ਵੱਡੀ ਗਿਣਤੀ ''ਚ ਕਿਸਾਨਾਂ ਤੱਕ ਪਹੁੰਚਣ ਦਾ ਆਧੁਨਿਕ ਸਾਧਨ

03/05/2018 7:31:43 AM

ਇੰਟਰਨੈੱਟ ਦੀ ਦੂਰ ਤੱਕ ਪਹੁੰਚ ਅਤੇ ਉਪਲੱਬਧਤਾ ਨੇ ਸੋਸ਼ਲ ਮੀਡੀਆ ਨੂੰ ਇਕ ਨਵਾਂ ਰੂਪ ਦਿੱਤਾ ਹੈ। ਸੋਸ਼ਲ ਮੀਡੀਆ ਨੇ ਬਹੁਤ ਸਾਰੇ ਮੌਕਿਆਂ ਦਾ ਨਿਰਮਾਣ ਕੀਤਾ ਹੈ ਕਿਉਂਕਿ ਇਹ ਆਨਲਾਈਨ ਸੰਚਾਰ ਸਾਧਨਾਂ ਦਾ ਇਕ ਸਮੂਹ ਹੈ। ਫੇਸਬੁੱਕ ਤੇ ਟਵਿਟਰ ਵਰਗੇ ਪਲੇਟਫਾਰਮ 'ਚ 1.18 ਅਰਬ ਅਤੇ 316 ਮਿਲੀਅਨ ਸਰਗਰਮ ਮਾਸਿਕ ਉਪਭੋਗਤਾ ਹਨ। ਵੱਧ ਤੋਂ ਵੱਧ ਨੌਜਵਾਨ ਤੇ ਬਜ਼ੁਰਗ ਸੋਸ਼ਲ ਮੀਡੀਆ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਇਹ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਵਿੱਖ 'ਚ ਸੋਸ਼ਲ ਮੀਡੀਆ ਲੋਕਾਂ ਨੂੰ ਲੰਬੇ ਸਮੇਂ ਤੱਕ ਜਾਣਕਾਰੀ ਦੇਣ ਦਾ ਸਾਧਨ ਹੈ ਅਤੇ ਕੋਈ ਵੀ ਸੈਕਟਰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਬਹੁਤ ਸਾਰੇ ਫਾਇਦਿਆਂ ਦੇ ਬਾਵਜੂਦ ਬੁਨਿਆਦੀ ਮੁਸ਼ਕਿਲਾਂ ਅਤੇ ਮਨੋਵਿਗਿਆਨਿਕ ਰੁਕਾਵਟਾਂ ਕਾਰਨ ਵਿਕਾਸਸ਼ੀਲ ਦੇਸ਼ਾਂ ਦੇ ਪੇਂਡੂ ਖੇਤਰਾਂ 'ਚ ਇਸ ਦੀ ਅਸਲ ਵਰਤੋਂ ਘੱਟ ਹੈ। ਜੇ ਸੋਸ਼ਲ ਮੀਡੀਆ ਆਪਣੀ ਸਮਰੱਥਾ ਅਨੁਸਾਰ ਵਰਤਿਆ ਜਾਵੇ ਤਾਂ ਇਹ ਬਹੁਤ ਸ਼ਕਤੀਸ਼ਾਲੀ ਸਾਧਨ ਸਾਬਤ ਹੋ ਸਕਦਾ ਹੈ। ਸੋਸ਼ਲ ਮੀਡੀਆ ਮਾਹਿਰਾਂ ਨੂੰ ਸਿੱਧਾ ਦਰਸ਼ਕਾਂ ਤੱਕ ਪਹੁੰਚਾਉਣ ਲਈ ਬਹੁਤ ਮਦਦ ਕਰਦਾ ਹੈ।
