੋ ਨੂੰ ਮੁੜ ਪ੍ਰਧਾਨ ਮੰਤਰੀ ਬਣਾਇਆ। ਇਸੇ ਦਰਮਿਆਨ ਪੂਰੀ ਦੁਨੀਆ ਨੂੰ ਕੋਰੋਨਾ ਨੇ ਆਪਣੀ ਜਕੜ ਵਿਚ ਲੈ ਲਿਆ ਤੇ ਦੂਜੇ ਮੁਲਕਾਂ ਵਾਂਗ ਕੈਨੇਡਾ ਵੀ ਆਰਥਿਕ ਲੀਹ ਤੋਂ ਥੱਲੇ ਲਹਿਣ ਲੱਗਾ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

ਅਜੇ ਆਰਥਿਕ ਗੱਡੀ ਪਟੜੀ ’ਤੇ ਆਉਣ ਹੀ ਲੱਗੀ ਸੀ ਕਿ 2022 ਵਿਚ ਆਰਥਿਕ ਮੰਦਵਾੜੇ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਕੈਨੇਡਾ ’ਚ ਝੰਜੋੜ ਕੇ ਰੱਖ ਦਿੱਤਾ ਤੇ ਹੁਣ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਗਏ। ਲੋਕ ਘਰ ਛੱਡ ਕੇ ਤੰਬੂਆਂ ਵਿਚ ਰਹਿਣ ਲਈ ਮਜਬੂਰ ਹੋ ਰਹੇ ਹਨ। ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਆਮ ਵਸਤਾਂ ਤੇ ਘਰਾਂ ਦੀਆਂ ਕੀਮਤਾਂ ਵਿਚ 40 ਫ਼ੀਸਦੀ ਵਾਧਾ ਹੋ ਗਿਆ। ਵਿਆਜ ਦਰਾਂ ਵਿਚ ਇਕ ਦਮ ਭਾਰੀ ਵਾਧਾ ਹੋਣ ਕਾਰਨ ਲੋਕਾਂ ਨੂੰ ਕਿਸ਼ਤਾਂ ਨਾ ਭਰਨ ਦੀ ਸੂਰਤ ਵਿਚ ਆਪਣੇ ਮਕਾਨ ਸਸਤੇ ਮੁੱਲ ’ਤੇ ਵੇਚਣੇ ਪੈ ਰਹੇ ਹਨ। ਇਸ ਦੀ ਸਭ ਤੋਂ ਵੱਧ ਸੱਟ ਪੰਜਾਬ ਤੋਂ ਕੈਨੇਡਾ ਗਏ ਵਿਦਿਆਰਥੀਆਂ ਨੂੰ ਵੱਜੀ ਹੈ, ਜੋ ਪਹਿਲਾਂ ਹੀ ਪੰਜਾਬ ਤੋਂ ਭਾਰੀ ਵਿਆਜ 'ਤੇ ਕਰਜ਼ੇ ਲੈ ਕੇ ਕੈਨੇਡਾ ਪਹੁੰਚੇ ਤੇ ਵਧਦੀਆਂ ਕੀਮਤਾਂ, ਬੇਸਮੈਂਟ ਦੇ ਕਿਰਾਏ, ਕਾਲਜ ਫ਼ੀਸਾਂ ਵਿਚ ਵਾਧੇ ਤੇ ਨੌਕਰੀਆਂ ਤੋਂ ਜਵਾਬ ਤੇ ਨਵੀਂ ਨੌਕਰੀ ਦੀ ਭਾਲ ਵਿਚ ਬੇਰੁਜ਼ਗਾਰ ਹੋ ਕੇ ਸਾਰਾ ਦਿਨ ਆਰਥਿਕ ਤੰਗੀ ਨਾਲ ਜੂਝ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ

ਕਈ ਵਿਦਿਆਰਥੀ ਅਜਿਹੀ ਸਥਿਤੀ ਵਿਚ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਤੇ ਕਈ ਵਾਰ ਖ਼ੁਦਕੁਸ਼ੀ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲਦੀਆਂ ਹਨ। ਮਾਂ-ਪਿਉ ਦੀ ਆਰਥਿਕ ਤੰਗੀ ਤੋਂ ਜਾਣੂ ਪੰਜਾਬ ਤੋਂ ਪੈਸੇ ਮੰਗਵਾ ਨਹੀਂ ਸਕਦੇ। ਨੌਕਰੀ ਤੋਂ ਜਵਾਬ ਮਿਲਣ ਕਾਰਨ ਤੇ ਬੇਸਮੈਂਟ ਦੇ ਕਿਰਾਏ ਦੀ ਰੋਜ਼ਾਨਾ ਮੰਗ ਤੇ ਖਾਣ-ਪੀਣ ਦੀਆਂ ਵਸਤੂਆਂ ਆਪਣੀ ਸਮਰੱਥਾ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਦੀ ਜਿੰਦਗੀ ਦਿਨ-ਬ-ਦਿਨ ਭੁੱਖ ਮਰੀ ਕਾਰਨ ਦੁੱਭਰ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ : 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਦਰਮਿਆਨ ਸੀ. ਬੀ. ਐੱਸ. ਈ. ਦਾ ਸਕੂਲਾਂ ਨੂੰ ਨਵਾਂ ਫ਼ਰਮਾਨ

ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਨਿਵਾਸੀ ਕੈਨੇਡਾ ਵਿਚ ਦਿਨ-ਬ-ਦਿਨ ਵਧ ਰਹੀ ਅਪਰਾਧ ਦਰ ਤੋਂ ਸਹਿਮੇ ਹੋਏ ਹਨ। ਆਏ ਦਿਨ ਹੀ ਕਿਸੇ ਐਕਸੀਡੈਂਟ, ਗੋਲ਼ੀਬਾਰੀ ਤੇ ਨਸਲਵਾਦ ਵਿਚ ਪੰਜਾਬੀ ਦੀ ਮੌਤ ਦੀ ਖ਼ਬਰ ਪੰਜਾਬ ਵਿਚ ਬੈਠੇ ਮਾਂ-ਪਿਉ ਤੇ ਰਿਸ਼ਤੇਦਾਰਾਂ ਦੀ ਚਿੰਤਾ ਵਧਾ ਦਿੰਦੀ ਹੈ। ਕੈਨੇਡਾ ਵਿਚ ਇਸ ਵਕਤ ਕਾਨੂੰਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਪੁਲਸ ਵਾਲੇ ਵੀ ਇਸ ਤੋਂ ਨਹੀਂ ਬਚ ਸਕੇ ਤੇ ਉਨ੍ਹਾਂ ’ਤੇ ਵੀ ਹਮਲੇ ਹੋ ਰਹੇ ਹਨ।

ਇਹ ਵੀ ਪੜ੍ਹੋ : ਅਫ਼ਵਾਹਾਂ ਨਾਲ ਨਜਿੱਠਣ ਲਈ ਪੁਲਸ ਨੇ ਬਣਾਈ ਨਵੀਂ ਨੀਤੀ, 300 ਥਾਣਿਆਂ ਦੇ SHO ਨੂੰ ਦਿੱਤੇ ਇਹ ਨਿਰਦੇਸ਼

