ਅਮਰੀਕਾ ’ਚ ਸਭ ਤੋਂ ਵੱਡਾ ਸਾਈਬਰ ਹਮਲਾ, ਇਕੱਠੇ 250 ਹਸਪਤਾਲਾਂ ਨੂੰ ਬਣਾਇਆ ਸ਼ਿਕਾਰ

09/29/2020 3:28:23 PM

ਵਾਸ਼ਿੰਗਟਨ– ਅਮਰੀਕਾ ’ਚ ਸੋਮਵਾਰ ਨੂੰ ਇਕ ਪ੍ਰਮੁੱਖ ਹਸਪਤਾਲ ਲੜੀ ਦੇ ਸਾਰੇ ਹਸਪਤਾਲਾਂ ਦੀਆਂ ਕੰਪਿਊਟਰ ਪ੍ਰਣਾਲੀਆਂ ਠੱਪ ਪੈ ਗਈਆਂ, ਜਿਸ ਨੂੰ ਕੰਪਨੀ ਨੇ ਤਕਨੀਕ ਨਾਲ ਜੁੜੀ ਸੁਰੱਖਿਆ ਸਮੱਸਿਆ ਕਰਾਰ ਦਿੱਤਾ। ਇਸ ਦੌਰਾਨ ਸਾਰੇ ਡਾਕਟਰਾਂ ਅਤੇ ਨਰਸਾਂ ਨੂੰ ਆਨਲਾਈਨ ਦੀ ਥਾਂ ਹਰ ਕੰਮ ਲਈ ਕਾਗਜ਼ਾਂ ਦਾ ਇਸਤੇਮਾਲ ਕਰਨਾ ਪਿਆ। 

ਯੂਨੀਵਰਸਲ ਹੈਲਥ ਸਰਵਿਸਿਜ਼ ਇੰਕ ਦੇ ਅਮਰੀਕਾ ’ਚ 250 ਤੋਂ ਜ਼ਿਆਦਾ ਹਸਪਤਾਲ ਅਤੇ ਸਿਹਤ ਕੇਂਦਰ ਹਨ। ਉਸ ਨੇ ਆਪਣੀ ਵੈੱਬਸਾਈਟ ’ਤੇ ਸੋਮਵਾਰ ਨੂੰ ਇਕ ਸੰਖੇਪ ਬਿਆਨ ’ਚ ਕਿਹਾ ਕਿ ਉਸ ਦਾ ਨੈੱਟਵਰਕ ਆਫਲਾਈਨ ਹੈ, ਡਾਕਟਰ ਅਤੇ ਨਰਸਾਂ ਕਾਗਜ਼ ਸਮੇਤ ਹੋਰ ਸ੍ਰੋਤਾਂ ਦਾ ਇਸਤੇਮਾਲ ਕਰਕੇ ਕੰਮ ਕਰ ਰਹੇ ਹਨ। ਫਿਲਹਾਲ ਹੈਕਰਾਂ ਦੀ ਮੰਗ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। 

ਉਥੇ ਹੀ ‘ਫਾਰਚੂਨ 500’ ਕੰਪਨੀ ਨੇ ਕਿਹਾ ਕਿ ਮਰੀਜ਼ਾਂ ਦਾ ਇਲਾਜ ਜਾਰੀ ਹੈ। ਕਿਸੇ ਮਰੀਜ ਦੀ ਜਾਣਕਾਰੀ ਨੂੰ ਕਾਪੀ ਕੀਤੇ ਜਾਣ ਜਾਂ ਉਸ ਦਾ ਗਲਤ ਇਸਤੇਮਾਲ ਕੀਤੇ ਜਾਣ ਦਾ ਕੋਈ ਸੰਕੇਤ ਨਹੀਂ ਹੈ। ਕੰਪਨੀ ’ਚ ਕਰੀਬ 90 ਹਜ਼ਾਰ ਕਾਮੇਂ ਹਨ। ਇਸ ਵਿਚਕਾਰ ਅਮੈਰੀਕਨ ਹਸਪਤਾਲ ਐਸੋਸੀਏਸ਼ਨ ਦੇ ਸੀਨੀਅਰ ਸਾਈਬਰ ਸੁਰੱਖਿਆ ਸਲਾਹਕਾਰ ਜਾਨ ਰਿੱਗੀ ਨੇ ਇਸ ਨੂੰ ‘ਸ਼ੱਕੀ ਰੈਨਸਮਵੇਅਰ ਹਮਲਾ’ ਦੱਸਿਆ। 

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੌਰਾਨ ਅਪਰਾਧੀ ਸਿਹਤ ਦੇਖ-ਭਾਲ ਸੰਸਥਾਨਾਂ ਦੇ ਨੈੱਟਵਰਕ ਨੂੰ ਤੇਜ਼ੀ ਨਾਲ ਨਿਸ਼ਾਨਾ ਬਣਾ ਰਹੇ ਹਨ। ‘ਰੈਨਸਮਵੇਅਰ’ ਇਕ ਤਰ੍ਹਾਂ ਦਾ ਸਾਫਟਵੇਅਰ ਹੈ, ਜਿਸ ਰਾਹੀਂ ਹੈਕਰ ਡਾਟਾ ਚੋਰੀ ਕਰ ਲੈਂਦੇ ਹਨ ਅਤੇ ਫਿਰ ਉਸ ਨੂੰ ਵਾਪਸ ਦੇਣ ਲਈ ਪੈਸੇ ਮੰਗਦੇ ਹਨ। ਸਾਈਬਰ ਸੁਰੱਖਿਆ ਕੰਪਨੀ ‘ਐੱਮ ਸਾਫਟ’ ਦੁਆਰਾ ਤਿਆਰ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ ਸਾਲ ਅਮਰੀਕਾ ’ਚ 764 ਸਿਹਤ ਸੇਵਾ ਪ੍ਰਦਾਤਾ ‘ਰੈਨਸਮਵੇਅਰ’ ਦਾ ਸ਼ਿਕਾਰ ਹੋਏ ਸਨ। 


Rakesh

Content Editor

Related News