ਜਾਣੋ ਟਰੰਪ ਨੂੰ ਨੋਬਲ ਪੁਰਸਕਾਰ ਲਈ ਕਿਸ ਨੇ, ਕਿਉਂ ਤੇ ਕਿਵੇਂ ਕੀਤਾ ਨਾਮਜ਼ਦ

09/10/2020 6:34:06 PM

ਵਾਸ਼ਿੰਗਟਨ (ਰਮਨਦੀਪ ਸਿੰਘ ਸੋਢੀ): ਤੁਸੀਂ ਬੀਤੇ ਦਿਨ ਤੋਂ ਇਹ ਖ਼ਬਰ ਸੁਣ ਰਹੇ ਹੋਵੋਗੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਲਈ ਨਾਮਜ਼ਦ ਕੀਤਾ ਗਿਆ ਹੈ। ਅਜਿਹੇ ਵਿਚ ਇਹ ਜਾਣਨਾ ਲਾਜ਼ਮੀ ਬਣਦਾ ਹੈ ਕਿ ਨੋਬਲ ਪੁਰਸਕਾਰ ਕੀ ਹੈ? ਇਹ ਕਿਸ ਨੂੰ ਤੇ ਕਿਉਂ ਦਿੱਤਾ ਜਾਂਦਾ ਹੈ? ਇਸ ਲਈ ਕਿਸੇ ਵਿਅਕਤੀ ਦੇ ਨਾਮ ਦੀ ਸਿਫਾਰਿਸ਼ ਕਿਵੇਂ ਤੇ ਕੌਣ ਕਰਦਾ ਹੈ? ਤੇ ਕਿਸ ਵੱਲੋਂ ਇਹ ਦਿੱਤਾ ਜਾਂਦਾ ਹੈ? 

ਟਰੰਪ ਦਾ ਨਾਮ ਹੀ ਕਿਉਂ? 

ਦਰਅਸਲ ਤੁਹਾਨੂੰ ਪਤਾ ਹੋਵੇਗਾ ਕਿ ਬੀਤੇ ਲੰਬੇ ਸਮੇਂ ਤੋਂ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਇਲ ਦੇ ਆਪਸੀ ਸੰਬੰਧ ਬਹੁਤੇ ਚੰਗੇ ਨਹੀਂ ਹਨ। ਅਜਿਹੇ ਵਿਚ ਟਰੰਪ ਨੇ ਵਿਚੋਲਾ ਬਣ ਕੇ ਦੋਨਾਂ ਮੁਲਕਾਂ ਦਾ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਕ, ਇਜ਼ਰਾਇਲ ਵੀ ਵਿਵਾਦਿਤ ਫ਼ੈਸਲਿਆਂ ਤੋਂ ਪਿੱਛੇ ਹਟਣ ਲਈ ਮੰਨ ਗਿਆ ਹੈ ਤੇ 15 ਸਤੰਬਰ ਨੂੰ ਦੋਨਾਂ ਮੁਲਕਾਂ ਦਰਮਿਆਨ ਅਮਰੀਕਾ ਦੇ ਵ੍ਹਾਈਟ ਹਾਊਸ ਵਿਖੇ ਸ਼ਾਂਤੀ ਸਮਝੌਤਾ ਹੋਣ ਜਾ ਰਿਹਾ ਹੈ।ਅਜਿਹੇ ਵਿਚ UAE ਗਲਫ ਮੁਲਕਾਂ ਵਿਚੋਂ ਪਹਿਲਾ ਅਜਿਹਾ ਮੁਲਕ ਬਣ ਜਾਵੇਗਾ ਜਿਸ ਦੇ ਇਜ਼ਰਾਇਲ ਨਾਲ ਸਿੱਧੇ ਡਿਪਲੋਮੈਟਿਕ ਸੰਬੰਧ ਹੋਣਗੇ। ਇਸ ਲਈ ਟਰੰਪ ਨੂੰ ਸ਼ਾਂਤੀ ਕਾਇਮ ਕਰਨ ਵਾਲੀ ਸ਼ਖ਼ਸੀਅਤ ਮੰਨਦੇ ਹੋਏ ਕ੍ਰਿਸ਼ਚਨ ਟਿਬਰਿੰਗ ਜੈਦੇ ਨਾਮ ਦੇ ਨੋਵਜੇਰੀਅਨ ਪਾਰਲੀਮੈਂਟੇਰੀਅਨ ਵੱਲੋਂ NATO ਯਾਨਿ ਕਿ ਨਾਰਥਆਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਕੋਲ ਉਸ ਦਾ ਨਾਮ ਦਰਜ ਕਰਵਾਇਆ ਗਿਆ ਹੈ।

