ਭਾਰਤ ਨੂੰ ਵੱਧ ਕੋਵਿਡ-19 ਟੀਕੇ ਨਾ ਭੇਜਣ ''ਤੇ ਬਾਈਡੇਨ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ
Sunday, Apr 25, 2021 - 07:20 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤ ਜਦੋਂ ਆਪਣੇ ਸਭ ਤੋਂ ਬੁਰੇ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਦੋਂ ਅਜਿਹੇ ਸਮੇਂ ਵਿਚ ਉਸ ਨੂੰ ਵਾਧੂ ਕੋਵਿਡ-19 ਟੀਕੇ ਨਾ ਭੇਜਣ 'ਤੇ ਬਾਈਡੇਨ ਪ੍ਰਸ਼ਾਸਨ ਕਈ ਵਰਗਾਂ ਦੀ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਆਲਚੋਨਾ ਕਰਨ ਵਾਲਿਆਂ ਵਿਚ ਡੈਮੋਕ੍ਰੈਟਿਕ ਪਾਰਟੀ ਦੇ ਮੈਂਬਰ ਅਤੇ ਸਮਰਥਕ ਵੀ ਸ਼ਾਮਲ ਹਨ। ਭਾਰਤੀ-ਅਮਰੀਕੀ ਸਾਂਸਦ ਰਾਜਾ ਕ੍ਰਿਸ਼ਨਾਮੂਰਤੀ ਨੇ ਬਾਈਡੇਨ ਪ੍ਰਸ਼ਾਸਨ ਤੋਂ ਉਹਨਾਂ ਦੇਸ਼ਾਂ ਲਈ ਐਸਟ੍ਰਾਜ਼ੈਨੇਕਾ ਟੀਕੇ ਦੀਆਂ ਖੁਰਾਕਾਂ ਦੇਣ ਦੀ ਅਪੀਲ ਕੀਤੀ ਹੈ ਜੋ ਫਿਲਹਾਲ ਕੋਵਿਡ-19 ਦੇ ਜਾਨਲੇਵਾ ਰੂਪ ਦੇ ਵੱਧਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।
ਉਹਨਾਂ ਨੇ ਕਿਹਾ,''ਜਦੋਂ ਭਾਰਤ ਅਤੇ ਦੂਜੀਆਂ ਥਾਵਾਂ 'ਤੇ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਲੋੜ ਹੈ ਉਦੋਂ ਅਸੀਂ ਟੀਕਿਆਂ ਨੂੰ ਗੋਦਾਮ ਵਿਚ ਇੰਝ ਨਹੀਂ ਰੱਖ ਸਕਦੇ। ਸਾਨੂੰ ਉਹਨਾਂ ਨੂੰ ਉੱਥੇ ਪਹੁੰਚਾਉਣਾਹੋਵਗਾ ਜਿੱਥੇ ਉਹਨਾਂ ਨਾਲ ਜਾਨਾਂ ਬਚ ਸਕਦੀਆਂ ਹਨ।'' ਉਹਨਾਂ ਨੇ ਕਿਹਾ,'' ਅਮਰੀਕਾ ਦੇ ਭੰਡਾਰ ਵਿਚ ਸਾਡੇ ਕੋਲ ਐਸਟ੍ਰਾਜ਼ੈਨੇਕਾ ਟੀਕੇ ਦੀਆਂ ਕਰੀਬ 4 ਕਰੋੜ ਖੁਰਾਕਾਂ ਪਈਆਂ ਹਨ। ਅਜਿਹਾ ਭੰਡਾਰ ਜਿਸ ਦੀ ਵਰਤੋਂ ਅਸੀਂ ਨਹੀਂ ਕਰ ਰਹੇ ਹਾਂ ਅਤੇ ਜੋ ਅਸੀਂ ਮੈਕਸੀਕੋ ਅਤੇ ਕੈਨੇਡਾ ਵਿਚ ਕੋਵਿਡ-19 ਨਾਲ ਲੜਨ ਲਈ ਪਹਿਲਾਂ ਹੀ ਖੋਲ੍ਹ ਦਿੱਤਾ ਹੈ।'' ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਜਨ ਸਿਹਤ ਤੇ ਸਾਡੀ ਅੰਤਰਰਾਸ਼ਟਰੀ ਅਰਥਵਿਵਸਥਾ ਨੂੰ ਬਚਾਉਣ ਲਈ ਅਮਰੀਕਾ ਨੂੰ ਇਹਨਾਂ ਟੀਕਿਆਂ ਨੂੰ ਬਾਹਰ ਭੇਜਣ ਦੀ ਲੋੜ ਹੈ।
