2 ਸਾਲਾਂ ’ਚ ਝੋਨੇ ਹੇਠੋਂ 12.35 ਲੱਖ ਏਕੜ ਰਕਬਾ ਘਟਾ ਕਿਸਾਨਾਂ ਨੇ ਬਚਾਇਆ 7143 ਬਿਲੀਅਨ ਲਿਟਰ ਪਾਣੀ
Tuesday, Aug 04, 2020 - 11:45 AM (IST)
ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪਿਛਲੇ 2 ਸਾਲਾਂ ਦੌਰਾਨ ਪੰਜਾਬ ਅੰਦਰ ਝੋਨੇ ਹੇਠਲੇ ਰਕਬੇ ਵਿਚ ਆਈ ਗਿਰਾਵਟ ਕਾਰਨ ਜਿਥੇ ਸੂਬੇ ਅੰਦਰ ਫਸਲੀ ਵਿਭਿੰਨਤਾ ਮੁਹਿੰਮ ਨੂੰ ਹੁੰਗਾਰਾ ਮਿਲਿਆ ਹੈ। ਉਸ ਦੇ ਨਾਲ ਹੀ ਝੋਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੇ ਕਰੀਬ 7 ਹਜ਼ਾਰ ਬਿਲੀਅਨ ਲਿਟਰ ਤੋਂ ਵੀ ਜ਼ਿਆਦਾ ਪਾਣੀ ਬਚਾਉਣ ਵਿਚ ਵੀ ਸਫਲਤਾ ਹਾਸਿਲ ਕੀਤੀ ਹੈ। ਇਸ ਵੱਡੀ ਪ੍ਰਾਪਤੀ ਨੂੰ ਭਵਿੱਖ ਲਈ ਚੰਗਾ ਸੰਕੇਤ ਮਨਦਿਆਂ ਖੇਤੀ ਮਾਹਰਾਂ ਪੰਜਾਬ ਦੇ ਹੋਰ ਕਿਸਾਨਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਪਾਣੀ ਦੀ ਮਹੱਤਤਾ ਨੂੰ ਸਮਝਣ ਅਤੇ ਇਸ ਦੀ ਵਰਤੋਂ ਸੰਜਮ ਨਾਲ ਕਰਨੀ ਯਕੀਨੀ ਬਣਾਉਣ।
ਪੜ੍ਹੋ ਇਹ ਵੀ ਖਬਰ -
ਇਕ ਕਿਲੋ ਝੋਨੇ ਲਈ 2500 ਲਿਟਰ ਪਾਣੀ ਦੀ ਹੁੰਦੀ ਹੈ ਖਪਤ
ਪ੍ਰਾਪਤ ਵੇਰਵਿਆਂ ਅਨੁਸਾਰ ਇਕ ਕਿਲੋ ਝੋਨਾ ਪੈਦਾ ਕਰਨ ਲਈ ਆਮ ਤੌਰ ’ਤੇ 2500 ਲਿਟਰ ਪਾਣੀ ਦੀ ਖਪਤ ਹੋ ਜਾਂਦੀ ਹੈ। ਇਸ ਲਈ ਝੋਨੇ ਹੇਠ ਰਕਬਾ ਵਧਣ ਦਾ ਸਿੱਧਾ ਮਤਲਬ ਪਾਣੀ ਦੀ ਖਪਤ ਵਧਣ ਨਾਲ ਹੁੰਦਾ ਹੈ। ਇਸੇ ਕਾਰਣ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਸਮੇਤ ਖੇਤੀਬਾੜੀ ਨੂੰ ਦਰਪੇਸ਼ ਹੋਰ ਚੁਣੌਤੀਆਂ ਦੇ ਹੱਲ ਲਈ ਫਸਲੀ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਕਿਸਾਨਾਂ ਵੱਲੋਂ ਸਾਲ 2018 ਤੋਂ ਇਸ ਸੀਜਨ ਤੱਕ ਝੋਨੇ ਹੇਠ ਰਕਬੇ ’ਚ ਕਰੀਬ 12.35 ਲੱਖ ਏਕੜ ਗਿਰਾਵਟ ਲਿਆਂਦੀ ਗਈ ਹੈ। ਸਾਲ 2018 ਦੌਰਾਨ ਦੌਰਾਨ ਪੰਜਾਬ ਅੰਦਰ ਕਿਸਾਨਾਂ ਨੇ ਕਰੀਬ 64 ਲੱਖ ਏਕੜ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਸੀ, ਜਦੋਂ ਕਿ ਕਰੀਬ 12 ਲੱਖ 60 ਹਜ਼ਾਰ ਏਕੜ ਰਕਬਾ ਬਾਸਮਤੀ ਹੇਠ ਸੀ। ਪਿਛਲੇ ਸਾਲ 2019 ਦੌਰਾਨ ਕਿਸਾਨਾਂ ਨੇ 56 ਲੱਖ 58 ਹਜ਼ਾਰ ਏਕੜ ਵਿਚ ਝੋਨਾ ਲਗਾਇਆ ਸੀ ਜਦੋਂ ਕਿ ਬਾਸਮਤੀ ਹੇਠ ਰਕਬਾ 15 ਲੱਖ 53 ਹਜ਼ਾਰ ਤੱਕ ਪਹੁੰਚ ਗਿਆ ਸੀ। ਇਸ ਸਾਲ ਕਿਸਾਨਾਂ ਨੇ 51 ਲੱਖ 87 ਹਜ਼ਾਰ ਏਕੜ ਵਿਚ ਝੋਨਾ ਲਗਾਇਆ, ਜਦੋਂਕਿ 16 ਲੱਖ ਏਕੜ ਵਿਚ ਬਾਸਮਤੀ ਦੀ ਲਵਾਈ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਅਜੇ ਇਹ ਕੰਮ ਜਾਰੀ ਹੈ। ਇਸ ਤਰ੍ਹਾਂ ਇਨ੍ਹਾਂ ਦੋ ਸਾਲਾਂ ਦੌਰਾਨ ਪੰਜਾਬ ਅੰਦਰ ਝੋਨੇ ਹੇਠ ਕਰੀਬ 12 ਲੱਖ 35 ਹਜ਼ਾਰ ਹੈਕਟੇਅਰ ਰਕਬਾ ਘਟਿਆ ਹੈ ਅਤੇ ਇਸ ਰਕਬੇ ਵਿਚ ਕਿਸਾਨਾਂ ਨੇ ਮੱਕੀ, ਨਰਮੇ ਅਤੇ ਬਾਸਮਤੀ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਹੈ।
ਪੜ੍ਹੋ ਇਹ ਵੀ ਖਬਰ - ਐੱਫ. ਏ. ਓ. ਵਲੋਂ ਭਾਰਤ-ਪਾਕਿ ਸਰਹੱਦ ’ਤੇ ਟਿੱਡੀ ਦਲ ਹਮਲੇ ਦੀ ਚਿਤਾਵਨੀ
ਕੀ ਹੈ ਨਰਮੇ ਤੇ ਮੱਕੀ ਦੀ ਸਥਿਤੀ?