ਨੈਟੋ ਨੂੰ ਉਹੀ ਮੁਲਕ ਸਿਫਾਰਿਸ਼ ਕਰ ਸਕਦੇ ਹਨ ਜੋ ਇਸ ਦੇ ਮੈਂਬਰ ਹੋਣ। ਹਾਲਾਂਕਿ ਨੋਵਜੇਰੀਅਨ ਪਾਰਲੀਮੈਂਟੇਰੀਅਨ ਵੱਲੋਂ ਕਮੇਟੀ ਨੂੰ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਟਰੰਪ ਦੇ ਕੋਈ ਵੱਡੇ ਸਮਰਥਕ ਨਹੀਂ ਹਨ ਪਰ ਉਹ ਹਾਲ ਹੀ ਵਿਚ ਟਰੰਪ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕਰਦੇ ਹਨ ਪਰ ਕਮੇਟੀ ਆਪਣੇ ਮਾਪਦੰਡਾਂ ਦਾ ਪੂਰਾ ਧਿਆਨ ਰੱਖੇ।ਡੋਨਾਲਡ ਟਰੰਪ ਨੂੰ ਇਸ ਤੋ ਪਹਿਲਾਂ ਵੀ ਟਿਬਰੰਗ ਜੈਦੇ ਵੱਲੋਂ 2018 ਵਿਚ ਨਾਮਜ਼ਦ ਕੀਤਾ ਗਿਆ ਸੀ ਤੇ ਉਸ ਵੇਲੇ ਉਹਨਾਂ ਟਰੰਪ ਵੱਲੋਂ ਨਾਰਥ ਅਤੇ ਸਾਊਥ ਕੋਰੀਆ ਦਰਮਿਆਨ ਸ਼ਾਂਤੀ ਲਿਆਉਣ ਦਾ ਹਵਾਲਾ ਦਿੱਤਾ ਸੀ। ਹਾਲਾਂਕਿ ਦੋਨਾਂ ਮੁਲਕਾਂ ਦਾ ਵਿਵਾਦ ਅੱਜ ਵੀ ਬਰਕਰਾਰ ਹੈ।ਟਰੰਪ ਤੋਂ ਪਹਿਲਾਂ ਕਈ ਅਮਰੀਕੀ ਰਾਸ਼ਟਰਪਤੀ ਹਨ ਜਿੰਨਾਂ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਪਰ ਜੇਕਰ ਟਰੰਪ ਇਹ ਪੁਰਸਕਾਰ ਜਿੱਤ ਜਾਂਦੇ ਹਨ ਤਾਂ ਉਹ ਅਮਰੀਕਾ ਦੇ ਪੰਜਵੇਂ ਨੋਬਲ ਪੁਰਸਕਾਰ ਜੇਤੂ ਰਾਸ਼ਟਰਪਤੀ ਬਣ ਜਾਣਗੇ।

