ਪੇਂਡੂ ਮਜ਼ਦੂਰਾਂ 'ਤੇ ਭਾਰੀ ਪਏ ਪ੍ਰਵਾਸੀ ਮਜ਼ਦੂਰ, ਬੇਰੁਜ਼ਗਾਰਾਂ ਦੇ ਸਿਰੋਂ ਨਹੀਂ ਲੱਥਾ ਹੱਟੀਆਂ ਦਾ ਉਧਾਰ

06/24/2023 1:01:03 PM

ਤਲਵੰਡੀ ਭਾਈ (ਪਾਲ) : ਇਸ ਵਾਰ ਝੋਨੇ ਦੀ ਲਵਾਈ ਦੇ ਸੀਜ਼ਨ ’ਚ ਪੇਂਡੂ ਖੇਤ ਮਜ਼ਦੂਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਜ਼ਿਆਦਾ ਗਿਣਤੀ ’ਚ ਪੰਜਾਬ ਆ ਜਾਣ ਕਰ ਕੇ ਮਜ਼ਦੂਰੀ ਤੋਂ ਸੱਖਣਾ ਰਹਿਣਾ ਪੈ ਰਿਹਾ ਹੈ, ਜਿਸ ਕਰ ਕੇ ਪੇਂਡੂ ਖੇਤ ਮਜ਼ਦੂਰਾਂ ਦੀ ਆਰਥਿਕ ਹਾਲਤ ਦਿਨੋ-ਦਿਨ ਬਹੁਤ ਤਰਸਯੋਗ ਬਣਦੀ ਜਾ ਰਹੀ ਹੈ। ਪੱਤਰਕਾਰਾਂ ਵਲੋਂ ਵੱਖ-ਵੱਖ ਪਿੰਡਾਂ ਦੇ ਖੇਤ ਮਜ਼ਦੂਰਾਂ ਨਾਲ ਝੋਨੇ ਦੀ ਲਵਾਈ ਸਬੰਧੀ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਝੋਨੇ ਦੀ ਲਵਾਈ ਦੇ ਸੀਜ਼ਨਾਂ ’ਚ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਨਾਲ ਲਾ ਕੇ ਪੂਰੇ ਸੀਜ਼ਨ ’ਚ 10-15 ਹਜ਼ਾਰ ਰੁਪਏ ਦੀ ਮਿਹਨਤ ਕਰ ਲੈਂਦੇ ਸਨ ਪਰ ਇਸ ਵਾਰ ਪਿੰਡਾਂ ’ਚ ਬਿਹਾਰ, ਯੂ. ਪੀ. ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੋਣ ਨਾਲ ਪੇਂਡੂ ਖੇਤ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਜੇ ਥੋੜ੍ਹਾ-ਬਹੁਤ ਮਿਲਿਆ ਹੈ ਤਾਂ ਉਹ ਵੀ ਬੜੀ ਮੁਸ਼ਕਿਲ ਨਾਲ 3-4 ਹਜ਼ਾਰ ਰੁਪਏ ਦਾ ਹੀ।