2018 ਦੌਰਾਨ ਮੱਕੀ ਹੇਠ 6.6 ਲੱਖ ਏਕੜ ਰਕਬਾ ਸੀ, ਜੋ ਇਸ ਸਾਲ ਵਧ ਕੇ 12 ਲੱਖ 37 ਹਜ਼ਾਰ ਏਕੜ ਤੱਕ ਪਹੁੰਚ ਗਿਆ ਹੈ। ਇਸੇ ਤਰਾਂ ਮੱਕੀ ਦੀ ਫਸਲ ਹੇਠ ਸਾਲ 2018 ਦੌਰਾਨ 1 ਲੱਖ 9 ਹਜ਼ਾਰ ਹੈਕਟੇਅਰ ਰਕਬਾ ਵਧ ਇਸ ਸਾਲ 2 ਲੱਖ 42 ਹਜ਼ਾਰ ਹੈਕਟੇਅਰ ਹੋ ਚੁੱਕਾ ਹੈ। ਇਸ ਤਰ੍ਹਾਂ ਪੰਜਾਬ ਅੰਦਰ ਇਨ੍ਹਾਂ ਦੋ ਸਾਲਾਂ ਵਿਚ ਨਰਮੇ ਹੇਠ 46 ਫੀਸਦੀ ਰਕਬਾ ਵਧਿਆ, ਜਦੋਂਕਿ ਮੱਕੀ ਹੇਠ 26 ਫੀਸਦੀ ਵਾਧਾ ਹੋਇਆ ਹੈ।
ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਮਣਾਂ ਮੂੰਹੀ ਮੈਡਲ ਜਿੱਤਣ ਵਾਲਾ ‘ਮਹਿੰਦਰ ਸਿੰਘ ਗਿੱਲ’
ਭਾਰੀ ਮਾਤਰਾ ’ਚ ਹੋਈ ਪਾਣੀ ਦੀ ਬਚਤ
ਇਕ ਅਨੁਮਾਨ ਅਨੁਸਾਰ ਪੰਜਾਬ ਅੰਦਰ ਇਕ ਹੈਕਟੇਅਰ ਰਕਬੇ ਵਿਚੋਂ 6.5 ਟਨ ਝੋਨੇ ਦੀ ਪੈਦਾਵਾਰ ਹੁੰਦੀ ਹੈ, ਜਦੋਂ ਕਿ ਬਾਸਮਤੀ ਦੀ ਪੈਦਾਵਾਰ ਕਰੀਬ 4.2 ਟਨ ਪ੍ਰਤੀ ਹੈਕਟੇਅਰ ਹੁੰਦੀ ਹੈ। ਮਾਹਰਾਂ ਅਨੁਮਾਨ ਜਿਸ ਤਰ੍ਹਾਂ ਇਕ ਕਿਲੋ ਝੋਨੇ ਲਈ ਕਰੀਬ 2500 ਲਿਟਰ ਪਾਣੀ ਦੀ ਖਪਤ ਹੁੰਦੀ ਹੈ, ਉਸ ਅਨੁਸਾਰ ਪੰਜਾਬ ਦੇ ਕਿਸਾਨਾਂ ਨੇ 8125 ਬਿਲੀਅਨ ਲਿਟਰ ਪਾਣੀ ਦੀ ਬਚਤ ਕੀਤੀ ਹੈ। ਏਨਾ ਹੀ ਨਹੀਂ ਕਿਸਾਨਾਂ ਨੇ ਇਸ ਸਾਲ ਕਰੀਬ 5 ਲੱਖ ਹੈਕਟੇਅਰ ’ਚ ਸਿੱਧੀ ਬਿਜਾਈ ਕਰ ਕੇ ਵੀ 1950 ਬਿਲੀਅਨ ਲਿਟਰ ਪਾਣੀ ਦੀ ਬਚਤ ਕੀਤੀ ਹੈ। ਦੂਜੇ ਪਾਸੇ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਜਿਸ ਢੰਗ ਨਾਲ ਪਿਛਲੇ ਕਰੀਬ 2 ਸਾਲਾਂ ਦੌਰਾਨ ਬਾਸਮਤੀ ਹੇਠ ਰਕਬੇ ਵਿਚ ਕਰੀਬ ਡੇਢ ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਉਸ ਨਾਲ ਇਸ ਰਕਬੇ ਵਿਚ ਪਾਣੀ ਦੀ ਖਪਤ ਵੀ ਕੁਝ ਵਧੀ ਹੈ ਕਿਉਂਂਕਿ ਇਕ ਕਿਲੋ ਬਾਸਮਤੀ ਪੈਦਾ ਕਰਨ ਲਈ ਕਰੀਬ 2619 ਲਿਟਰ ਪਾਣੀ ਲੱਗਦਾ ਹੈ ਜੋ ਝੋਨੇ ਤੋਂ ਜ਼ਿਆਦਾ ਹੈ। ਇਸ ਤਰ੍ਹਾਂ ਬਾਸਮਤੀ ਹੇਠਲੇ ਰਕਬੇ ਵਿਚ ਵਾਧਾ ਹੋਣ ਕਾਰਣ 1650 ਬਿਲੀਅਨ ਲਿਟਰ ਵਾਧੂ ਪਾਣੀ ਦੀ ਬਾਸਮਤੀ ’ਤੇ ਖਪਤ ਹੋਈ ਹੈ। ਇਸੇ ਤਰ੍ਹਾਂ ਕੁਝ ਰਕਬਾ ਨਰਮੇ ਹੇਠ ਜਾਣ ਕਾਰਣ 1263 ਬਿਲੀਅਨ ਲਿਟਰ ਪਾਣੀ ਦੀ ਖਪਤ ਇਸ ਫਸਲ ’ਤੇ ਵੀ ਹੋਈ ਹੈ। ਇਸ ਤਰ੍ਹਾਂ ਜੇਕਰ ਕੁਲ ਮਿਲਾ ਕੇ ਸਾਰੇ ਪਾਣੀ ਦਾ ਲੇਖਾ-ਜੋਖਾ ਕੀਤਾ ਜਾਵੇ ਤਾਂ ਕਿਸਾਨਾਂ ਵੱਲੋਂ ਦੋ ਸਾਲਾਂ ਵਿਚ ਫਸਲੀ ਚੱਕਰ ਬਦਲੇ ਜਾਣ ਕਾਰਣ 7163 ਬਿਲੀਅਨ ਲਿਟਰ ਪਾਣੀ ਦੀ ਬਚਤ ਕੀਤੀ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਪੰਜਾਬ ਲਈ ਬੇਹੱਦ ਜ਼ਰੂਰੀ ਹੈ ਪਾਣੀ ਦੀ ਬਚਤ
ਮਾਹਰਾਂ ਅਨੁਸਾਰ ਪੰਜਾਬ ਲਈ ਪਾਣੀ ਦੀ ਹਰੇਕ ਬੂੰਦ ਦੀ ਬਚਤ ਕਰਨੀ ਜ਼ਰੂਰੀ ਹੈ, ਕਿਉਂਕਿ ਤਿੰਨ ਸਾਲ ਪਹਿਲਾਂ ਹੀ ਪੰਜਾਬ ਦੇ ਕਰੀਬ 138 ਬਲਾਕਾਂ ਵਿਚ 109 ਡਾਰਕ ਜੋਨ ਵਿਚ ਆ ਚੁੱਕੇ ਸਨ ਜਦੋਂ ਕਿ 2 ਬਲਾਕ ਤਾਂ ਬੇਹੱਦ ਸੰਵੇਦਨਸ਼ੀਲ ਹਾਲਤ ਵਿਚ ਸਨ ਤੇ 5 ਬਲਾਕਾਂ ਦੀ ਸਥਿਤੀ ਵੀ ਕਾਫੀ ਗੰਭੀਰ ਸੀ। ਪੰਜਾਬ ਦੇ ਸਿਰਫ 22 ਬਲਾਕ ਅਜਿਹੇ ਸਨ, ਜਿਥੇ ਪਾਣੀ ਦੀ ਸਥਿਤੀ ਕੁਝ ਠੀਕ ਸੀ। ਅਜਿਹੀ ਸਥਿਤੀ ਵਿਚ ਮਾਹਰ ਇਹ ਪੰਜਾਬ ਅੰਦਰ ਵਾਹੀਯੋਗ ਰਕਬੇ ਵਿਚੋਂ ਕਰੀਬ 72 ਫੀਸਦੀ ਰਕਬੇ ਦੀ ਸਿੰਚਾਈ ਲਈ ਜੇਕਰ ਟਿਊਬਵੈੱਲ ਇਸੇ ਤਰ੍ਹਾਂ ਚਲਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਇਸ ਲਈ ਝੋਨੇ ਹੇਠੋਂ ਕਰੀਬ 50 ਫੀਸਦੀ ਰਕਬਾ ਘਟਾਉਣ ਦੀ ਲੋੜ ਹੈ।
ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੇ ਹਨ ‘ਬਾਗਬਾਨ’ ਤੇ ‘ਵਣ-ਖੇਤੀ’ ਕਰਨ ਵਾਲੇ ਕਿਸਾਨ
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’