ਖੇਤੀਬਾੜੀ ਦੇ ਖੇਤਰ 'ਚ ਵੱਡੀ ਗਿਣਤੀ 'ਚ ਦਰਸ਼ਕਾਂ ਤੱਕ ਪਹੁੰਚਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਨੂੰ ਕਿਸੇ ਵੀ ਸਮੇਂ ਅਤੇ ਸਥਾਨ 'ਤੇ  ਗੱਲਬਾਤ ਕਰਨ ਲਈ ਵਰਤਿਆ ਜਾ ਸਕਦਾ ਹੈ। ਖੇਤੀਬਾੜੀ ਦੇ ਖੇਤਰ 'ਚ ਸੋਸ਼ਲ ਮੀਡੀਆ ਨੂੰ ਪ੍ਰਸਿੱਧੀ ਪ੍ਰਾਪਤ ਹੋ ਰਹੀ ਹੈ। ਮਾਹਿਰ ਇਸ ਦੀ ਵਰਤੋਂ ਦੇ ਨਾਲ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਰਹੇ ਹਨ। ਕਮਰੇ 'ਚ ਬੈਠ ਕੇ ਹੀ ਮਾਹਿਰ ਲਾਭਦਾਇਕ ਜਾਣਕਾਰੀ ਪੂਰੇ ਸੰਸਾਰ ਤੱਕ ਫੈਲਾ ਰਹੇ ਹਨ। ਖੇਤੀਬਾੜੀ 'ਚ ਆਈਆਂ ਨਵੀਆਂ ਤਕਨੀਕਾਂ, ਸੈਮੀਨਾਰਾਂ, ਵਰਕਸ਼ਾਪਾਂ, ਸਿਖਲਾਈ, ਪ੍ਰਕਾਸ਼ਨਾਵਾਂ ਆਦਿ ਨੂੰ ਸੋਸ਼ਲ ਮੀਡੀਆ ਰਾਹੀਂ ਸੰਬੋਧਿਤ ਕੀਤਾ ਜਾ ਰਿਹਾ ਹੈ। ਫੇਸਬੁੱਕ, ਟਵਿਟਰ, ਯੂ-ਟਿਊਬ ਅਤੇ ਬਲਾਗ ਸੂਚਨਾ ਪ੍ਰਸਾਰਣ ਲਈ ਮੁੱਖ ਪਲੇਟਫਾਰਮ ਹਨ। ਖੇਤੀਬਾੜੀ ਨਾਲ ਸਬੰਧ ਰੱਖਦੀਆਂ ਕਈ ਮੋਬਾਇਲ ਐਪਲੀਕੇਸ਼ਨਜ਼ ਵੀ ਉਪਲੱਬਧ ਹਨ। ਸੋਸ਼ਲ ਮੀਡੀਆ ਇਲੈਕਟ੍ਰੋਨਿਕ ਸੰਚਾਰ ਦਾ ਵੈੱਬ ਆਧਾਰਿਤ ਸਾਧਨ ਹੈ, ਜੋ ਉਪਭੋਗਤਾਵਾਂ ਨੂੰ ਕਿਸੇ ਵੀ ਰੂਪ (ਟੈਕਸਟ, ਤਸਵੀਰਾਂ, ਵੀਡੀਓ ਆਦਿ) 'ਚ ਸੂਚਨਾ ਅਤੇ ਵਿਚਾਰਾਂ ਨੂੰ ਸੰਚਾਰ ਕਰਨ, ਬਣਾਉਣ, ਸ਼ੇਅਰ ਕਰਨ, ਪ੍ਰਾਪਤ ਕਰਨ ਅਤੇ ਉਨ੍ਹਾਂ ਦਾ ਆਦਾਨ-ਪ੍ਰਦਾਨ ਕਰਨ ਦੀ ਆਗਿਆ ਦਿੰਦਾ ਹੈ, ਜਿਸ 'ਤੇ ਚਰਚਾ ਕੀਤੀ ਜਾ ਸਕਦੀ ਹੈ ਅਤੇ ਵਰਤੀ ਜਾ ਸਕਦੀ ਹੈ।
