ਦੁਨੀਆ ਨੂੰ ਭੁੱਖਮਰੀ ਦੇ ਸੰਕਟ ’ਚੋਂ ਕੱਢਣ ਵਾਲੇ 45 ਵਿਗਿਆਨੀਆਂ ’ਚ ਸ਼ਾਮਲ ਪੰਜਾਬ ਦੇ 3 ਖੇਤੀਬਾੜੀ ਸਾਇੰਸਦਾਨ
Sunday, Aug 02, 2020 - 10:32 AM (IST)
ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਹਰੀ ਕ੍ਰਾਂਤੀ ਲਿਆ ਕੇ ਪੂਰੇ ਦੇਸ਼ ਨੂੰ ਭੁੱਖਮਰੀ ਦੇ ਸੰਕਟ ਵਿਚੋਂ ਕੱਢਣ ਵਾਲੇ ਪੰਜਾਬ ਦੇ ਖੇਤੀਬਾੜੀ ਵਿਗਿਆਨੀਆਂ ਨੇ ਪੂਰੀ ਦੁਨੀਆਂ ਵਿਚੋਂ ਅਨਾਜ ਦੀ ਕਮੀ ਪੂਰੀ ਕਰਨ ਲਈ ਵੱਡੀ ਭੂਮਿਕਾ ਨਿਭਾਈ ਹੈ। ਹੁਣ ਤੱਕ ਸਾਹਮਣੇ ਆ ਚੁੱਕੀਆਂ ਵੱਖ-ਵੱਖ ਰਿਪੋਰਟਾਂ ਅਨੁਸਾਰ ਦੁਨੀਆਂ ਨੂੰ ਭੁੱਖਮਰੀ ਦੇ ਸੰਕਟ ਵਿਚੋਂ ਕੱਢਣ ਵਾਲੇ 45 ਮਹਾਨ ਵਿਗਿਆਨੀਆਂ ਵਿਚੋਂ ਤਿੰਨ ਵਿਗਿਆਨੀ ਪੰਜਾਬ ਨਾਲ ਸਬੰਧ ਰੱਖਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੀਨੀਅਰ ਪਲਾਂਟ ਬਰੀਡਰ (ਮੱਕੀ) ਸੁਰਿੰਦਰ ਸੰਧੂ ਨੇ ਇਸ ਸਬੰਧੀ ਆਪਣੀ ਲਿਖਤ ਰਾਹੀਂ ਇਨ੍ਹਾਂ ਮਹਾਨ ਸਾਇੰਸਦਾਨਾਂ ਨੂੰ ਸਿਜਦਾ ਕੀਤਾ ਹੈ। ਸੁਰਿੰਦਰ ਸੰਧੂ ਨੇ ਦੱਸਿਆ ਕਿ ਡਾ. ਗੁਰਦੇਵ ਸਿੰਘ ਖੁਸ਼, ਸੁਰਿੰਦਰ ਕੁਮਾਰ ਵਾਸਲ ਅਤੇ ਰਤਨ ਲਾਲ ਪੰਜਾਬੀ ਪਿਛੋਕੜ ਵਾਲੇ ਅਜਿਹੇ ਵਿਗਿਆਨੀ ਹਨ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਪੂਰੀ ਦੁਨੀਆ ਅੰਦਰ ਨਾ ਸਿਰਫ ਖੇਤੀ ਉਪਰ ਨਿਰਭਰਤਾ ਵਧੀ ਸੀ ਸਗੋਂ ਮਿਆਰੀ ਕਿਸਮ ਦੇ ਭੋਜਨ ਦੀਆਂ ਤਕਨੀਕਾਂ ਵੀ ਵਿਕਸਤ ਹੋਈਆਂ ਹਨ। ਇਨ੍ਹਾਂ ਵਿਗਿਆਨੀਆਂ ਨੇ ਪੂਰੀ ਦੁਨੀਆ ਵਿਚ ਪੰਜਾਬ ਦਾ ਨਾਂਅ ਚਮਕਾਇਆ ਹੈ। ਪੰਜਾਬ ਦੇ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਖੋਜ ਕਾਰਜ਼ਾਂ ਨੇ ਦੁਨੀਆ ਦੇ ਸਾਰੇ ਰਾਸ਼ਟਰੀ, ਅੰਤਰ-ਰਾਸ਼ਟਰੀ ਖੋਜ ਆਦਰਿਆਂ ਨੂੰ ਉਤਪਾਦਨ ਅਤੇ ਗੁਣਵੱਤਾ ਦੀ ਸੇਧ ਦਿੱਤੀ ਹੈ
