ਸਿੱਖਿਆ ਕ੍ਰਾਂਤੀ’ ਦੇ ਦਾਅਵੇ ਖੋਖਲੇ, ਪੰਜਾਬ ਦੇ ਸਰਕਾਰੀ ਸਕੂਲਾਂ ''ਚ 1,153 ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ

Wednesday, Oct 28, 2026 - 12:56 AM (IST)

ਸਿੱਖਿਆ ਕ੍ਰਾਂਤੀ’ ਦੇ ਦਾਅਵੇ ਖੋਖਲੇ, ਪੰਜਾਬ ਦੇ ਸਰਕਾਰੀ ਸਕੂਲਾਂ ''ਚ 1,153 ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ

ਅੰਮ੍ਰਿਤਸਰ (ਅੰਕੁਰ) : ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਨਾਮ ’ਤੇ ਕੀਤੇ ਜਾ ਰਹੇ ਸਮਾਗਮਾਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਸੂਬੇ ਦੇ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹਨ ਤੇ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਪ੍ਰਬੰਧ ਪ੍ਰਭਾਵਿਤ ਹੋ ਰਿਹਾ ਹੈ ਤਾਂ ਅਜਿਹੇ ਸਮਾਗਮ ਸਰਕਾਰ ਦੀਆਂ ਤਰਜੀਹਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਸ਼ਵੇਤ ਮਲਿਕ ਨੇ ਕਿਹਾ ਕਿ ਸਰਕਾਰੀ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ ਮਨਜ਼ੂਰਸ਼ੁਦਾ 1,927 ਅਸਾਮੀਆਂ ’ਚੋਂ 1,153 ਖਾਲੀ ਪਈਆਂ ਹਨ। 

ਇਸ ਦਾ ਮਤਲਬ ਹੈ ਕਿ ਲਗਭਗ 60 ਫ਼ੀਸਦੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰੀਆਂ ਨਹੀਂ ਗਈਆਂ। ਅਜਿਹੀ ਸਥਿਤੀ ’ਚ ਸਰਕਾਰ ਵੱਲੋਂ ਸਿੱਖਿਆ ਖੇਤਰ ’ਚ ਵੱਡੀਆਂ ਤਬਦੀਲੀਆਂ ਦੇ ਦਾਅਵੇ ਕਰਨਾ ਹਕੀਕਤ ਤੋਂ ਮੂੰਹ ਮੋੜਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਸਮਾਗਮ ਦਾ ਅਧਿਆਪਕਾਂ ਦੀਆਂ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਹਨ, ਅਧਿਆਪਕ ਜਥੇਬੰਦੀਆਂ ਵੱਲੋਂ ਮੀਡੀਆ ਨੂੰ ਦਿੱਤੇ ਗਏ ਡਾਟਾ ਮੁਤਾਬਕ ਨਵਾਂਸ਼ਹਿਰ ਦੇ ਲਗਭਗ 60 ਫ਼ੀਸਦੀ ਸਕੂਲਾਂ ऑਚ ਪ੍ਰਿੰਸੀਪਲ ਨਹੀਂ ਹਨ ਜਦਕਿ ਜਲੰਧਰ ਤੇ ਕਪੂਰਥਲਾ ’ਚ ਇਹ ਅੰਕੜਾ ਲਗਭਗ 70 ਫ਼ੀਸਦੀ ਹੈ। ਹੁਸ਼ਿਆਰਪੁਰ ’ਚ ਵੀ 52 ਫ਼ੀਸਦੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਸ਼ਵੇਤ ਮਲਿਕ ਨੇ ਕਿਹਾ ਕਿ ਪ੍ਰਿੰਸੀਪਲ ਕਿਸੇ ਵੀ ਸਕੂਲ ਦੇ ਪ੍ਰਬੰਧ, ਅਧਿਆਪਕਾਂ ਦੀ ਕਾਰਗੁਜ਼ਾਰੀ ਤੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਬਿਹਤਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਸਕੂਲਾਂ ’ਚ ਅਗਵਾਈ ਕਰਨ ਵਾਲੇ ਅਧਿਕਾਰੀ ਹੀ ਮੌਜੂਦ ਨਹੀਂ ਹੋਣਗੇ, ਤਾਂ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਕਿਵੇਂ ਹੋਵੇਗਾ? ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ਼ਤਿਹਾਰਬਾਜ਼ੀ ਤੇ ਸਮਾਗਮਾਂ ’ਤੇ ਧਿਆਨ ਦੇਣ ਦੀ ਬਜਾਏ ਸਕੂਲਾਂ ’ਚ ਖਾਲੀ ਅਸਾਮੀਆਂ ਭਰਨ ਨੂੰ ਪਹਿਲ ਦੇਵੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਗ਼ੈਰ-ਵਿੱਦਿਅਕ ਕੰਮਾਂ ਤੇ ਵਾਧੂ ਜ਼ਿੰਮੇਵਾਰੀਆਂ ’ਚ ਉਲਝਾਉਣ ਦੀ ਬਜਾਏ ਉਨ੍ਹਾਂ ਨੂੰ ਪੜ੍ਹਾਉਣ ਲਈ ਲੋੜੀਂਦਾ ਸਮਾਂ ਤੇ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।


author

Inder Prajapati

Content Editor

Related News