ਸੋਸ਼ਲ ਮੀਡੀਆਂ ਦੀ ਵਰਤੋਂ ਵਿਕਾਸਸ਼ੀਲ ਅਤੇ ਘੱਟ ਵਿਕਸਿਤ ਦੇਸ਼ਾਂ ਦੇ ਪੇਂਡੂ ਖੇਤਰਾਂ 'ਚ ਵੀ ਉੱਭਰ ਰਹੀ ਹੈ ਪਰ ਫਿਰ ਵੀ ਮਾਹਿਰਾਂ ਨੇ ਇਨ੍ਹਾਂ ਸੋਸ਼ਲ ਨੈੱਟਵਰਕਿੰਗ ਸਾਈਟਸ ਦਾ ਪੂਰਾ ਲਾਭ ਨਹੀਂ ਲਿਆ ਹੈ। ਦਿਹਾਤੀ ਉਪਭੋਗਤਾਵਾਂ ਲਈ ਜਾਣਕਾਰੀ ਪ੍ਰਬੰਧਨ 'ਚ ਸੋਸ਼ਲ ਮੀਡੀਆ ਬਹੁਤ ਮਦਦਗਾਰ ਸਾਬਿਤ ਹੋ ਸਕਦਾ ਹੈ। ਸੋਸ਼ਲ ਮੀਡੀਆ ਪ੍ਰਤੀ ਸਾਕਾਰਾਤਮਕ ਰਵੱਈਆ ਇਸ ਦਾ ਇਸਤੇਮਾਲ ਕਰਨ ਲਈ ਮਹੱਤਵਪੂਰਨ ਹੈ। ਇਸ ਦੀ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਵਧਾਉਣ ਦੀ ਵੀ ਲੋੜ ਹੈ।
ਸੋਸ਼ਲ ਮੀਡੀਆਂ ਪੇਜਾਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਫਾਇਦਾ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਕਿਸਾਨਾਂ ਦਰਮਿਆਨ ਸਹਿਯੋਗ, ਸ਼ੇਅਰਿੰਗ ਅਤੇ ਸਾਂਝੇਦਾਰੀ ਨੂੰ ਸਮਰੱਥ ਬਣਾਉਂਦਾ ਹੈ। ਤਕਨੀਕੀ ਅਤੇ ਵਿੱਦਿਅਕ ਅਨਪੜ੍ਹਤਾ, ਹਾਈ ਸਪੀਡ ਇੰਟਰਨੈੱਟ ਕੁਨੈਕਸ਼ਨ ਦੀ ਘਾਟ ਅਤੇ ਗਲਤ ਸੂਚਨਾ ਪ੍ਰਸਾਰਣ ਸੋਸ਼ਲ ਮੀਡੀਆ ਦੀਆਂ ਮੁੱਖ ਕਮੀਆਂ ਹਨ, ਮਾਹਿਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਰੋਸੇਮੰਦ, ਅਪ-ਟੂ-ਡੇਟ ਜਾਣਕਾਰੀ ਕਿਸਾਨ ਵੀਰਾਂ ਲਈ ਉਪਲੱਬਧ ਹੋਵੇ। ਸੋਸ਼ਲ ਮੀਡੀਆ ਦੇ ਫਾਇਦੇ ਕਮਜ਼ੋਰੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ। ਸੋਸ਼ਲ ਮੀਡੀਆ ਵੱਡੀ ਗਿਣਤੀ 'ਚ ਦਰਸ਼ਕਾਂ ਤੱਕ ਪਹੁੰਚਣ ਦਾ ਇਕ ਮਹੱਤਵਪੂਰਨ ਸਾਧਨ ਹੈ।
—ਹਰਪ੍ਰੀਤ ਕੌਰ, ਮੋਬਾ. 99149-25319


Related News