ਕੀ ਹੈ ਗੰਡੋਆ ਖਾਦ ਤੇ ਖੇਤੀ ਰਹਿੰਦ ਖੂਹੰਦ ਨੂੰ ਮੁੜ ਵਰਤੋਂ ਯੋਗ ਬਣਾਉਣ ਦੀ ਵਿਧੀ: ਜੈਵਿਕ ਖੇਤੀ ਵਿਗਿਆਨੀ
Sunday, Jun 28, 2020 - 04:25 PM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਰਤ ਵਿੱਚ ਕਈ ਪ੍ਰਕਾਰ ਦੀ ਨਸਲ ਦੇ ਗੰਡੋਏ ਮਿਲਦੇ ਹਨ। ਗੰਡੋਏ ਦੀ ਇਕ ਪ੍ਰਜਾਤੀ ਆਈਸੀਨੀਆ ਫੀਟਿਡਾ ਕੰਪੋਸਟ ਤਿਆਰ ਕਰਨ ਲਈ ਵਧੀਆ ਨਸਲ ਮੰਨੀ ਜਾਂਦੀ ਹੈ। ਇਸਦੀ ਔਸਤਨ ਲੰਬਾਈ 3 ਤੋਂ 4 ਇੰਚ ਹੁੰਦੀ ਹੈ ਅਤੇ ਭਾਰ 1 ਗ੍ਰਾਮ ਦੇ ਕਰੀਬ ਹੁੰਦਾ ਹੈ। ਇਹ ਆਪਣਾ ਭੋਜਨ ਮਿੱਟੀ ਦੀ ਉਪਰਲੀ ਸਤ੍ਹਾ ਵਿੱਚ ਰਹਿਕੇ ਖਾਂਦੇ ਹਨ ਅਤੇ ਜ਼ਿਆਦਾ ਡੁੰਗਾਈ ਵਿੱਚ ਨਹੀਂ ਜਾਂਦੇ। ਇਨ੍ਹਾਂ ਦੇ ਵਾਧੇ ਦੀ ਦਰ ਜ਼ਿਆਦਾ ਅਤੇ ਜੀਵਨ ਚੱਕਰ ਛੋਟਾ ਹੋਣ ਕਰਕੇ ਕੰਪੋਸਟ ਵੀ ਵਧੀਆ ਅਤੇ ਜਲਦੀ ਤਿਆਰ ਹੁੰਦੀ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੈਵਿਕ ਵਿਗਿਆਨੀ ਨੀਰਜ ਰਾਣੀ ਅਤੇ ਸੋਹਨ ਸਿੰਘ ਵਾਲੀਆ ਨੇ ਗੰਡੋਇਆਂ ਦੀਆਂ ਕਿਸਮਾਂ ਅਤੇ ਵਰਮੀਕੰਪੋਸਟ ਬਣਾਉਣ ਦੀ ਵਿਧੀ ਸਬੰਧੀ ਜਾਣਕਾਰੀ ਦਿੱਤੀ।
ਗੰਡੋਇਆਂ ਦੀਆਂ ਕਿਸਮਾਂ
ਵਰਮੀਕੰਪੋਸਟਿੰਗ
ਗੰਡੋਏ ਹਰ ਤਰ੍ਹਾਂ ਦੇ ਕਾਰਬਨਿਕ ਜੈਵਿਕ ਪਦਾਰਥ ਜਿਵੇਂ ਕਿ ਗਲੇ ਸੜੇ ਪੱਤੇ, ਬੂਟੇ ਦੀਆਂ ਜੜ੍ਹਾਂ, ਸਬਜ਼ੀਆਂ ਦੀ ਰਹਿੰਦ ਖੂੰਹਦ, ਨਿਮਾਟੋਡ, ਬੈਕਟੀਰੀਆ, ਉਲੀ ਆਦਿ ਨੂੰ ਖਾਂਦੇ ਹਨ ਅਤੇ ਸੜਨ ਗਲਨ ਵਿਚ ਮਦਦ ਕਰਦੇ ਹਨ। ਇਹ ਸਾਰੀ ਪ੍ਰਕਿਰਿਆ ਵਰਮੀਕੰਪੋਸਟਿੰਗ ਕਹਾਉਂਦੀ ਹੈ। ਗੰਡੋਏ ਇਕ ਦਿਨ ਵਿੱਚ ਆਪਣੇ ਭਾਰ ਦੇ ਤੀਜੇ ਹਿੱਸੇ ਜਿੰਨੀ ਖੁਰਾਕ ਖਾ ਸਕਦੇ ਹਨ। ਗੰਡੋਏ ਨਾਲ ਤਿਆਰ ਕੀਤੀ ਗਈ ਕੰਪੋਸਟ ਵਰਮੀਕੰਪੋਸਟ ਕਹਾਉਂਦੀ ਹੈ ।
ਗੰਡੋਇਆਂ ਦੇ ਫਾਇਦੇ