ਨੋਬਲ ਪੁਰਸਕਾਰ ਦੀ ਕਿਵੇਂ ਹੋਈ ਸ਼ੁਰੂਆਤ? 
ਨੋਬਲ ਪੁਰਸਕਾਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 27 ਨਵੰਬਰ 1895 ਨੂੰ ਅਲਫਰਡ ਨੋਬਲ ਨੇ ਆਪਣੀ ਵਸੀਅਤ ਦਸਤਖ਼ਤ ਕੀਤੀ ਸੀ। ਉਹਨਾਂ ਕਿਹਾ ਸੀ ਕਿ ਜੋ ਵੀ ਉਹਨਾਂ ਦਾ ਪੈਸਾ ਹੈ, ਉਸ ਦਾ ਵੱਡਾ ਹਿੱਸਾ ਉਹਨਾਂ ਨੇ ਨੋਬਲ ਪੁਰਸਕਾਰ ਨੂੰ ਬਣਾਉਣ ਤੇ ਲਗਾ ਦਿੱਤਾ ਸੀ, ਜਿਸ ਵਿੱਚ ਫਿਜ਼ਿਕਸ, ਕੈਮਿਸਟਰੀ, ਸਾਈਕਾਲੋਜੀ, ਮੈਡੀਸਨ, ਸਾਹਿਤ ਅਤੇ ਸ਼ਾਂਤੀ ਨੋਬਲ ਪੁਰਸਕਾਰ ਸ਼ਾਮਲ ਹਨ। ਹਾਲਾਂਕਿ ਇਕਨਾਮਿਕਸ ਵਾਲਾ ਨੋਬਲ ਪੁਰਸਕਾਰ ਅਲਫਰਡ ਦੀ ਯਾਦ ਵਿਚ ਬਾਅਦ ਵਿਚ ਸਥਾਪਿਤ ਕੀਤਾ ਗਿਆ। ਸੋ ਕੁੱਲ 6 ਨੋਬਲ ਪੁਰਸਕਾਰ ਹਨ ਤੇ ਹੁਣ ਤੱਕ 597 ਨੋਬਲ ਪੁਰਸਕਾਰ ਦਿੱਤੇ ਜਾ ਚੁੱਕੇ ਹਨ।

ਦੱਸ ਦਈਏ ਕਿ ਜੋ ਨੋਬਲ ਪੁਰਸਕਾਰ ਹੈ ਇਹ ਨੋਵੇਜੀਅਨ ਕਮੇਟੀ ਵੱਲੋਂ ਦਿੱਤਾ ਜਾਂਦਾ ਹੈ ਜਦਕਿ ਬਾਕੀ ਦੇ 5 ਪੁਰਸਕਾਰ ਸਵੀਡਨ ਦੀ ਕਮੇਟੀ ਵੱਲੋਂ ਦਿੱਤੇ ਜਾਂਦੇ ਹਨ।ਕਿਸੇ ਸੂਬੇ ਦਾ ਮੁਖੀ ਜਾਂ ਫਿਰ ਕਿਸੇ ਮੁਲਕ ਦਾ ਰਾਸ਼ਟਰੀ ਆਗੂ ਇਸ ਪੁਰਸਕਾਰ ਲਈ ਕਿਸੇ ਦੇ ਨਾਮ ਦੀ ਪੇਸ਼ਕਸ਼ ਕਰ ਸਕਦਾ ਹੈ।ਇਸ ਤੋਂ ਇਲਾਵਾ ਜਿੰਨਾਂ ਨੂੰ ਪਹਿਲਾਂ ਇਹ ਪੁਰਸਕਾਰ ਮਿਲ ਚੁੱਕਾ ਹੈ ਉਹ ਵੀ ਇਸ ਲਈ ਕਿਸੇ ਦੂਸਰੇ ਨੂੰ ਨਾਮਜ਼ਦ ਕਰ ਸਕਦੇ ਹਨ ਜਾਂ ਫਿਰ ਨੋਬਲ ਦੇਣ ਵਾਲੀ ਕਮੇਟੀ ਵੀ ਕਿਸੇ ਦਾ ਨਾਮ ਪੇਸ਼ ਕਰ ਸਕਦੀ ਹੈ।ਨੋਬਲ ਪੁਰਸਕਾਰ ਲਈ ਨਿਰਧਾਰਤ ਸਮਾਂ 1 ਫਰਵਰੀ ਤੱਕ ਦਾ ਹੈ। ਇਸ ਤੋਂ ਬਾਅਦ ਨਾਮਜ਼ਦਗੀ ਨਹੀਂ ਕੀਤੀ ਜਾ ਸਕਦੀ। ਇਸੇ ਲਈ ਟਰੰਪ ਨੂੰ 2021 ਲਈ ਨਾਮਜ਼ਦ ਕੀਤਾ ਗਿਆ ਹੈ। 2020 ਦਾ ਨੋਬਲ ਪੁਰਕਾਰ ਅਜੇ ਐਲਾਨ ਹੋਣਾ ਬਾਕੀ ਹੈ, ਜੋ ਨਵੰਬਰ ਨੂੰ ਕੀਤਾ ਜਾਂਦਾ ਹੈ।ਇਸ ਵਾਰ ਕੁੱਲ 318 ਲੋਕਾਂ ਦੇ ਨਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ।