ਹਾਲ ਵਿਚ ਹੀ ਪੰਜਾਬੀਆਂ ਦੀਆਂ ਦੁਕਾਨਾਂ ਵਿਚ ਭੰਨ-ਤੋੜ, ਚੋਰੀ ਤੇ ਖ਼ਾਸ ਤੌਰ ’ਤੇ ਕਾਰਾਂ ਦੀਆਂ ਚੋਰੀਆਂ ਨੇ ਐਡਮਿੰਟਨ ਵਾਸੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਿਛਲੇ ਦਿਨੀਂ ਸੈਨਿਕ ਕਾਲਜ ਦੇ ਬਾਹਰ ਪੰਜਾਬੀ ਵਿਦਿਆਰਥੀਆਂ ਦੇ ਆਪਸ ਵਿਚ ਝਗੜਣ ਤੇ ਸੱਟਾਂ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਟਰਾਂਟੋ ਦੇ ਇਕ ਸਕੂਲ ਦੀ ਪਾਰਕ ਵਿਚ 10ਵੀਂ ਜਮਾਤ ਵਿਚ ਪੜ੍ਹ ਰਹੇ 15 ਸਾਲਾ ਵਿਦਿਆਰਥੀ ਨੂੰ ਗੋਲ਼ੀ ਮਾਰ ਦਿੱਤੀ ਗਈ। ਪਿਛਲੇ ਦੋ ਹਫ਼ਤਿਆਂ ਵਿਚ ਪੰਜਾਬ ਦੇ  7 ਮੁੰਡੇ-ਕੁੜੀਆਂ ਨੂੰ ਗੋਲ਼ੀਆਂ ਵੱਜਣ, ਚਾਕੂ ਨਾਲ ਕਤਲ ਤੇ ਸੜਕ ਹਾਦਸਿਆਂ ਵਿਚ ਕੁਚਲਣ ਦੀਆਂ ਖ਼ਬਰਾਂ ਨੇ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅਜੇ ਪਿਛਲੇ ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਸੀਸਾਗਾ ਦੇ ਬੋਗਸ ਕਾਲਜਾਂ ਵਿਚ ਦਾਖ਼ਲੇ ਤੋਂ ਬਾਅਦ ਕੈਨੇਡਾ ਪਹੁੰਚ ਕੇ ਜੋ ਖਮਿਆਜ਼ਾ ਭੁਗਤਣਾ ਪਿਆ ਸੀ ਉਹ ਜੱਗ ਜ਼ਾਹਿਰ ਹੈ।

ਇਹ ਵੀ ਪੜ੍ਹੋ :  ਮਸ਼ੂਕ ਦੇ ਫੜੇ ਜਾਣ ਦਾ ਦਰਦ ਤੇ ਬਦਲਾ ਲੈਣ ਦੀ ਟੀਸ ਬਣੀ ਗੈਂਗਸਟਰ ਤੇਜਾ ਦੀ ਮੌਤ ਦਾ ਕਾਰਨ

ਹੁਣ ਹਾਲਹੀ ਵਿੱਚ ਟਰਾਂਟੋ ਦੇ ਦੋ ਕਾਲਜਾਂ ਵੱਲੋਂ ਪੰਜਾਬੀ ਮੁੰਡਿਆਂ ਨੂੰ ਜਾਅਲੀ ਆਫਰ ਲੈਟਰ ਦੇਣ ਨਾਲ ਉਨ੍ਹਾਂ ਨੂੰ ਕੈਨੇਡਾ ਤੋਂ ਪੁੱਠੇ ਪੈਰੀਂ ਵਾਪਸ ਮੁੜਨਾ ਪਿਆ। ਨਾ ਪੈਸੇ ਵਾਪਸ ਹੋਣ ਤੇ ਨਾ ਹੀ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਦੀ ਕੋਈ ਮਦਦ ਕੀਤੀ। ਕੋਰੋਨਾ ਕਾਲ ਵਿਚ ਘਰਾਂ ਵਿਚ ਬੰਦ ਵਿਦਿਆਰਥੀਆਂ ਦੀ ਕੈਨੇਡਾ ਸਰਕਾਰ ਨੇ ਜੋ ਆਰਥਿਕ ਮਦਦ ਕੀਤੀ, ਉਹ ਵੀ ਬਾਅਦ ’ਚ ਵਾਪਸ ਲੈ ਲਈ ਗਈ। ਨਸ਼ੇ ਵਿਚ ਕੈਨੇਡਾ ਦੇ ਨੌਜਵਾਨ ਵੀ ਪੰਜਾਬ ਵਾਂਗ ਗ੍ਰਸਤ ਹੁੰਦੇ ਜਾ ਰਹੇ ਹਨ। ਜਿਨ੍ਹਾਂ ਪੰਜਾਬੀ ਪਰਿਵਾਰਾਂ ਨੇ ਇਧਰ ਪੰਜਾਬ ਵਿਚ ਆਪਣੇ ਸਾਹਮਣੇ ਨਸ਼ਿਆਂ ਨਾਲ ਘਰ ਉੱਜੜਦੇ ਵੇਖੇ ਹਨ, ਉਨ੍ਹਾਂ ਨੂੰ ਕੈਨੇਡਾ ਵਿਚ ਗਏ ਧੀਆਂ-ਪੁੱਤਰਾਂ ਦੀ ਚਿੰਤਾ ਸਤਾ ਰਹੀ ਹੈ।

