ਸੰਗਰੂਰ ਜ਼ਿਲ੍ਹੇ ਦਾ ਪਿੰਡ ‘ਭੱਦਲਵੱਡ’ ਪੰਚਾਇਤੀ ਰਾਜ ਲਈ ਬਣਿਆ ਮਿਸਾਲ , ਜਿੱਤਿਆ ਰਾਸ਼ਟਰੀ ਐਵਾਰਡ

06/25/2020 10:18:26 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਸੰਗਰੂਰ ਜ਼ਿਲ੍ਹੇ ਅਤੇ ਬਲਾਕ ਧੂਰੀ ਦਾ ਪਿੰਡ ਭੱਦਲਵੱਡ, ਜੋ ਕਿ ਸਫਾਈ ਹਰਿਆਵਲ ਅਤੇ ਹਰ ਤਰ੍ਹਾਂ ਦੀ ਸਹੂਲਤ ਕਰਕੇ ਬਾਕੀ ਪਿੰਡਾਂ ਲਈ ਮਿਸਾਲ ਬਣਿਆ ਹੈ। ਇਸ ਪਿੰਡ ਨੂੰ ਸਾਲ 2020 ਦੌਰਾਨ ਦੀਨ ਦਿਆਲ ਉਪਾਧਿਆ ਪੰਚਾਇਤ ਸਸ਼ਕਤੀਕਰਨ ਅਵਾਰਡ ਨਾਲ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪਿੰਡ ਵਿੱਚ ਹਰ ਵਰਗ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਦਿੱਤਾ ਗਿਆ ਜਿਵੇਂ ਕਿ ਕਿਸਾਨ, ਬੀਬੀਆਂ, ਬੱਚੇ, ਗਰੀਬ ਮਜ਼ਦੂਰ ਆਦਿ ਲਈ ਪਿੰਡ ਦੀ ਪੰਚਾਇਤ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਅਤੇ ਭਵਿੱਖ ਵਿੱਚ ਜੋ ਕਰਨਾ ਹੈ। 

ਰੁੱਖਾਂ ਦੀ ਬਹੁਤਾਤ
ਪਿੰਡ ਵਿੱਚ ਕੁੱਲ ਅੱਠ ਤੋਂ ਦਸ ਹਜ਼ਾਰ ਰੁੱਖ ਲੱਗੇ ਹਨ। ਹਰ ਤਰ੍ਹਾਂ ਦੇ ਬੂਟਿਆਂ ਦੇ ਨਾਲ ਨਾਲ ਪਿੱਪਲ ਅਤੇ ਬੋਹੜ ਵਰਗੇ ਵੱਡੇ ਰੁੱਖ ਵੀ ਹਨ। ਸਾਲ ਵਿੱਚ ਦੋ ਵਾਰ ਬੂਟੇ ਲਾਏ ਜਾਂਦੇ ਹਨ ਇੱਕ ਵਾਰ ਸਾਉਣ ਦੇ ਮਹੀਨੇ ਵਿੱਚ ਅਤੇ ਜੇਕਰ ਕੋਈ ਬੂਟਾ ਮਰ ਜਾਵੇ ਤਾਂ ਫਰਵਰੀ ਦੇ ਮਹੀਨੇ ਵਿੱਚ ਉੱਥੇ ਦੁਬਾਰਾ ਬੂਟਾ ਲਾਇਆ ਜਾਂਦਾ ਹੈ। ਹਰ ਸਾਲ 500 ਤੋਂ 1000 ਤੱਕ ਬੂਟੇ ਲੱਗਦੇ ਹਨ। ਇਸ ਤੋਂ ਇਲਾਵਾ ਜੋ ਜੰਗਲਾਤ ਮਹਿਕਮੇ ਵਾਲੇ ਪਿੰਡ ਦੇ ਵਿੱਚ ਜਾਂ ਆਸੇ ਪਾਸੇ ਬੂਟੇ ਲਾਉਂਦੇ ਹਨ, ਉਨ੍ਹਾਂ ਦੀ ਵੀ ਦੇਖਭਾਲ ਕੀਤੀ ਜਾਂਦੀ ਹੈ । 