 ਨਾਮਜ਼ਦਗੀ ਤੋਂ ਬਾਅਦ ਦੀ ਪ੍ਰਕਿਰਿਆ
ਜਾਣਕਾਰੀ ਮੁਤਾਬਕ, ਨੋਬਲ ਕਮੇਟੀ ਦੇ 5 ਲੋਕਾਂ ਵੱਲੋਂ ਦਾਖ਼ਲ ਨਾਜ਼ਮਦਗੀਆਂ ਵਿਚੋਂ ਲੋਕਾਂ ਨੂੰ ਚੁਣਿਆ ਜਾਂਦਾ ਹੈ। ਹਾਲਾਂਕਿ ਇਸ ਪ੍ਰਕਿਰਿਆ ਬਾਰੇ ਜ਼ਿਆਦਾ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ ਤੇ ਤਮਾਮ ਕਾਰਵਾਈਆਂ ਨੂੰ ਗੁਪਤ ਰੱਖਿਆ ਜਾਂਦਾ ਹੈ।


ਕਿੰਨ੍ਹਾਂ ਨਾਵਾਂ ਤੇ ਹੋ ਚੁੱਕਾ ਹੈ ਵਿਵਾਦ? 
ਜਿਸ ਤਰ੍ਹਾਂ ਟਰੰਪ ਦੇ ਵਰਤਾਰੇ ਨੂੰ ਲੈ ਕੇ ਇਸ ਪੁਰਸਕਾਰ ਦੀ ਨਾਮਜ਼ਦਗੀ 'ਤੇ ਸਵਾਲ ਹੋ ਰਹੇ ਨੇ, ਇਸ ਤਰ੍ਹਾਂ ਪਹਿਲਾਂ ਵੀ ਕਈ ਨਾਮਜ਼ਦ ਹੋਣ ਵਾਲੇ ਨਾਵਾਂ 'ਤੇ ਵਿਵਾਦ ਹੋ ਚੁੱਕਾ ਹੈ। 1939 ਵਿਚ ਅਡੋਲਫ ਹਿਟਲਰ ਦੇ ਨਾਮ ਦੀ ਪੇਸ਼ਕਸ਼, ਸਵੇਦਿਸ਼ ਪਾਰਲੀਮੈਂਟ ਵੱਲੋਂ ਕੀਤੀ ਗਈ ਸੀ ਜਿਸ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ ਸੀ।ਇਸ ਤੋਂ ਇਲਾਵਾ ਜੋਸਿਫ ਸਟਾਲਨ ਨੂੰ ਵੀ ਦੋ ਵਾਰ ਨਾਮਜ਼ਦ ਕੀਤਾ ਗਿਆ ਸੀ।


ਇਹਨਾਂ ਭਾਰਤੀਆਂ ਨੂੰ ਮਿਲ ਚੁੱਕਾ ਹੈ ਨੋਬਲ ਪੁਰਸਕਾਰ

ਰਬਿੰਦਰ ਨਾਥ ਟੈਗੋਰ, ਸੀ.ਵੀ. ਰਮਨ, ਮਦਰ ਟਰੇਸਾ, ਅਮਿਤ੍ਰਯ ਸੇਨ, ਰਾਜੇਂਦਰ ਪਾਚੋਰੀ ਅਤੇ ਕੈਲਾਸ਼ ਸੱਤਿਆਰਥੀ ਨੂੰ ਵੱਖ-ਵੱਖ ਕੈਟਾਗਰੀਆਂ ਵਿਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ।ਰਬਿੰਦਰ ਨਾਥ ਟੈਗੋਰ ਨੂੰ 1913 ਵਿਚ ਸਾਹਿਤ ਦੇ ਖੇਤਰ ਵਿਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਤੇ ਉਹ ਪਹਿਲੇ ਗੈਰ ਯੂਰਪੀਅਨ ਸਨ ਜਿੰਨ੍ਹਾਂ ਨੂੰ ਇਹ ਪੁਰਸਕਾਰ ਮਿਲਿਆ ਸੀ।ਚੰਦਰਸ਼ੇਖਰੀ ਵੇਂਕਟ ਰਮਨ ਨੂੰ 1930 ਵਿਚ ਫਿਜ਼ਿਕਸ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।ਇਹਨਾਂ ਨੇ ਪ੍ਰਕਾਸ਼ ਦੀ ਗਤੀ ਤੇ ਉਸ ਦੇ ਖਿੰਡਣ ਦਾ ਅਧਿਐਨ ਕੀਤਾ ਸੀ, ਜਿਸ ਨੂੰ ਬਾਅਦ ਵਿਚ ਰਮਨ ਪ੍ਰਭਾਵ ਕਿਹਾ ਗਿਆ ਸੀ।ਇਹਨਾਂ ਨੂੰ ਆਪਣੀ ਕਾਬਲੀਅਤ 'ਤੇ ਇੰਨਾਂ ਭਰੋਸਾ ਸੀ ਕਿ ਨੋਬਲ ਪੁਰਸਕਾਰ ਮਿਲਣ ਤੋਂ ਪਹਿਲਾਂ ਹੀ ਇਹਨਾਂ ਨੇ ਸੂਟ ਸਵਾ ਲਿਆ ਸੀ।ਇਸ ਤੋਂ ਬਾਅਦ ਨਾਮ ਮਦਰ ਟਰੇਸਾ ਦਾ ਆਉਂਦਾ ਹੈ ਜੋ ਬੇਸ਼ੱਕ ਭਾਰਤੀ ਮੂਲ ਦੇ ਨਹੀਂ ਸਨ ਪਰ ਬਾਅਦ ਵਿਚ ਉਹਨਾਂ ਭਾਰਤੀ ਨਾਗਰਿਕਤਾ ਲੈ ਲਈ ਸੀ। ਉਹਨਾਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆ ਵਿਚ ਗਰੀਬਾਂ ਲਈ ਕਾਫੀ ਕੰਮ ਕੀਤਾ ਸੀ।ਮੁੱਖ ਤੌਰ 'ਤੇ ਉਹਨਾਂ ਭਾਰਤ ਦੇ ਕਲਕੱਤਾ ਵਿੱਚ ਕੰਮ ਕੀਤਾ ਸੀ।ਇਹਨਾਂ ਨੂੰ 1979 ਵਿਚ ਸ਼ਾਂਤੀ ਦਾ ਪੁਰਸਕਾਰ ਦਿੱਤਾ ਗਿਆ ਸੀ। ਅਗਲਾ ਨਾਮ ਹੈ ਅਮਿ੍ਰਤਯ ਸੇਨ, ਇਹਨਾਂ ਦਾ ਜਨਮ ਬੰਗਾਲ ਦਾ ਸੀ। 1998 ਵਿਚ ਇਹਨਾਂ ਨੂੰ ਕਲਿਆਣਕਾਰੀ ਅਰਥਸ਼ਾਸਤਰ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।ਰਾਜੇਂਦਰ ਪਾਚੋਰੀ ਨੇ ਵਾਤਾਵਰਣ ਲਈ ਕਾਫੀ ਕੰਮ ਕੀਤਾ ਸੀ ਤੇ ਉਹਨਾਂ ਨੂੰ 2007 ਵਿਚ ਸੰਯੁਕਤ ਰਾਸ਼ਟਰ ਦੀ ਜਲਵਾਯੂ ਪਰਿਵਰਤਨ ਸੰਬੰਧੀ ਕਮੇਟੀ ਦੇ ਨਾਲ ਸੰਗਠਿਤ ਤੌਰ 'ਤੇ ਨੋਬਲ ਪੁਰਸਕਾਰ ਦਿੱਤਾ ਗਿਆ ਸੀ।ਸੋ ਦੱਸਣਾ ਬਣਦਾ ਹੈ ਕਿ ਉਨ੍ਹਾਂ ਦਾ ਨੋਬਲ ਪੁਰਸਕਾਰ ਨਿੱਜੀ ਨਹੀਂ ਸੀ। ਫਿਰ 2014 ਵਿਚ ਪਾਕਿਸਤਾਨ ਦੀ ਮਲਾਲਾ ਯੂਸਫਜ਼ਈ ਦੇ ਨਾਲ ਕੈਲਾਸ਼ ਸੱਤਿਆਰਥੀ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ। ਉਹਨਾਂ ਨੇ ਬੱਚਿਆਂ ਦੇ ਵਿਕਾਸ ਅਤੇ ਸਿੱਖਿਆ ਅਧਿਕਾਰ ਲਈ ਕਾਫੀ ਕੰਮ ਕੀਤਾ ਹੈ।ਇਸ ਤੋਂ ਇਲਾਵਾ ਭਾਰਤੀ ਮੂਲ ਦੇ ਵੀ ਕਈ ਨਾਮ ਹਨ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਹੈ, ਜੋ ਬਾਅਦ ਵਿੱਚ ਕਿਸੇ ਹੋਰ ਮੁਲਕ ਵਿਚ ਜਾ ਵਸੇ।