ਇਸ ਤੋਂ ਇਲਾਵਾ ਨੌਕਰੀ ਦੇਣ ਵਾਲੀਆਂ ਫਰਮਾਂ ਵੱਲੋਂ ਵਿਦਿਆਰਥੀ ਨੂੰ ਐੱਲ.ਐੱਮ.ਆਈ. ਏ. ਦੇ ਨਾਂ ’ਤੇ ਚੰਗੀ ਤਰ੍ਹਾਂ ਲੁੱਟਿਆ ਜਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਕੁੜੀਆਂ ਨਾਲ ਜਿਨਸੀ ਸੋਸ਼ਣ ਦੀਆਂ ਖ਼ਬਰਾਂ ਵੀ ਕਈ ਵਾਰ ਸੁਣਨ ਨੂੰ ਮਿਲਦੀਆਂ ਹਨ। ਇਸ ਤੋਂ ਇਲਾਵਾ ਕੈਨੇਡਾ ਵਿਚ ਰਹਿੰਦੇ ਕੁਝ ਸਿਰਫਿਰੇ ਲੋਕਾਂ ਵੱਲੋਂ ਭਾਰਤੀ ਮੂਲ ਦੇ ਲੋਕਾਂ ਨਾਲ ਨਸਲੀ ਵਿਤਕਰੇ ਕਾਰਨ ਕਾਫ਼ੀ ਪੰਜਾਬੀਆਂ ਖ਼ਾਸ ਕਰ ਕੇ ਬਜ਼ੁਰਗਾਂ ਨੂੰ ਅਪਮਾਨਤ ਹੋਣਾ ਪਿਆ।

ਇਹ ਵੀ ਪੜ੍ਹੋ : ਸਾਬਕਾ ਤੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖ਼ਤ, ਦਿੱਤੇ ਇਹ ਨਿਰਦੇਸ਼

ਪੰਜਾਬ ਤੋਂ ਗਏ ਪੰਜਾਬੀ ਟਰੱਕ ਡਰਾਈਵਰਾਂ ਦੀ ਬਹੁਤ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਭਾਰੀ ਲੁੱਟ ਖਸੁੱਟ ਕੀਤੀ ਜਾਂਦੀ ਹੈ। ਉਨ੍ਹਾਂ ਨਾਲ ਦੂਰ-ਦੁਰਾਡੇ ਫੇਰਾ ਲਾਉਣ ਤੇ ਕੈਨੇਡਾ ਵਿਚ ਚੱਲਦੇ ਕਿਲੋਮੀਟਰਾਂ ਨਾਲ ਨਹੀਂ ਮੀਲਾਂ ਦੇ ਹਿਸਾਬ ਨਾਲ ਪੈਸੇ ਦੇ ਕੇ ਭਾਰੀ ਠੱਗੀ ਮਾਰੀ ਜਾਂਦੀ ਹੈ। ਓਵਰ ਟਾਈਮ ਲਾਉਣ ’ਤੇ ਭਾਰੀ ਕਟੌਤੀ ਕਰਕੇ ਖੱਜਲ-ਖੁਆਰ ਕਰ ਕੇ ਪੈਸੇ ਦਿੱਤੇ ਜਾਂਦੇ ਹਨ।