PunjabKesari

ਗੰਧਲੇ ਪਾਣੀ ਦਾ ਸਦਉਪਯੋਗ
ਪਿੰਡ ਦੇ ਛੱਪੜ ਜੋ ਗੰਧਲੇ ਪਾਣੀ ਨਾਲ ਬਿਲਕੁਲ ਖ਼ਰਾਬ ਹੋ ਗਏ ਸਨ। ਉਨ੍ਹਾਂ ਦੀ ਸਫ਼ਾਈ ਕਰਵਾ ਕੇ ਸੀਵਰੇਜ ਪਲਾਂਟ ਲੱਗਿਆ ਹੈ। ਇਸ ਪਾਣੀ ਨੂੰ ਫਿਲਟਰ ਕੀਤਾ ਜਾਂਦਾ ਹੈ ਅਤੇ ਇੱਕ ਏਕੜ, ਜੋ ਕਿ ਮੜ੍ਹੀਆਂ ਦੀ ਜਗ੍ਹਾ ਹੈ ਉੱਥੇ ਬੂਟੇ ਲੱਗੇ ਹਨ, ਇਹ ਫਿਲਟਰ ਕੀਤਾ ਪਾਣੀ ਇਨ੍ਹਾਂ ਬੂਟਿਆਂ ਨੂੰ ਦਿੱਤਾ ਜਾਂਦਾ ਹੈ । 

PunjabKesari

ਪਾਣੀ ਦੀ ਨਿਕਾਸੀ
ਇੰਟਰਲਾਕ ਅਤੇ ਕੰਕਰੀਟ ਨਾਲ ਪਿੰਡ ਦੀਆਂ ਗਲੀਆਂ ਬਣੀਆਂ ਹਨ। ਪਿੰਡ ਵਿੱਚ ਸੀਵਰੇਜ ਦਾ ਵੀ ਬਹੁਤ ਚੰਗਾ ਪ੍ਰਬੰਧ ਹੈ। ਘਰ ਦੇ ਵਾਧੂ ਪਾਣੀ ਲਈ ਹਰ ਘਰ ਦੀ ਆਪਣੀ ਸਮਰੱਥਾ ਦੇ ਹਿਸਾਬ ਨਾਲ ਡਿੱਗੀ ਬਣੀ ਹੋਈ ਹੈ, ਉਹ ਇਸ ਨੂੰ ਖੁਦ ਸਾਫ ਕਰਦੇ ਹਨ। ਗਲੀਆਂ ਨੂੰ ਵਿਚਾਲੋਂ 1.5 ਇੰਚ ਤੱਕ ਨੀਵਾਂ ਕੀਤਾ ਗਿਆ ਹੈ, ਜਿਸ ਨਾਲ ਮੀਂਹ ਦਾ ਪਾਣੀ ਛੱਤਾਂ ਤੋਂ ਇਨ੍ਹਾਂ ਰਾਹੀਂ ਗਲੀ ਦੇ ਅੰਤ ਤੱਕ ਜਾਂਦਾ ਹੈ ਅਤੇ ਉੱਥੋਂ ਪਾਈਪਾਂ ਰਾਹੀਂ ਸਾਫ ਪਾਣੀ ਵਾਲੇ ਛੱਪੜ ਵਿੱਚ ਚਲਾ ਜਾਂਦਾ ਹੈ। ਇਹ ਪਾਣੀ ਪਾਰਕਾਂ ਨੂੰ ਵੀ ਦਿੱਤਾ ਜਾਂਦਾ ਹੈ ਅਤੇ ਜੇਕਰ ਜ਼ਿਆਦਾ ਪਾਣੀ ਹੋ ਜਾਵੇ ਤਾਂ ਇਹ ਪਾਣੀ ਕਿਸਾਨਾਂ ਨੂੰ ਖੇਤਾਂ ਵਾਸਤੇ ਵਰਤਣ ਲਈ ਦੇ ਦਿੱਤਾ ਜਾਂਦਾ ਹੈ । 