ਉਹਨਾਂ ਨੇ ਕਿਹਾ,''ਮੈਂ ਪੂਰੇ ਸਨਮਾਨ ਪਰ ਦ੍ਰਿੜ੍ਹਤਾ ਨਾਲ ਬਾਈਡੇਨ ਪ੍ਰਸਾਸਨ ਨੂੰ ਐਸਟ੍ਰਾਜ਼ੈਨੇਕਾ ਦੀਆਂ ਲੱਖਾਂ ਖੁਰਾਕਾਂ ਨੂੰ ਕੋਵਿਡ-19 ਤੋਂ ਪ੍ਰਭਾਵਿਤ ਦੇਸ਼ਾਂ ਨੂੰ ਭੇਜਣ ਦੀ ਅਪੀਲ ਕਰਦਾ ਹਾਂ ਜਿਹਨਾਂ ਵਿਚ ਭਾਰਤ, ਅਰਜਨਟੀਨਾ ਅਤੇ ਸੰਭਵ ਤੌਰ 'ਤੇ ਹੋਰ ਦੇਸ਼ ਸ਼ਾਮਲ ਹਨ।'' ਸ਼ਨੀਵਾਰ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੇ 3,46,786 ਮਾਮਲੇ ਸਾਹਮਣੇ ਆਉਣ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲੇ 1,66,10,481 ਹੋ ਗਏ ਜਦਕਿ 25 ਲੱਖ ਤੋਂ ਵੱਧ ਮਰੀਜ਼ ਹਾਲੇ ਵੀ ਇਨਫੈਕਸ਼ਨ ਦੀ ਚਪੇਟ ਵਿਚ ਹਨ। ਬਰੂਕਿੰਗਜ਼ ਇੰਸਟੀਚਿਊਟ ਦੀ ਤਨਵੀ ਮਦਾਨ ਨੇ ਇਕ ਟਵੀਟ ਵਿਚ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਪਿਛਲੇ ਕੁਝ ਮਹੀਨਿਆਂ ਵਿਚ ਬਣਾਈ ਸਾਖ ਨੂੰ ਗਵਾ ਰਿਹਾ ਹੈ। ਮਦਾਨ ਨੇ ਕਿਹਾ,''ਭਾਰਤ ਦੇ ਲੋਕਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਈਰਾਨੀ ਵਿਦੇਸ਼ ਮਤਰੀ ਦੇ ਟਵੀਟ ਦੇਖੇ ਹਨ। ਰੂਸ ਅਤੇ ਚੀਨ ਤੋਂ ਮਦਦ ਦੀ ਪੇਸ਼ਕਸ਼ ਦੇਖੀ ਹੈ। ਅਜਿਹੇ ਦੇਸ਼ ਵੀ, ਜਿਸ ਨਾਲ ਉਹਨਾਂ ਦੀ ਦੁਸ਼ਮਣੀ ਹੈ ਪਰ ਉਸ ਨੂੰ ਅਮਰੀਕਾ ਦੇ ਕਿਸੇ ਸੀਨੀਅਰ ਅਧਿਕਾਰੀ ਵੱਲੋਂ ਕੋਈ ਪੇਸ਼ਕਸ਼ ਨਹੀਂ ਮਿਲੀ ਹੈ। ਬਾਈਡੇਨ ਪ੍ਰਸ਼ਾਸਨ ਪਿਛਲੇ ਕੁਝ ਮਹੀਨਿਆਂ ਵਿਚ ਹਾਸਲ ਸਾਖ ਨੂੰ ਗਵਾ ਰਿਹਾ ਹੈ।''
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਮਹਾਮਾਰੀ ਦੌਰਾਨ ਸਹਾਇਤਾ ਵਜੋਂ ਭਾਰਤ ਭੇਜ ਸਕਦਾ ਹੈ ਵੈਂਟੀਲੇਟਰ : ਬੋਰਿਸ ਜਾਨਸਨ