ਕੀ ਹੈ ਨੈਟੋ  ਦਾ ਪੂਰਾ ਨਾਮ? 
ਇਹ ਨਾਰਥ ਐਂਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਹੈ, ਜਿਸ ਨੂੰ ਫਰੈਂਚ ਭਾਸ਼ਾ ਵਿਚ ਓਟੇਨ ਕਿਹਾ ਜਾਂਦਾ ਹੈ। ਇਹ ਇੱਕ ਇੰਟਰ ਗਵਰਮੈਂਟ ਮਿਲਟਰੀ ਅਲਾਇਂਸ ਯਾਨਿ ਜੋ ਵੀ ਮਿਲਟਰੀ ਸੰਗਠਨ ਇਸ ਦੇ ਮੈਂਬਰ ਹਨ, ਉਹਨਾਂ ਦਾ ਇਕ ਸੰਗਠਨ ਹੈ।ਕੁੱਲ 28 ਮੁਲਕ ਨੈਟੋ ਦੇ ਮੈਂਬਰ ਹਨ ਜਿੰਨਾਂ ਵਿਚ ਸਭ ਤੋਂ ਨਵੇਂ ਸ਼ਾਮਲ ਹੋਏ ਮੁਲਕ ਅਲਬੇਨੀਆਂ ਅਤੇ ਕਰੋਏਸ਼ੀਆ ਹਨ, ਜਿਨ੍ਹਾਂ ਨੂੰ 2009 ਵਿਚ ਸ਼ਾਮਲ ਕੀਤਾ ਗਿਆ ਹੈ।ਇਸ ਦਾ ਹੈਡਕੁਆਟਰ ਬੈਲਜ਼ੀਅਮ ਦੇ ਬ੍ਰਰਸਲਜ਼ ਵਿਖੇ ਹੈ। 1945 ਵਿਚ ਜਦੋਂ ਦੂਸਰੀ ਵਿਸ਼ਵ ਜੰਗ ਦੀ ਸਮਾਪਤੀ ਹੋਈ ਤਾਂ ਉਸ ਵੇਲੇ ਯੂ.ਕੇ., ਨੀਦਰਲੈਂਡ, ਬੈਲਜੀਅਮ, ਫਰਾਂਸ ਅਤੇ ਲਗਜ਼ਮਬਰਗ ਮੁਲਕਾਂ ਦਰਮਿਆਨ ਬ੍ਰਸਲਜ਼ ਸੰਧੀ ਹੋਈ, ਜਿਸ ਦਾ ਮਕਸਦ ਸੀ ਕਿ ਇੰਟਰ ਗਵਰਮੈਂਟ ਇਕ ਸੰਗਠਨ ਬਣਾਇਆ ਜਾਵੇ ਤਾਂ ਜੋ ਵਿਸ਼ਵ ਜੰਗ ਦੌਰਾਨ ਹੋਏ ਹਮਲਿਆਂ ਦਾ ਮਿਲਕੇ ਹੱਲ ਲੱਭਿਆ ਜਾ ਸਕੇ। ਇਸ ਤੋਂ ਬਾਅਦ 1949 ਵਿਚ ਇੱਕ ਹੋਰ ਸੰਧੀ ਹੋਈ ਜਿਸ ਤਹਿਤ ਅਮਰੀਕਾ,ਕੈਨੇਡਾ, ਇਟਲੀ, ਪੁਰਤਗਾਲ, ਡੈਨਮਾਰਕ, ਨਾਰਵੇ ਅਤੇ ਆਈਸਲੈਂਡ ਨੇ ਸ਼ਮੂਲੀਅਤ ਕੀਤੀ। ਉਸ ਤੋਂ ਬਾਅਦ ਫਿਰ ਲਗਭਗ ਯੂਰਪ ਅਮਰੀਕਾ, ਇੰਗਲੈਂਡ ਤੇ ਕੈਨੇਡਾ ਇਸ ਵਿਚ ਸ਼ਾਮਲ ਹੋ ਗਏ ਹਾਲਾਂਕਿ ਫਰਾਂਸ ਨੇ ਇੱਕ ਦਫਾ 1966 ਵਿਚ ਖੁਦ ਨੂੰ ਬਾਹਰ ਕਰ ਲਿਆ ਪਰ 2009 ਵਿਚ ਫਿਰ ਉਸ ਨੂੰ ਸ਼ਾਮਲ ਕੀਤਾ ਗਿਆ। 