PunjabKesari

ਘਰ ਵਰਤੋਂ ਲਈ ਪਾਣੀ
ਪਿੰਡ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਵੀ ਹਰ ਘਰ ਨੂੰ ਹੈ ਇੱਥੋਂ ਤੱਕ ਕਿ ਜੋ ਘਰ ਪਿੰਡ ਤੋਂ 1.5 ਕਿਲੋਮੀਟਰ ਤੱਕ ਵੀ ਹਨ ਉਨ੍ਹਾਂ ਨੂੰ ਵੀ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਪਿੰਡ ਦੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਭਾਵੇਂ ਪਾਣੀ ਦੀ 24 ਘੰਟੇ ਸਪਲਾਈ ਲਵੋ ਪਰ ਇਸ ਨੂੰ ਬਰਬਾਦ ਨਾ ਕਰੋ ।

PunjabKesari

ਬੱਚਿਆਂ ਤੇ ਨੌਜਵਾਨਾਂ ਲਈ ਸੁਵਿਧਾਵਾਂ 
ਬੱਚਿਆਂ ਲਈ ਪਾਰਕ ਅਤੇ ਨੌਜਵਾਨਾਂ ਲਈ ਪਿੰਡ ਵਿੱਚ ਖੇਡ ਮੈਦਾਨ ਬਣਿਆ ਹੈ। ਨੌਜਵਾਨਾਂ ਲਈ ਜਿੰਮ ਵੀ ਬਣਾਇਆ ਗਿਆ ਹੈ । ਸਿੱਖਿਆ ਦੀ ਗੱਲ ਕਰੀਏ ਤਾਂ ਪਿੰਡ ਦੀ ਜਨ ਸੰਖਿਆ ਥੋੜ੍ਹੀ ਹੋਣ ਕਰਕੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਹੈ ਅਤੇ ਮਿਡਲ ਸਕੂਲ ਦੀ ਕੰਧ ਸਾਂਝੀ ਹੈ, ਜੋ ਨਾਲ ਦੇ ਪਿੰਡ ਵਿੱਚ ਹੈ। ਸੀਨੀਅਰ ਸੈਕੰਡਰੀ ਸਕੂਲ ਪਿੰਡ ਤੋਂ ਪੌਣੇ ਕਿਲੋਮੀਟਰ ਦੀ ਦੂਰੀ ’ਤੇ ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੋਰ ਲੋੜੀਂਦੀਆਂ ਸਹੂਲਤਾਂ ਦੇ ਨਾਲ ਨਾਲ ਅਧਿਆਪਕ ਵੀ ਪੂਰੇ ਹਨ । 

PunjabKesari

ਰਾਤ ਦਾ ਨਜ਼ਾਰਾ
 ਪਿੰਡ ਵਿੱਚ ਰੌਸ਼ਨੀ ਏਨੀ ਹੈ ਕਿ ਭਾਵੇਂ ਰਾਤ ਨੂੰ ਪਿੰਡ ਦੇ ਨੇੜੇ ਆ ਕੇ ਗੱਡੀ ਦੀਆਂ ਲਾਈਟਾਂ ਬੰਦ ਕਰ ਲਵੋ। ਪਾਰਕਾਂ ਵਿੱਚ ਰਾਤ ਨੂੰ ਪਿੰਡ ਦੇ ਲੋਕ ਤਾਂ ਸੈਰ ਕਰਦੇ ਹੀ ਹਨ। ਇਸਤੋਂ ਇਲਾਵਾ ਨਾਲ ਦੇ ਪਿੰਡ ਦੇ ਲੋਕ ਵੀ ਇਸ ਦਾ ਆਨੰਦ ਮਾਣਦੇ ਹਨ। ਪਿੰਡ ਦੀ ਪੰਚਾਇਤ ਨੇ ਸੋਲਰ ਪਲਾਂਟ ਦੀ ਵੀ ਸਰਕਾਰ ਕੋਲੋਂ ਮੰਗ ਕੀਤੀ ਹੈ ਤਾਂ ਜੋ ਬਿਜਲੀ ਵੀ ਪੂਰੀ ਕੀਤੀ ਜਾਵੇ ਅਤੇ ਖਰਚਾ ਵੀ ਨਾ ਹੋਵੇ । 