ਨਸਲ ਸੁਧਾਰਕ ਹਨ ਡਾ. ਗੁਰਦੇਵ ਸਿੰਘ ਖੁਸ਼
ਸੁਰਿੰਦਰ ਸੰਧੂ ਨੇ ਦੱਸਿਆ ਕਿ ਡਾ. ਗੁਰਦੇਵ ਸਿੰਘ ਖੁਸ਼ ਪੂਰੀ ਦੁਨੀਆ ਵਿਚ ਮੰਨੇ-ਪ੍ਰਮੰਨੇ ਨਸਲ ਸੁਧਾਰਕ ਹਨ। ਜਿਨ੍ਹਾਂ ਨੂੰ ਝੋਨੇ ਦੀਆਂ ਲਾਹੇਵੰਦ ਨਸਲਾਂ ਵਿਕਸਤ ਕਰਨ ਸਦਕਾ ਦੁਨੀਆ ਵਿਚ ਖੁਰਾਕ ਉਤਪਾਦਨ ਨਾਲ ਸਬੰਧਤ ਡਾ. ਹੈਨਰੀ ਬੀਚਲ ਵਰਗੇ ਅਹਿਮ ਸਨਮਾਨ ਨਾਲ ਨਿਵਾਜਿਆ ਜਾ ਚੁੱਕਾ ਹੈ। ਡਾ. ਖੁਸ਼ ਨੇ ਜ਼ਿਲਾ ਜਲੰਧਰ ਦੇ ਪਿੰਡ ਰੁੜਕੀ ਵਿਚ ਇਕ ਕਿਸਾਨ ਦੇ ਘਰ ਜਨਮ ਲਿਆ ਅਤੇ 1955 ਵਿਚ ਖੇਤੀ ਕਾਲਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹਾਈ ਕਰਨ ਦੇ ਬਾਅਦ 1960 ਵਿਚ ਉਨ੍ਹਾਂ ਨੇ ਅਮਰੀਕਾ ਦੀ ਡੇਵਿਸ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਉਚੇਰੀ ਪੜ੍ਹਾਈ ਪ੍ਰਾਪਤ ਕੀਤੀ। ਇਸ ਯੂਨੀਵਰਸਿਟੀ ਵਿਚ 7 ਸਾਲ ਵਿਗਿਆਨੀ ਦੇ ਤੌਰ ’ਤੇ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਨੇ ਅੰਤਰ-ਰਾਸ਼ਟਰੀ ਝੋਨਾ ਖੋਜ ਸੰਸਥਾ ਮਨੀਲਾ ਵਿਚ 1967 ਤੋਂ ਝੋਨੇ ਦੇ ਨਸਲ-ਸੁਧਾਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ 1972 ਵਿਚ ਸਖ਼ਤ ਮਿਹਨਤ ਸਦਕਾ ਉਹ ਇਸ ਅਦਾਰੇ ਦੇ ਮੁਖੀ ਨਿਯੁਕਤ ਹੋਏ। ਕਰੀਬ 35 ਸਾਲ ਇਸ ਅਹੁੱਦੇ ’ਤੇ ਸੇਵਾ ਕਰਦਿਆਂ ਉਨ੍ਹਾਂ ਨੇ ਝੋਨੇ ਦੀਆਂ ਅਹਿਮ ਕਿਸਮਾਂ ਵਿਕਸਤ ਕੀਤੀਆਂ। ਮਾਣ ਵਾਲੀ ਗੱਲ ਇਹ ਸੀ ਕਿ ਇਹ ਕਿਸਮਾਂ ਦੁਨੀਆ ਦੇ 60 ਫੀਸਦੀ ਰਕਬੇ ਉੱਪਰ ਬੀਜੀਆਂ ਗਈਆਂ। ਉਨ੍ਹਾਂ ਵਲੋਂ ਵਿਕਸਤ ਕੀਤੀ ਝੋਨੇ ਦੀ ਕਿਸਮ ਆਈ. ਆਰ. 85 ਵਿਸ਼ਵ ਪੱਧਰ ’ਤੇ ਬਹੁਤ ਪ੍ਰਸਿੱਧ ਹੋਈ ਅਤੇ ਸੰਨ 1990 ਤੱਕ ਇਸਦੀ ਕਾਸ਼ਤ ਇਕ ਕਰੋੜ ਹੈਕਟੇਅਰ ਤੱਕ ਪਹੁੰਚ ਗਈ। ਉਨ੍ਹਾਂ ਝੋਨੇ ਦੀ ਨਸਲ ਸੁਧਾਰ ਕਰ ਕੇ ਘੱਟ ਉਚਾਈ ਵਾਲੀਆਂ ਅਤੇ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਵੀ ਵਿਕਸਤ ਕੀਤੀਆਂ। ਇਸ ਵੱਡੀ ਪ੍ਰਾਪਤੀ ਲਈ ਉਨ੍ਹਾਂ ਨੂੰ ਪੂਰੇ ਵਿਸ਼ਵ ਵਿਚ ਵਕਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਉਨ੍ਹਾਂ ਦੇ ਸਨਮਾਨ ਵਿਚ ਆਪਣੇ ਸਕੂਲ ਆਫ ਐਗਰੀਕਲਚਰ ਬਾਇਓਤਕਨਾਲੌਜੀ ਦਾ ਨਾਂ ਜੀ. ਐੱਸ. ਖੁਸ਼ ਬਾਇਓਨਤਕਨਾਲੋਜੀ ਲੈਬਾਰਟਰੀ ਰੱਖਿਆ ਹੈ।
ਮੱਕੀ ਦੀ ਪ੍ਰੋਟੀਨ ਗੁਣਵੱਤਾ ਸੁਧਾਰਨ ਕਾਰਣ ਦੁਨੀਆ ਪ੍ਰਸਿੱਧ ਹਨ ਡਾ. ਸੁਰਿੰਦਰ ਕੁਮਾਰ ਵਾਸਲ
ਦੁਨੀਆ ਭਰ ਵਿਚ ਗਰੀਬ ਬੱਚਿਆਂ ਦੀ ਖੁਰਾਕ ਲਈ ਡਾ. ਸੁਰਿੰਦਰ ਕੁਮਾਰ ਵਾਸਲ ਅਤੇ ਡਾ. ਇਵਾਨਗੀਲਿਨਾ ਵਿਲਾਗਾਸ ਨੇ ਮੈਕਸੀਕੋ ਵਿਖਏ ਕੌਮੀ ਮੱਕੀ ਅਤੇ ਕਣਕ ਸੁਧਾਰ ਸੈਂਟਰ ਵਿਚ ਕੰਮ ਕਰਦਿਆਂ ਮੱਕੀ ਦੀ ਪ੍ਰੋਟੀਨ ਦੀ ਗੁਣਵਤਾ ’ਚ ਬਹੁਤ ਵਧੀਆ ਸੁਧਾਰ ਕੀਤਾ। ਉਨ੍ਹਾਂ ਦੀ ਖੋਜ ਸਦਕਾ ਸੰਨ 2000 ਵਿਚ ਉਨ੍ਹਾਂ ਨੂੰ ਮਿਲੇਨੀਅਨ ਵਰਲਡ ਫੂਡ ਪ੍ਰਾਈਜ ਨਾਲ ਸਨਮਾਨਤ ਕੀਤਾ ਗਿਆ। ਡਾ. ਵਾਸਲ ਦਾ ਜਨਮ 1938 ਵਿਚ ਜ਼ਿਲਾ ਅੰਮ੍ਰਿਤਸਰ ਵਿਚ ਹੋਇਆ। (ਖੇਤੀਬਾੜੀ) ਖਾਲਸਾ ਕਾਲਜ ਅੰਮ੍ਰਿਤਸਰ ਤੋਂ 1957 ’ਚ ਬੀ. ਐੱਸ. ਸੀ. ਪਾਸ ਕੀਤੀ ਅਤੇ 1966 ਦੌਰਾਨ ਭਾਰਤੀ ਖੇਤੀ ਖੋਜ ਸੰਸਥਾ ਦਿੱਲੀ ਤੋਂ ਪੀਐਚਡੀ ਕੀਤੀ। ਇਸ ਉਪਰੰਤ ਕੁਝ ਸਮਾਂ ਖੇਤੀ ਵਿਭਾਗ ਹਿਮਾਚਲ ਪ੍ਰਦੇਸ਼ ਵਿਚ ਸੇਵਾ ਨਿਭਾਉਣ ਤੋਂ ਬਾਅਦ 1970 ਵਿਚ ਉਹ ਅੰਤਰ-ਰਾਸ਼ਟਰੀ ਕਣਕ-ਮੱਕੀ ਸੁਧਾਰ ਕੇਂਦਰ ਮੈਕਸੀਕੋ ਵਿਖੇ ਮੱਕੀ ਵਿਚ ਪ੍ਰੋਟੀਨ ਦੀ ਗੁਣਵੱਤਾ ਸੁਧਾਰ ਵਿਚ ਜੁੱਟ ਗਏ। ਉਨ੍ਹਾਂ ਨੇ ਦੋ ਅਮੀਨੋਐਸਿਡ (ਲਾਈਸਿਨ ਅਤੇ ਟ੍ਰਪਿਟੋਫੈਨ) ਜੋ ਕਿ ਆਮ ਮੱਕੀ ਦੀਆਂ ਕਿਸਮਾਂ ਵਿਚ ਲੋੜੀਂਦੀ ਮਾਤਰਾ ’ਚ ਨਹੀਂ ਹੁੰਦੇ, ਦਾ ਸੁਧਾਰ ਕੀਤਾ, ਜਿਸ ਕਰ ਕੇ ਸੰਸਾਰ ਦੇ ਲੱਖਾਂ ਹੀ ਗਰੀਬ ਲੋਕਾਂ ਵਿਚ ਕਈ ਬੀਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਵਿਕਸਿਤ ਹੋਈ।
ਡਾ. ਰਤਨ ਲਾਲ ਦੀ ਬਦੌਲਤ 50 ਕਰੋੜ ਕਿਸਾਨਾਂ ਨੂੰ ਮਿਲੀ ਜ਼ਮੀਨ ਦੀ ਸਿਹਤ ਸੰਵਾਰਨ ’ਚ ਮਦਦ
ਡਾ. ਰਤਨ ਲਾਲ ਦਾ ਜਨਮ ਪੱਛਮੀ ਪੰਜਾਬ ਦੇ ਪਿੰਡ ਕਰਯਾਲ ਵਿਚ ਸਧਾਰਨ ਪਰਿਵਾਰ ਵਿਚ 1944 ਨੂੰ ਹੋਇਆ। ਪਰ ਦੇਸ਼ ਵੰਡ ਤੋਂ ਬਾਅਦ ਵਿਚ ਆਪ ਜੀ ਦਾ ਪਰਿਵਾਰ ਪੂਰਬੀ ਪੰਜਾਬ ਦੇ ਰਜੌਦ ਪਿੰਡ ਵਿਚ ਆ ਕੇ ਵਸ ਗਿਆ। 1959 ਵਿਚ ਐਗਰੀਕਲਚਰ ਕਾਲਜ ਲੁਧਿਆਣਾ ਤੋਂ ਉਨ੍ਹਾਂ ਨੇ ਬੀਐੱਸਸੀ ਦੀ ਡਿਗਰੀ ਕਰਨ ਉਪਰੰਤ ਉੁਚੇਰੀ ਵਿੱਦਿਆ ਲਈ ਅਮਰੀਕਾ ਦੀ ਓਹੀਉ ਯੂਨੀਵਰਸਿਟੀ ਵਿਖੇ ਜਾ ਕੇ 1968 ਵਿਚ ਭੂਮੀ ਵਿਗਿਆਨ ’ਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਹੋਰ ਉਚੇਰੀ ਵਿਦਿਆ ਲਈ ਉਨਾਂ ਨੇ ਸਿਡਨੀ ਯੂਨੀਵਰਸਿਟੀ ਆਸਟ੍ਰੇਲੀਆ ’ਚ ਪੜ੍ਹਾਈ ਕੀਤੀ ਅਤੇ ਆਈ. ਆਈ. ਟੀ. ਏ. ਇਬਾਦਨ, ਨਾਈਜੀਰੀਆ ਵਿਖੇ ਬਤੌਰ ਭੂਮੀ ਵਿਗਿਆਨੀ ਨਿਯੁਕਤ ਹੋਏ। ਇਥੇ ਉਨ੍ਹਾਂ ਨੇ ਕਾਰਬਨ ਦੇ ਰਸਾਇਣਕ ਚਾਲ-ਚੱਕਰ ਦਾ ਅਧਿਐਨ ਕੀਤਾ ਜਿਨਾਂ ਦੀ ਖੋਜ ਸਦਕਾ ਜ਼ਮੀਨ ਦੀ ਗੁਣਵੱਤਾ ਵਿਚ ਚੋਖਾ ਸੁਧਾਰ ਹੋਇਆ। ਇਨ੍ਹਾਂ ਦੀ ਖੋਜ ਕਰਨ ਕਰ ਕੇ ਸੰਸਾਰ ਦੇ ਲਗਭਗ 50 ਕਰੋੜ ਕਿਸਾਨਾਂ ਨੂੰ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਵਿਚ ਮਦਦ ਮਿਲੀ।