• ਮਿੱਟੀ ਵਿੱਚ ਮੌਜੂਦ ਪਦਾਰਥ ਦੇ ਮਿਸ਼ਰਣ ’ਚ ਅਸਾਨੀ ਹੁੰਦੀ ਹੈ।
• ਫਸਲ ਦੀਆਂ ਜੜ੍ਹਾਂ ਵਿੱਚ ਹਵਾਦਾਰੀ ਬਣੀ ਰਹਿੰਦੀ ਹੈ।
• ਜੈਵਿਕ ਪਦਾਰਥ ਵਿੱਚ ਗਲਣ ਸੜਨ ਦੀ ਪ੍ਰਕਿਰਿਆ ਦਾ ਵਾਧਾ ਹੁੰਦਾ ਹੈ।
• ਕਾਰਬਨਿਕ ਕੂੜੇ ਕਚਰੇ ਦੀ ਦੁਰਗੰਧ ਨੂੰ ਰੋਕਣ ਲਈ ਵੀ ਇਹ ਸਹਾਈ ਹੁੰਦੇ ਹਨ।
ਵਰਮੀਕੰਪੋਸਟ ਬਣਾਉਣ ਦੀ ਵਿਧੀ
ਵਰਮੀਕੰਪੋਸਟ ਤਿਆਰ ਕਰਣ ਲਈ ਬੈਡ ਤਿਆਰ ਕਰਣ ਦੀ ਲੋੜ ਹੁੰਦੀ ਹੈ। ਬੈਡ ਦੀ ਚੌੜਾਈ 3 ਫੁੱਟ ਹੋਣੀ ਚਾਹੀਦੀ ਹੈ। ਜ਼ਿਆਦਾ ਚੌੜਾਈ ਠੀਕ ਨਹੀਂ ਰਹਿੰਦੀ, ਕਿਉਂਕਿ ਕੰਪੋਸਟ ਵਿੱਚ ਹੱਥ ਮਾਰਣਾ ਮੁਸ਼ਕਲ ਹੋ ਜਾਂਦਾ ਹੈ। ਬੈਡ ਦੀ ਲੰਬਾਈ ਉਪਲਬਧ ਜਗਹ ਅਨੁਸਾਰ 6 ਤੋਂ 10 ਫੁੱਟ ਤੱਕ ਹੋ ਸਕਦੀ ਹੈ। ਬੈਡ ਦਾ ਫਰਸ਼ ਪੱਕਾ ਹੋਣਾ ਜਰੂਰੀ ਹੈ। ਇਸ ਲਈ ਫਰਸ਼ ਦੀਆਂ ਇੱਟਾਂ ਨੂੰ ਟੀਪ ਕੀਤਾ ਜਾ ਸਕਦਾ ਹੈ। ਫਰਸ਼ ਪੱਕਾ ਹੋਣ ਕਰਕੇ ਪਸ਼ੂਆਂ ਦਾ ਮਲ ਮੂਤਰ ਥੱਲੇ ਨਹੀਂ ਰਿਸਦਾ ਅਤੇ ਗੰਡੋਏ ਵੀ ਥੱਲੇ ਨਹੀਂ ਖਿਸਕਦੇ। ਬੈਡ ਦੀ ਉਚਾਈ 2 ਫੁੱਟ ਦੇ ਕਰੀਬ ਹੋਣੀ ਚਾਹੀਦੀ ਹੈ।
ਸਭ ਤੋਂ ਪਹਿਲਾਂ ਬੈਡ ਵਿੱਚ 2-3 ਇੰਚ ਪਰਾਲੀ ਦੀ ਤਹਿ ਲਾਉਣੀ ਚਾਹੀਦੀ ਹੈ। ਪਰਾਲੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਜਰੂਰੀ ਹੈ ਪਰ ਫਰਸ਼ ਤੇ ਪਾਣੀ ਨਹੀਂ ਖੜਨਾ ਚਾਹੀਦਾ। ਇਸ ਨਾਲ ਕਾਫੀ ਸਮੇਂ ਤੱਕ ਢੇਰ ਵਿੱਚ ਨਮੀ ਬਣੀ ਰਹਿੰਦੀ ਹੈ। ਇਸ ਦੇ ਉਪਰ ਡੇਡ ਤੋਂ ਦੋ ਫੁੱਟ ਗੋਹਾ ਪਾਉਣ ਦੀ ਲੋੜ ਹੁੰਦੀ ਹੈ। ਤਾਜਾ ਗੋਹਾ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਸ ਵਿੱਚ ਤਾਪਮਾਨ ਅਤੇ ਗੈਸਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗੰਡੋਇਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਲਗਭਗ 4-5 ਦਿਨ ਪੁਰਾਣਾ ਗੋਹਾ ਠੀਕ ਰਹਿੰਦਾ ਹੈ। ਗੋਬਰ ਪਾਉਣ ਤੋਂ ਬਾਅਦ 2 ਤੋਂ 3 ਕਿੱਲੋ ਗੰਡੋਏ ਪ੍ਰਤੀ ਬੈਡ (ਲੰਬਾਈ ਤੇ ਅਧਾਰ ਤੇ) ਦੀ ਦਰ ਨਾਲ ਖਿਲਾਰ ਦੇਣੇ ਚਾਹੀਦੇ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਗਿੱਲੀ ਕੀਤੀ ਪਰਾਲੀ ਅਤੇ ਗੋਹੇ ਨਾਲ ਢੱਕ ਦੇਣਾ ਚਾਹੀਦਾ ਹੈ। ਬੈਡ ਵਿੱਚ ਰਸੋਈ ਦਾ ਕੂੜਾ ਕਰਕਟ, ਜੂਟ ਦੀਆਂ ਬੋਰੀਆਂ, ਸੂਤੀ ਕੱਪੜੇ, ਫਸਲਾਂ ਅਤੇ ਡੇਅ੍ਰੀ ਫਾਰਮਾਂ ਦੀ ਰਹਿੰਦ ਖੂੰਹਦ ਵੀ ਪਾਈ ਜਾ ਸਕਦੀ ਹੈ। ਗੰਡੋਇਆਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸ਼ੈਡ ਬਣਾਉਣ ਦੀ ਲੋੜ ਹੈ। ਸ਼ੈਡ ਗਰਮੀ ਅਤੇ ਸਰਦੀ ਤੋਂ ਬਚਾ ਸਕਦਾ ਹੈ ਅਤੇ ਤੇਜ ਮੀਂਹ ਕਣੀ ਨੂੰ ਵੀ ਰੋਕਦਾ ਹੈ। ਨਮੀ ਬਣਾਉਣ ਲਈ ਪਾਣੀ ਦਾ ਛਿੜਕਾਅ ਜਰੂਰੀ ਹੈ। ਗਰਮੀਆਂ ਵਿੱਚ ਇਹ ਛਿੜਕਾਅ ਦਿਨ ਵਿੱਚ ਮੌਸਮ ਮੁਤਾਬਕ 2-3 ਵਾਰੀ ਵੀ ਕਰਨਾ ਪੈ ਸਕਦਾ ਹੈ ਅਤੇ ਸਰਦੀਆਂ ਵਿੱਚ 2-3 ਦਿਨ ਬਾਅਦ ਛਿੜਕਾਅ ਦੀ ਲੋੜ ਪੈ ਸਕਦੀ ਹੈ। ਇਸ ਕਲਚਰ ਬੈਡ ਨੂੰ ਤਿਆਰ ਹੋਣ ਚ 2 ਤੋਂ 3 ਮਹੀਨੇ ਲਗਦੇ ਹਨ।
ਕੰਪੋਸਟ ਨੂੰ ਗੰਡੋਇਆਂ ਤੋਂ ਅਲੱਗ ਕਰਣਾ
ਤਿਆਰ ਵਰਮੀਕੰਪੋਸਟ ਇਕਸਾਰ, ਦਾਣੇਦਾਰ, ਕਾਲੇ ਰੰਗ ਅਤੇ ਮਹਿਕ ਰਹਿਤ ਹੁੰਦੀ ਹੈ। ਇਸਨੂੰ ਗੰਡੋਇਆਂ ਤੋਂ ਅਲੱਗ ਕਰਣ ਲਈ ਬੈਡ ਵਿੱਚ ਨਮੀ ਘਟਾ ਦਿੱਤੀ ਜਾਂਦੀ ਹੈ। ਇਸ ਨਾਲ ਗੰਡੋਏ ਥੋੜੇ ਥੱਲੇ ਖਿਸਕ ਜਾਂਦੇ ਹਨ। ਕੰਪੋਸਟ ਦੀ ਢੇਰੀ ਉਪਰੋਂ ਅਲਗ ਕਰ ਲਈ ਜਾਂਦੀ ਹੈ। ਕੰਪੋਸਟ ਨੂੰ 9 ਅਤੇ 10 ਨੰਬਰ ਦੀ ਛਾਨਣੀ ਨਾਲ ਛਾਣਿਆ ਜਾਂਦਾ ਹੈ। 10 ਨੰਬਰ ਦੀ ਸੀਵ ਸੰਘਣੀ ਹੁੰਦੀ ਹੈ ਅਤੇ ਇਹ ਗੰਡੋਏ ਦੇ ਬੱਚੇ ਅਤੇ ਕਕੂਨ ਨੂੰ ਰੋਕਦੀ ਹੈ, ਜੋ ਨਵੇਂ ਬੈਡ ਵਿੱਚ ਪ੍ਰਯੋਗ ਕੀਤੇ ਜਾ ਸਕਦੇ ਹਨ।