ਆਰ.ਸੀ.ਐੱਫ. ਦੇ ਉਦਯੋਗਿਕ ਉਤਪਾਦਾਂ ਦੀ ਵਿਕਰੀ 200 ਕਰੋੜ ਰੁਪਏ ਤੋਂ ਪਾਰ
Sunday, Aug 02, 2020 - 10:14 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਰਤ ਦੇ ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਦੇ ਤਹਿਤ ਪਬਲਿਕ ਸੈਕਟਰ ਅਦਾਰੇ, ਰਾਸ਼ਟਰੀਯ ਕੈਮੀਕਲਸ ਐਂਡ ਫਰਟੀਲਾਈਜ਼ਰਸ ਲਿਮਿਟਿਡ (ਆਰ.ਸੀ.ਐੱਫ.) ਕੋਵਿਡ-19 ਦੀ ਚੁਣੌਤੀਪੂਰਨ ਸਥਿਤੀ ਦੇ ਬਾਵਜੂਦ ਆਪਣੇ ਕਾਰਜ ਚਾਲ ਰਹੇ ਹਨ। ਚਾਲੂ ਵਿੱਤ ਵਰ੍ਹੇ ਵਿੱਚ ਜੁਲਾਈ 2020 ਦੇ ਅੰਤ ਤੱਕ ਇਸ ਨੇ ਉਦਯੋਗਿਕ ਉਤਪਾਦਾਂ ਦੀ ਵਿਕਰੀ ਵਿੱਚ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਕੰਪਨੀ ਮੁਤਾਬਕ 100 ਕਰੋੜ ਰੁਪਏ ਦੀ ਵਿਕਰੀ 67 ਦਿਨਾਂ ਵਿੱਚ ਹਾਸਲ ਕੀਤੀ ਗਈ, ਜਦੋਂਕਿ ਅਗਲੇ 100 ਕਰੋੜ ਰੁਪਏ ਦੀ ਵਿਕਰੀ ਵਿੱਚ ਸਿਰਫ 15 ਦਿਨ ਲੱਗੇ। ਆਰ.ਸੀ.ਐੱਫ. ਦੇ ਉਦਯੋਗਿਕ ਉਤਪਾਦ ਵਿਭਾਗ (ਆਈ.ਪੀ.ਡੀ.) ਵਿੱਚ ਕੁੱਲ 23 ਉਤਪਾਦ ਹਨ, ਜਿਨ੍ਹਾਂ ਦੀ ਹੋਰ ਉਦਯੋਗਾਂ ਜਿਵੇਂ ਫਾਰਮਾਸੀਊਟੀਕਲਸ, ਕੀਟ ਨਾਸ਼ਕ, ਖਨਨ, ਬੇਕਰੀ ਉਤਪਾਦ, ਫਾਈਬਰ, ਚਮੜਾ ਆਦਿ ਵਿੱਚ ਕੱਚੇ ਮਾਲ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਦੇਸ਼ ਦੇ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਆਰ.ਸੀ.ਐੱਫ. ਇੱਕ ਮਜ਼ਬੂਤ ਪ੍ਰੇਰਕ ਸ਼ਕਤੀ ਬਣਿਆ ਹੋਇਆ ਹੈ।
ਕੰਪਨੀ ਨੇ ''ਖਾਦ ਸੁਰੱਖਿਆ'' ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਬਹੁਤ ਯੋਗਦਾਨ ਦਿੱਤਾ ਹੈ ਅਤੇ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਣ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਵਿਡ ਮਹਾਮਾਰੀ ਦੇ ਕਾਰਨ ਵਿਸ਼ੇਸ਼ ਰੂਪ ਤੋਂ ਸਪਲਾਈ ਚੇਨ ਲੌਜਿਸਿਟਿਕਸ ਜਿਹੀਆਂ ਕਈ ਔਕੜਾਂ ਦੇ ਬਾਵਜੂਦ, ਆਰ.ਸੀ.ਐੱਫ. 2020-21 ਦੀ ਪਹਿਲੀ ਤਿਮਾਹੀ ਵਿੱਚ 5.9 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦਾਂ ਦਾ ਉਤਪਾਦਨ ਕਰਨ ਵਿੱਚ ਸਫਲ ਰਿਹਾ ਹੈ ਅਤੇ ਜੁਲਾਈ, 2020 ਵਿੱਚ 2.3 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦਾਂ ਦਾ ਉਤਪਾਦਨ ਕੀਤਾ ਜਾ ਚੁੱਕਾ ਹੈ। ਦੇਸ਼ ਵਿੱਚ ਖਾਦਾਂ ਦੀ ਘਾਟ ਦੂਰ ਕਰਨ ਲਈ ਆਰ.ਸੀ.ਐੱਫ. ਨੇ ਵੱਖ-ਵੱਖ ਗਰੇਡਾਂ ਦੇ 2 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦਾਂ ਦੀ ਦਰਾਮਦ ਕੀਤੀ ਹੈ। ਸਟੇਟ ਟਰੇਡਿੰਗ ਐਂਟਰਪ੍ਰਾਈਜ਼ ਦੇ ਰੂਪ ਵਿੱਚ, ਕੰਪਨੀ ਨੇ ਖਾਦ ਵਿਭਾਗ ਦੇ ਲਈ 13 ਲੱਖ ਮੀਟ੍ਰਿਕ ਟਨ ਯੂਰੀਆ ਦੀ ਦਰਾਮਦ ਕੀਤੀ ਹੈ।