ਮਜ਼ਦੂਰਾਂ ਨੇ ਦੱਸਿਆ ਕਿ ਉਹ ਹਾੜ੍ਹੀ ਦੀ ਵਾਢੀ ਕਰ ਕੇ ਪੂਰੇ ਸਾਲ ਦੇ ਖਾਣ ਜੋਗੀ ਕਣਕ ਅਤੇ ਪਸ਼ੂਆਂ ਲਈ ਤੂੜੀ ਇਕੱਠੀ ਕਰ ਲੈਂਦੇ ਸਨ ਅਤੇ ਝੋਨੇ ਦੀ ਲਵਾਈ ਦਾ ਸੀਜ਼ਨ ਲਾ ਕੇ ਬੱਚਿਆਂ ਲਈ ਕੱਪੜੇ ਅਤੇ ਪੇਂਡੂ ਹੱਟੀਆਂ ਤੋਂ ਖਾਧੇ ਰਾਸ਼ਨ ਦਾ ਉਧਾਰ ਮੋੜ ਕੇ ਨਵੇਂ ਸਿਰੇ ਤੋਂ ਉਧਾਰ ਲੈ ਲੈਂਦੇ ਸਨ ਪਰ ਇਸ ਵਾਰ ਤਾਂ ਦੁਕਾਨਦਾਰਾਂ ਦਾ ਉਧਾਰ ਵੀ ਸਾਡੇ ਸਿਰ ਤੋਂ ਨਹੀਂ ਲੱਥਾ। ਹਾੜ੍ਹੀ ’ਚ ਤੂੜੀ ਮੁਫ਼ਤ ਹੋ ਜਾਣ ਨਾਲ ਘਰ ’ਚ ਇਕ ਅੱਧ ਲਵੇਰਾ ਪਸ਼ੂ ਪਾਲ ਲੈਂਦੇ ਸੀ, ਜਿਸ ਦਾ ਥੋੜ੍ਹਾ-ਬਹੁਤ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਕੁਝ ਸੌਖਾ ਹੋ ਜਾਂਦਾ ਸੀ ਅਤੇ ਕਈ ਵਾਰ ਪਾਲ਼ੀ ਲਵੇਰੀ ਵੇਚ ਕੇ ਮੁੰਡੇ-ਕੁੜੀ ਦਾ ਵਿਆਹ ਜਾਂ ਜੇਕਰ ਕੋਈ ਇਕ-ਅੱਧੇ ਗਾਡਰ ਦਾ ਕੋਠਾ ਖੜ੍ਹਾ ਕਰਨਾ ਹੁੰਦਾ ਤਾਂ ਵਿਚ ਸਹਾਰਾ ਲੱਗ ਜਾਂਦਾ ਸੀ ਪਰ ਇਸ ਵਾਰ ਤਾਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਹੋਏ। ਪਸ਼ੂਆਂ ਨੂੰ ਮਹਿੰਗੇ ਮੁੱਲ ਦੀ ਤੂੜੀ ਲੈ ਕੇ ਕਿਥੋਂ ਪਾਈਏ, ਜਿਸ ਕਰ ਕੇ ਹੁਣ ਕੋਈ ਲਵੇਰੀ ਪਾਲਣੀ ਵੀ ਸਾਡੇ ਲਈ ਸੌਖੀ ਨਹੀਂ। ਮਜ਼ਦੂਰਾਂ ਨੇ ਦੱਸਿਆ ਕਿ ਇਕ ਏਕੜ ਝੋਨੇ ਦੀ ਮਿਹਨਤ ਦਾ ਵੀ ਉਨ੍ਹਾਂ ਨੂੰ ਮਸ਼ਕਿਲ ਨਾਲ ਢਾਈ ਤਿੰਨ ਹਜ਼ਾਰ ਰੁਪਇਆ ਹੀ ਮਿਲਦਾ ਹੈ, ਜਦਕਿ ਪ੍ਰਵਾਸੀ ਮਜ਼ਦੂਰ ਆਲੂ, ਚੌਲ, ਆਟਾ, ਤੇਲ ਵਗੈਰਾ ’ਤੇ 3-4 ਹਜ਼ਾਰ ਰੁਪਏ ਕਿਸਾਨਾਂ ਤੋਂ ਲੈਂਦੇ ਹਨ।

ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲ ਦੇਣ ਬਾਰੇ ਕੀ ਕਹਿੰਦੇ ਹਨ ਕਿਸਾਨ

