ਕਣਕ ਦੀ ਖਰੀਦ ''ਚ ਸਰਕਾਰੀ ਏਜੰਸੀਆਂ ਦੀ ਝੋਲੀ ਰਹੇਗੀ ਊਣੀ

04/27/2016 2:45:50 PM

ਚੰਡੀਗੜ੍ਹ—ਦੇਸ਼ ਭਰ ''ਚ ਇਸ ਵੇਲੇ ਹਾੜੀ ਦੀਆਂ ਫਸਲਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹਾਲਾਤ ਦੱਸ ਰਹੇ ਹਨ ਕਿ ਇਸ ਵਾਰ ਕਣਕ ਦੀ ਖਰੀਦ ਦੇ ਮਾਮਲੇ ''ਚ ਸਰਕਾਰੀ ਏਜੰਸੀਆਂ ਦੀ ਝੋਲੀ ਊਣੀ ਰਹਿ ਸਕਦੀ ਹੈ। ਇਸ ਵਾਰ ਨਿੱਜੀ ਕਾਰੋਬਾਰੀ ਵੱਡੇ ਪੱਧਰ ''ਤੇ ਕਣਕ ਦੀ ਖਰੀਦ ਕਰ ਰਹੇ ਹਨ, ਜਦੋਂ ਕਿ ਸਰਕਾਰੀ ਏਜੰਸੀਆਂ ਦੀ ਚਾਲ ਬੇਹੱਦ ਸੁਸਤ ਹੈ। ਇਸ ਹਫ਼ਤੇ ਮੱਧ ਪ੍ਰਦੇਸ਼ ਵਿੱਚ ਸਰਕਾਰੀ ਏਜੰਸੀਆਂ ਦੀ ਰੋਜ਼ਾਨਾ ਖਰੀਦ 1,15 ਹਜ਼ਾਰ ਟਨ ਰਹੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤੀਜਾ ਹਿੱਸਾ ਹੈ। 
ਖਰੀਦਦਾਰਾਂ ''ਚ ਲੱਗੀ ਹੋੜ ਕਾਰਨ ਇਸ ਸੀਜ਼ਨ ਦੌਰਾਨ ਉਤੱਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਣਕ ਦਾ ਮੁੱਲ ਵੀ ਸਹਾਇਕ ਕੀਮਤਾਂ ਤੋਂ ਉੱਪਰ ਬੋਲਿਆ ਜਾ ਰਿਹਾ ਹੈ । ਦੇਸ਼ ਭਰ ਦੀਆਂ ਮੰਡੀਆਂ ਤੋਂ ਜੋ ਰਿਪੋਰਟਾਂ ਮਿਲੀਆਂ ਹਨ, ਉਨ੍ਹਾਂ ਅਨੁਸਾਰ ਐੱਫ.ਸੀ.ਆਈ. ਦੀ ਖਰੀਦ ਇਸ ਸਾਲ 2.6 ਕਰੋੜ ਟਨ ਤੱਕ ਸੁੰਘੜ ਸਕਦੀ ਹੈ ਜਦੋਂ ਕਿ ਏਜੰਸੀ ਨੇ ਨਿਸ਼ਾਨਾ 3 ਕਰੋੜ ਰੱਖਿਆ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਕੱਲੇ ਮੱਧ ਪ੍ਰਦੇਸ਼ ''ਚ ਇਸ ਸਾਲ ਨਿੱਜੀ ਕਾਰੋਬਾਰੀ 25 ਲੱਖ ਟਨ ਤੱਕ ਕਣਕ ਦੀ ਖਰੀਦ ਕਰ ਸਕਦੇ  ਹਨ। ਇਸ  ਸਾਲ ਸਰਕਾਰੀ ਖਰੀਦ ਪਿਛਲੇ ਸਾਲ ਦੇ ਟੀਚੇ ਤੋਂ ਕਾਫੀ ਥੱਲੇ ਖਿਸਕ ਸਕਦੀ ਹੈ। ਮੱਧ ਪ੍ਰਦੇਸ਼ ਵਿੱਚ ਪਿਛਲੇ ਸਾਲ ਸਰਕਾਰੀ ਏਜੰਸੀਆਂ ਨੇ 73 ਲੱਖ ਟਨ, ਹਰਿਆਣਾ ਵਿਚ 67 ਲੱਖ ਟਨ ਅਤੇ ਪੰਜਾਬ ਵਿੱਚ 103 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ।  
ਇਸ ਸਾਲ ਕਣਕ ਦੀ ਕੁਆਲਟੀ ਵਧੀਆ ਹੋਣ ਕਰਕੇ ਵੀ ਨਿੱਜੀ ਕਾਰੋਬਾਰੀ ਧੜਾਧੜ ਖਰੀਦ ਕਰ ਰਹੇ ਹਨ। ਪਿਛਲੇ ਸਾਲਾਂ ''ਚ ਕਣਕ ''ਚ ਨਮੀ ਦੀ ਮਾਤਰਾ 11-12 ਫੀਸਦੀ ਰਹੀ ਸੀ, ਜਦੋਂ ਕਿ ਇਸ ਵਾਰ ਸਿਰਫ਼ 8-9 ਫੀਸਦੀ ਹੈ। ਦਾਣਿਆਂ ਦਾ ਰੰਗ ਵੀ ਪੂਰਾ ਸੁਨਹਿਰੀ ਅਤੇ ਸਾਈਜ਼ ਵੀ ਵਧੀਆ ਹੈ। ਮੱਧ ਪ੍ਰਦੇਸ਼ ਵਿਚ ਕਣਕ ਦੀ ਕੁਆਲਟੀ ਬਹੁਤ ਹੀ ਵਧੀਆ ਦੱਸੀ ਜਾ ਰਹੀ ਹੈ।

Related News