ਨੈਟੋ ਦੇ ਉਦੇਸ਼
ਨੈਟੋ ਦੇ ਉਦੇਸ਼ਾਂ ਦੀ ਗੱਲ਼ ਕਰੀਏ ਤਾਂ ਇਸ ਵਿਚ ਸਭ ਤੋਂ ਪਹਿਲਾਂ ਤਾਂ ਸ਼ਾਮਲ ਮੁਲਕਾਂ ਦੀ ਆਜ਼ਾਦੀ ਅਤੇ ਸੁਰੱਖਿਆ ਦਾ ਧਿਆਨ ਰੱਖਣਾ ਹੈ।ਦੂਸਰਾ ਹੈ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਕਾਇਮ ਰੱਖਣੀ।ਤੀਸਰਾ ਯੂਰਪੀਅਨ ਤੇ ਆਟਲਾਂਟਿਕ (ਅਮਰੀਕਾ, ਕੈਨੇਡਾ ) ਮੁਲਕਾਂ ਦਰਮਿਆਨ ਸ਼ਾਂਤੀ ਤੇ ਸੁਰੱਖਿਆ ਬਣਾਉਣਾ। ਚੌਥਾ ਸੰਗਠਨਾਤਮਿਕ ਤੌਰ ਤੇ ਮੁਸੀਬਤ ਦੇ ਦੌਰ ਵਿਚ ਮੁਸ਼ਕਲਾਂ ਨਾਲ ਨੱਜਿਠਣਾ ਤੇ ਸੁਰੱਖਿਆ ਨੂੰ ਲੈ ਕੇ ਪੈਦਾ ਹੋਏ ਮਸਲੇ ਹੱਲ ਕਰਨਾ।ਆਰਮੀ ਵਿਚ ਤਕਨੀਕਾਂ ਦੀ ਨਵੀਨੀਕਰਨ ਅਤੇ ਸੰਵੇਦਨਸ਼ੀਲ ਮੁੱਦਿਆਂ ਦਾ ਹੱਲ਼ ਕਰਨਾ।ਕੋਸ਼ਿਸ਼ ਕਰਨਾ ਕਿ ਮਸਲਿਆਂ ਦਾ ਹੱਲ ਸੰਵਾਦ ਨਾਲ ਹੋ ਜਾਵੇ ਨਾ ਕਿ ਮਿਲਟਰੀ ਦੀ ਵਰਤੋਂ ਕਰਨੀ।ਕਹਿਣ ਦਾ ਭਾਵ ਕਿ ਮਿਲਟਰੀ ਐਕਸ਼ਨ ਵਾਲੇ ਤਮਾਮ ਮਸਲੇ ਨੈਟੋ ਦੇ ਮੈਂਬਰਾਂ ਦੁਆਰਾ ਸੁਲਝਾਏ ਜਾਂਦੇ ਹਨ।