ਬਾਈਡੇਨ ਦੀਆਂ ਰਾਸ਼ਟਰਪਤੀ ਚੋਣ ਮੁਹਿੰਮ ਦਾ ਹਿੱਸਾ ਰਹੀ ਭਾਰਤੀ-ਅਮਰੀਕੀ ਸੋਨਲ ਸ਼ਾਹ ਨੇ ਕਿਹਾ ਕਿ ਉਹਨਾਂ ਨੇ ਭਾਰਤ ਵਿਚ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਗਵਾ ਦਿੱਤਾ ਹੈ। ਸ਼ਾਹ ਨੇ ਕਿਹਾ,''ਭਾਰਤ ਵਿਚ ਕੋਵਿਡ ਸੰਕਟ ਬਹੁਤ ਭਿਆਨਕ ਹੈ ਅਤੇ ਜੇਕਰ ਇਹ ਇਸ ਨਾਲੋਂ ਵੀ ਜ਼ਿਆਦਾ ਭਿਆਨਕ ਹੋਇਆ ਤਾਂ ਇਹ ਇਕ ਮਨੁੱਖੀ ਸੰਕਟ ਬਣ ਜਾਵੇਗਾ। ਸਾਡੀ ਸਰਕਾਰ ਨੂੰ ਕੁਝ ਕਰਨ ਦੀ ਲੋੜ ਹੈ। ਇਹ ਬਹੁਤ ਜਲਦੀ ਹੋਰ ਦੇਸ਼ਾਂ ਵਿਚ ਵੀ ਫੈਲ ਜਾਵੇਗਾ।'' ਹੈਰੀਟੇਜ ਫਾਊਂਡੇਸ਼ਨ ਥਿੰਕ ਟੈਕ ਦੇ ਜੇਫ ਐਮ ਸਮਿਥ ਨੇ ਕਿਹਾ ਕਿ ਇਹ ਯਾਦ ਕਰਨਾ ਜ਼ਰੂਰੀ ਹੈ ਕਿ ਜਦੋਂ ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸੇ 2020 ਦੇ ਅਖੀਰ ਵਿਚ ਜਨ ਸਿਹਤ ਆਫਤ ਦਾ ਸਾਹਮਣਾ ਕਰ ਰਹੇ ਸਨ ਉਦੋਂ ਭਾਰਤ ਸਰਕਾਰ ਨੇ ਘਰੇਲੂ ਪੱਧਰ 'ਤੇ ਸਾਰੀਆਂ ਆਲੋਚਨਾਵਾਂ ਝੱਲਣ ਦੇ ਬਾਵਜੂਦ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਤੋਂ ਨਿਰਯਾਤ ਪਾਬੰਦੀ ਹਟਾ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ 'ਅੰਜਾਕ' ਦਿਵਸ ਮੌਕੇ ਸ਼ਹੀਦਾਂ ਨੂੰ ਕੀਤਾ ਯਾਦ
ਅਮਰੀਕਾ ਦੇ ਇਕ ਸੀਨੀਅਰ ਜਨ ਸਿਹਤ ਮਾਹਰ ਆਸ਼ੀਸ਼ ਝਾ ਨੇ ਵਾਸ਼ਿੰਗਟਨ ਪੋਸਟ ਵਿਚ ਲਿਖਿਆ,''ਭਾਰਤ ਵਿਚ ਕੋਰੋਨਾ ਵਾਇਰਸ ਦੀ ਲਹਿਰ ਉਸ ਦੀ ਸਿਹਤ ਵਿਵਸਥਾ ਨੂੰ ਵਿਗਾੜ ਦੇਵੇਗੀ। ਅਮਰੀਕਾ ਮਦਦ ਕਰ ਸਕਦਾ ਹੈ।'' ਉਹਨਾਂ ਨੇ ਲਿਖਿਆ,''ਅਮਰੀਕਾ, ਵਿਸ਼ਵ ਦੇ ਪੁਰਾਣੇ ਲੋਕਤੰਤਰ ਦੀ ਵਾਰੀ ਹੈ ਕਿ ਉਹ ਇਸ ਪ੍ਰਮੁੱਖ ਗਲੋਬਲ ਸਹਿਯੋਗੀ ਦੀ ਮਦਦ ਲਈ ਅੱਗੇ ਆਏ।'' ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਵਿਚ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਕਿ ਉਹ ਭਾਰਤ ਵਿਚ ਵੱਧ ਰਹੇ ਸਿਹਤ ਸੰਕਟ ਤੋਂ ਬਹੁਤ ਜ਼ਿਆਦਾ ਦੁਖੀ ਹਨ।
ਨੋਟ- ਭਾਰਤ ਨੂੰ ਵੱਧ ਕੋਵਿਡ-19 ਟੀਕੇ ਨਾ ਭੇਜਣ 'ਤੇ ਬਾਈਡੇਨ ਪ੍ਰਸ਼ਾਸਨ ਦੀ ਆਲੋਚਨਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।