ਬੀ. ਕੇ. ਯੂ. ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਸਰਾਂ, ਅਗਾਂਹਵਧੂ ਕਿਸਾਨ ਬਲਦੇਵ ਸਿੰਘ ਬਰਾੜ ਤੇ ਮਾਹਲਾ ਕਲਾਂ ਦੇ ਜਤਿੰਦਰ ਸਿੰਘ ਬਰਾਡ਼ ਸਮੇਤ ਹੋਰ ਵੀ ਕਿਸਾਨਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਕ ਤਾਂ ਪ੍ਰਵਾਸੀ ਮਜ਼ਦੂਰ ਉਨ੍ਹਾਂ ਨੂੰ ਇਕੱਠੇ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਉਹ ਆਪਣੀਆਂ ਮੋਟਰਾਂ ’ਤੇ ਹੀ ਰਹਿਣ ਲਈ ਜਗ੍ਹਾ ਦੇ ਦਿੰਦੇ ਹਨ। ਇਸ ਲਈ ਕਿਸਾਨਾਂ ਨੂੰ ਮਜ਼ਦੂਰਾਂ ਦੀ ਭਾਲ ਨਹੀਂ ਕਰਨੀ ਪੈਂਦੀ ਅਤੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ਦਾ ਕੰਮ ਵੀ ਆਪਣੇ ਖੇਤ ਮਜ਼ਦੂਰਾਂ ਨਾਲੋਂ ਕਰਦੇ ਵੀ ਜਲਦੀ ਹਨ। ਬਾਕੀ ਅਸੀਂ ਆਪਣਾ ਕੰਮ ਖ਼ਤਮ ਹੋਣ ’ਤੇ ਹੀ ਉਨ੍ਹਾਂ ਨੂੰ ਦੂਜੇ ਕਿਸਾਨਾਂ ਦੇ ਕੰਮ ’ਤੇ ਜਾਣ ਦਿੰਦੇ ਹਾਂ।


ਰੁਜ਼ਗਾਰ ਦੀ ਭਾਲ ਲਈ ਕੀ ਕਹਿੰਦੇ ਹਨ ਪੰਜਾਬੀ ਖੇਤ ਮਜ਼ਦੂਰ

ਖੇਤ ਮਜ਼ਦੂਰਾਂ ਨੇ ਦੱਸਿਆ ਕਿ ਹੁਣ ਪਿੰਡਾਂ ’ਚ ਦਿਹਾੜੀ ਡੱਪੇ ਦਾ ਕੰਮ ਵੀ ਬਹੁਤ ਹੀ ਘੱਟ ਗਿਆ ਹੈ। ਇਸ ਕਰ ਕੇ ਉਹ ਸ਼ਹਿਰਾਂ ’ਚ ਜਾ ਕੇ ਮਜ਼ਦੂਰੀ ਕਰਦੇ ਹਨ, ਜਿੱਥੇ ਚੌਂਕਾਂ ਵਿਚ ਜਾ ਕੇ ਉਨ੍ਹਾਂ ਦੀ ਇਕ ਕਿਸਮ ਦੀ ਮਜ਼ਦੂਰ ਮੰਡੀ ਲੱਗਦੀ ਹੈ। ਇਸ ਮਨੁੱਖੀ ਮੰਡੀ ’ਚੋਂ ਗਾਹਕ ਮਜ਼ਦੂਰਾਂ ਦੀ ਛਾਂਟੀ ਤਕੜੇ ਮਾੜੇ ਦੀ ਪਰਖ ਨਾਲ ਕਰਦਾ ਹੈ। ਜਿਹੜਾ ਦੇਖਣ ਨੂੰ ਤਕੜਾ ਮਜ਼ਦੂਰ ਲੱਗਦਾ ਹੈ, ਗਾਹਕ ਉਸ ਨੂੰ ਕੰਮ ’ਤੇ ਲੈ ਜਾਂਦਾ ਹੈ, ਜਦਕਿ ਸਿਹਤ ਪੱਖੋਂ ਕਮਜ਼ੋਰ, ਬਜ਼ੁਰਗ ਮਜ਼ਦੂਰ ਆਪਣੀਆਂ ਆਚਾਰ ਨਾਲ ਬੰਨੀਆਂ ਰੋਟੀਆਂ ਖਾ ਕੇ ਘਰਾਂ ਨੂੰ ਪਰਤ ਆਉਂਦੇ ਹਨ।


Harnek Seechewal

Content Editor

Related News