ਬਲਾਕ ਅਜਨਾਲਾ ਅਧੀਨ ਆਉਂਦੇ ਪਿੰਡਾਂ ਦੀ ਪੰਚਾਇਤੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ
Sunday, Jul 27, 2025 - 10:36 PM (IST)

ਅਜਨਾਲਾ (ਫਰਿਆਦ) ਰਾਜ ਚੋਣ ਕਮਿਸ਼ਨ ਪੰਜਾਬ ਦੇ ਹੁਕਮਾਂ ਤਹਿਤ ਸੂਬੇ ਦੇ ਬਾਕੀ ਪਿੰਡਾਂ ਵਾਂਗ ਬਲਾਕ ਅਜਨਾਲਾ ਅਧੀਨ ਆਉਂਦੇ ਪਿੰਡ ਚੱਕ ਬਾਲਾ, ਵੱਡਾ ਚੱਕ ਡੋਗਰਾਂ, ਬਸਤੀ ਡੱਬਰ ਤੇ ਡਿਆਲ ਭੱਟੀ ਵਿਖੇ ਚੋਣ ਅਫਸਰ ਕਮ- ਐੱਸ.ਡੀ.ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਵੱਲੋਂ ਕੀਤੇ ਗਏ ਪੁਖਤਾ ਚੋਣ ਤੇ ਸੁਰੱਖਿਆ ਪ੍ਰਬੰਧਾਂ ਸਦਕਾ ਪੰਚਾਇਤੀ ਉਪ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਮੁਕੰਮਲ ਹੋ ਗਈ। ਇਸ ਸਬੰਧੀ ਚੋਣ ਅਫਸਰ ਐੱਸ.ਡੀ.ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਚੱਕ ਫੂਲਾ ਦੀ ਗ੍ਰਾਮ ਪੰਚਾਇਤ ਦੀ ਹੋਈ ਚੋਣ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸੁਖਜੀਤ ਕੌਰ ਪਤਨੀ ਚਰਨਜੀਤ ਸਿੰਘ ਆਪਣੀ ਨਿਕਟ ਵਿਰੋਧੀ ਉਮੀਦਵਾਰ ਜਸਬੀਰ ਕੌਰ ਨੂੰ 72 ਵੋਟਾਂ ਨਾਲ ਮਾਤ ਦੇ ਕੇ ਸਰਪੰਚ ਚੁਣੀ ਗਈ, ਜਦੋਂਕਿ ਉਕਤ ਨਵੀਂ ਚੁਣੀ ਸਰਪੰਚ ਸੁਖਜੀਤ ਕੌਰ ਦੀ ਧਿਰ ਨਾਲ ਸਬੰਧਿਤ ਹਰਮਨਜੀਤ ਸਿੰਘ ਤੇ ਰਾਜਬੀਰ ਸਿੰਘ ਕ੍ਰਮਵਾਰ ਮੈਂਬਰ ਪੰਚਾਇਤ ਵਜੋਂ ਜੇਤੂ ਰਹੇ, ਉਧਰ ਇਸੇ ਪਿੰਡ ਦੀ ਬੀਬੀ ਜਸਬੀਰ ਕੌਰ ਵਾਲੀ ਧਿਰ ਦੀ ਬੀਬੀ ਬੀਰੋ ਤੇ ਹਰਦੀਪ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਮੈਂਬਰ ਪੰਚਾਇਤ ਚੁਣੇ ਗਏ ।
ਇਸੇ ਤਰ੍ਹਾਂ ਪਿੰਡ ਵੱਡਾ ਚੱਕ ਡੋਗਰਾਂ 'ਚ ਵਾਰਡ ਨੰਬਰ 02 ਵਿਖੇ 'ਆਪ' ਨਾਲ ਸਬੰਧਿਤ ਪੰਚ ਦੇ ਉਮੀਦਵਾਰ ਗਗਨਦੀਪ ਕੌਰ ਤੇ ਵਾਰਡ ਨੰਬਰ 03 ਤੋਂ ਪੂਰਨ ਸਿੰਘ ਆਪਣੇ ਨਿਕਟ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਰਹੇ ।ਇੱਥੇ ਦੱਸਣਯੋਗ ਹੈ ਕਿ ਉਕਤ ਪਿੰਡ ਦੇ 3 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਸਨ । ਇਸ ਤੋਂ ਇਲਾਵਾ ਪਿੰਡ ਡੱਬਰ ਬਸਤੀ 'ਚ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਬਲਵਿੰਦਰ ਕੌਰ ਨੇ ਆਪਣੀ ਵਿਰੋਧੀ ਉਮੀਦਵਾਰ ਮਨਜੀਤ ਕੌਰ ਨੂੰ 64 ਵੋਟਾਂ ਨਾਲ ਹਰਾ ਕੇ ਸਰਪੰਚ ਚੁਣੀ ਗਈ । ਜਦੋਂਕਿ ਪਿੰਡ ਡਿਆਲ ਭੱਟੀ ਵਿਖੇ ਖਬਰ ਲਿਖੇ ਜਾਣ ਤੱਕ ਵੋਟਾਂ ਪੈ ਰਹੀਆਂ ਸਨ ।