ਨੋਬਲ ਪੁਰਸਕਾਰ ਦੁਨੀਆ ਦਾ ਸਭ ਤੋ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। ਵੱਖ-ਵੱਖ ਖੇਤਰਾਂ ਵਿਚ ਚੰਗਾ ਕੰਮ ਕਰਨ ਵਾਲੇ ਤੇ ਸ਼ਾਂਤੀ ਲਈ ਖ਼ਾਸ ਕਦਮ ਚੁੱਕਣ ਵਾਲੇ ਵਿਅਕਤੀਆਂ ਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ।ਇਸ ਦੀਆਂ ਕੁੱਲ 6 ਕੈਟਾਗਰੀਆਂ ਹਨ। ਹਾਲਾਂਕਿ ਐਲਫਰਡ ਨੋਬਲ ਨੇ ਵਿਸਫੋਟਕ ਬੰਬ ਤਿਆਰ ਕੀਤਾ ਸੀ ਜੋ ਪਹਾੜਾਂ ਨੂੰ ਤੋੜਨ ਲਈ ਕੰਮ ਆਉਂਦਾ ਸੀ, ਇਸ ਦਾ ਪ੍ਰਯੋਗ ਜੰਗਾਂ ਵਿਚ ਵੀ ਹੋਣ ਲੱਗਾ ਜਿਸ ਕਰਕੇ ਅਲਫਰਡ ਨੂੰ ਲੋਕ ਮੌਤ ਦਾ ਸੌਦਾਗਰ ਕਹਿਣ ਲੱਗੇ। ਅਲਫਰਡ ਨੂੰ ਇਸ ਗੱਲ ਦਾ ਬੜਾ ਅਫਸੋਸ ਸੀ ਤੇ ਉਹ ਆਪਣਾ ਨਾਮ ਸੁਧਾਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਆਪਣੀ ਸਾਰੀ ਪ੍ਰਾਪਰਟੀ ਉਹਨਾਂ ਲੋਕਾਂ ਦੇ ਨਾਮ ਕਰ ਦਿੱਤੀ ਜੋ ਚੰਗੇ ਖੇਤਰਾਂ ਵਿਚ ਕੰਮ ਕਰਦੇ ਹਨ, ਜਿਸ ਤੋਂ ਬਾਅਦ ਨੋਬਲ ਪੁਰਸਕਾਰ ਸ਼ੁਰੂ ਹੋਇਆ।


Vandana

Content Editor

Related News