ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਅਜਨਾਲਾ ਕੋਰਟ ’ਚ ਪੇਸ਼, ਮਿਲਿਆ 4 ਦਿਨ ਦਾ ਰਿਮਾਂਡ
Saturday, Apr 12, 2025 - 02:02 PM (IST)

ਅਜਨਾਲਾ(ਬਾਠ)- ਫਰਵਰੀ 2023 ’ਚ ਅਜਨਾਲਾ ਥਾਣੇ ’ਤੇ ਹਮਲਾ ਕਰਨ ਦੇ ਦੋਸ਼ ਵਿਚ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦੇ ਮੁਖੀ ਲੋਕ ਸਭਾ ਮੈਂਬਰ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਜੱਲੂਪੁਰ ਖੇੜਾ ਅਤੇ ਉਸਦੇ ਸਾਥੀਆਂ ’ਤੇ ਥਾਣਾ ਅਜਨਾਲਾ ’ਚ ਮੁਕੱਦਮਾ ਨੰਬਰ 39 ਵਿਚ ਧਾਰਾ 307,353,186 ਤਹਿਤ ਕੀਤੇ ਗਏ ਮੁਕੱਦਮੇ ’ਚ ਸ਼ਾਮਲ ਡਿਬੜੂਗੜ੍ਹ ਜੇਲ੍ਹ ’ਚੋਂ ਲਿਆਂਦੇ ਗਏ ਪੱਪਲਪ੍ਰੀਤ ਸਿੰਘ ਨੂੰ ਭਾਰੀ ਸੁਰੱਖਿਆ ਪੁਲਸ ਬਲ ਨਾਲ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ।
ਇਸ ਮੌਕੇ ਜਥੇਬੰਦੀ ‘ਵਾਰਿਸ ਪੰਜਾਬ ਦੇ’ ਇਨ੍ਹਾਂ ਮੁਲਜ਼ਮਾਂ ਦਾ ਕੋਰਟ ਕੇਸ ਲੜ ਰਹੇ ਵਕੀਲ ਹਰਪਾਲ ਸਿੰਘ ਖਾਰਾ ਅਤੇ ਵਕੀਲ ਰਿਤੂ ਰਾਜ ਨੇ ਦੱਸਿਆ ਕਿ ਅਜਨਾਲਾ ਪੁਲਸ ਨੇ ਪਹਿਲਾਂ ਤੋਂ ਹੀ ਘੜਿਆ ਹੋਇਆ ਜਵਾਬ ਅਦਾਲਤ ਵਿਚ ਪੇਸ਼ ਕੀਤਾ ਹੈ ਅਤੇ ਪੁਲਸ ਨੇ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਮਾਣਯੋਗ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ ਹੈ। ਇਸ ਮੌਕੇ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਕਿਹਾ ਕਿ ਮੁਲਜ਼ਮਾਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ ਅਤੇ ਥਾਣਾ ਅਜਨਾਲਾ 2023 ਫਰਵਰੀ ’ਚ ਕੀਤੇ ਗਏ ਹਮਲੇ ਸੰਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।