ਬਹੁਤੇ ਵਿਦਿਆਰਥੀ ਜਾਂ ਉਥੇ ਰਹਿ ਰਹੇ ਪੰਜਾਬੀਆਂ ਨੂੰ ਬਹੁਤ ਦੂਰ ਦੁਰਾਡੇ ਪਹੁੰਚਣ ਲਈ ਕਈ-ਕਈ ਦਿਨ ਟਰੱਕਾਂ ਵਿਚ ਗੁਜ਼ਾਰਨੇ ਪੈਂਦੇ ਹਨ। ਖ਼ਾਸ ਤੌਰ ’ਤੇ ਬਰਫ਼ਬਾਰੀ ਦੇ ਦਿਨਾਂ ਵਿਚ ਇਹ ਸਫ਼ਰ ਤਲਵਾਰ ਦੀ ਧਾਰ ਵਾਂਗ ਹੁੰਦਾ ਹੈ। ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਮਾਂ ਦੇ ਮੱਖਣਾਂ ਨਾਲ ਪਾਲੇ ਪੁੱਤ ਦੀ ਲਾਸ਼ ਐਕਸੀਡੈਂਟ ’ਚ ਮੌਤ ਹੋਣ ਕਾਰਨ ਪੰਜਾਬ ਵਿੱਚ ਪਹੁੰਚਦੀ ਹੈ ਤੇ ਸਾਰਾ ਪੰਜਾਬ ਸ਼ੋਕ ਵਿਚ ਡੁੱਬ ਜਾਂਦਾ ਹੈ। 

ਭਾਵੇਂ ਕਿ ਹੁਣ ਕੈਨੇਡਾ ਦੀ ਕਨਜਰਵੇਟਿਵ ਵਿਰੋਧੀ ਪਾਰਟੀ ਨੇ  ਪ੍ਰਧਾਨ ਮੰਤਰੀ ਟਰੂਡੋ ਨੂੰ ਆੜੇ ਹੱਥੀਂ ਲਿਆ ਹੈ। ਵਿਰੋਧੀ ਪਾਰਟੀ ਦੇ ਲੀਡਰ ਨੇ ਤਾਂ ਇੱਥੋਂ ਕਹਿ ਦਿੱਤਾ ਹੈ ਕਿ ਟਰੂਡੋ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਰਹੀ ਹੈ ਤੇ ਨਾ ਹੀ ਰਾਸ਼ਟਰ ਤੇ ਅੰਤਰਰਾਸ਼ਟਰੀ ਮਸਲੇ ਹੱਲ ਹੋ ਰਹੇ ਹਨ। ਹੁਣ ਇਨ੍ਹਾਂ ਅੱਤ ਗੰਭੀਰ ਹਾਲਾਤ ਵਿਚ ਪੰਜਾਬੀ ਮੂਲ ਦੇ ਲੋਕ ਜੋ ਕਿ ਇਧਰ ਪੰਜਾਬ ਵਿਚ ਆਪਣਾ ਸਾਰਾ ਕੁਝ ਦਾਅ ’ਤੇ ਲਾ ਕੇ ਕੈਨੇਡਾ ਵਿਚ ਕਿਸੇ ਚੰਗੇ ਭਵਿੱਖ ਦੀ ਆਸ ਵਿਚ ਦਿਨ ਕੱਟ ਰਹੇ ਸਨ, ਉਹ ਹੁਣ ਨਾ ਤਾਂ ਕੈਨੇਡਾ ਵਿਚ ਖ਼ੁਸ਼ ਹਨ ਤੇ ਨਾ ਹੀ ਪੰਜਾਬ ਵਿਚ। ਉਨ੍ਹਾਂ ਨੂੰ ਕੈਨੇਡਾ ਵਰਦਾਨ ਨਹੀਂ ਸ਼ਰਾਪ ਨਜ਼ਰ ਆਉਂਦਾ ਹੈ।ਲੱਗਦਾ ਹੈ ਕਿ ਜਿਵੇਂ ਕੈਨੇਡਾ ਵਿੱਚ ਪੰਜਾਬੀਆਂ ਦੀ ਮਿਹਨਤ ਨੂੰ ਕਿਸੇ ਦੀਆਂ ਨਜ਼ਰਾਂ ਲੱਗ ਗਈਆਂ ਹੋਣ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News