PunjabKesari

ਪਿੰਡ ਦੀ ਕਿਸਾਨੀ
ਖੇਤੀ ਦੇ ਪੱਧਰ ਉੱਤੇ ਦੇਖੀਏ ਤਾਂ ਪਿੰਡ ਦੇ ਕਿਸਾਨ ਬਹੁਤ ਮਿਹਨਤ ਕਰਦੇ ਹਨ। ਇੱਕ ਕਿਸਾਨ ਨੂੰ ਬੀਜ ਉਤਪਾਦਨ ਲਈ ਮੁੱਖ ਮੰਤਰੀ ਅਵਾਰਡ ਵੀ ਮਿਲਿਆ ਹੈ ਅਤੇ ਉਸ ਨੂੰ ਸੁਲਤਾਨਪੁਰ ਲੋਧੀ 550 ਸਾਲਾ ’ਤੇ ਵੀ ਸਨਮਾਨਿਤ ਕੀਤਾ ਗਿਆ ਹੈ। ਪਿੰਡ ਵਿੱਚ ਜੈਵਿਕ ਖੇਤੀ ਵੀ ਬੜੇ ਉਤਸ਼ਾਹ ਨਾਲ ਕੀਤੀ ਜਾਂਦੀ ਹੈ। 

PunjabKesari

ਇਮਾਨਦਾਰੀ ਦੀ ਮਿਸਾਲ
ਸਰਕਾਰ ਦੁਆਰਾ ਜੋ ਪੰਚਾਇਤ ਲਈ ਗ੍ਰਾਂਟ ਆਉਂਦੀ ਹੈ, ਉਹ ਪੂਰੀ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਲਈ ਵਰਤੀ ਜਾਂਦੀ ਹੈ। ਉਦਾਹਰਨ ਵਜੋਂ 70 ਸਟ੍ਰੀਟ ਲਾਈਟਾਂ ਦੇ ਪੈਸੇ ਆਏ ਸਨ ਪਰ ਪੰਚਾਇਤ ਨੇ ਉਸੇ ਹੀ ਪੈਸੇ ਨਾਲ 190 ਸਟ੍ਰੀਟ ਲਾਈਟਾਂ ਲਾ ਦਿੱਤੀਆਂ । 12 ਕੈਮਰੇ ਅਤੇ 45 ਫੁੱਟ ਦੇ ਟਾਵਰ ਲਈ ਗ੍ਰਾਂਟ ਆਈ ਸੀ ਤਾਂ ਇਸੇ ਖ਼ਰਚੇ ਵਿੱਚ 65 ਫੁੱਟ ਦੇ ਟਾਵਰ ਅਤੇ 20 ਕੈਮਰੇ ਲਾਏ ਗਏ । 

‘‘ਪਿੰਡ ਦੀ ਆਮਦਨ ਦੇ ਸਰੋਤ ਬਹੁਤ ਘੱਟ ਹਨ। ਪੰਚਾਇਤ ਕੋਲ ਇੱਕ ਏਕੜ ਜ਼ਮੀਨ ਹੈ, ਜਿਸ ਦੇ ਠੇਕੇ ਦੀ ਕਮਾਈ ਵਿੱਚੋਂ 33 ਫੀਸਦੀ ਸਰਕਾਰ ਲੈ ਜਾਂਦੀ ਹੈ। ਪਿੰਡ ਦੇ ਸਰਪੰਚ ਨੀਤੂ ਸ਼ਰਮਾ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ 2 ਲੱਖ ਤੋਂ ਘੱਟ ਆਮਦਨ ਵਾਲੇ ਪਿੰਡਾਂ ਲਈ ਇਹ ਮੁਆਫ਼ ਕਰਨਾ ਚਾਹੀਦਾ ਹੈ। ਕਿਉਂਕਿ ਘੱਟ ਆਮਦਨ ਕਰਕੇ ਚਾਲੂ ਖ਼ਰਚੇ ਪ੍ਰਭਾਵਿਤ ਹੁੰਦੇ ਹਨ, ਜਿਵੇਂ ਕਿ ਪਿੰਡ ਵਿੱਚ ਲੱਗੀਆਂ ਲਾਈਟਾਂ ਆਦਿ ਲਈ ਬਿਜਲੀ ਦਾ ਬਿੱਲ ਭਰਨਾ ਔਖਾ ਹੋ ਜਾਂਦਾ ਹੈ। ’’

PunjabKesari


rajwinder kaur

Content Editor

Related News