ਖੁੰਬਾਂ ਦੀ ਪੈਦਾਵਾਰ ‘ਚ ਝੰਡੇ ਗੱਡਣ ਵਾਲੇ ਕਿਸਾਨ : ਅਵਤਾਰ ਸਿੰਘ ਤੇ ਗੁਰਤੇਜ ਸਿੰਘ

Thursday, Aug 12, 2021 - 02:57 PM (IST)

ਖੁੰਬਾਂ ਦੀ ਪੈਦਾਵਾਰ ‘ਚ ਝੰਡੇ ਗੱਡਣ ਵਾਲੇ ਕਿਸਾਨ : ਅਵਤਾਰ ਸਿੰਘ ਤੇ ਗੁਰਤੇਜ ਸਿੰਘ

ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਤੋ ਥੋੜ੍ਹੀ ਦੂਰ ਪੈਂਦੇ ਪਿੰਡ ਮੌਲਵੀਵਾਲਾ ਦੇ ਕਿਸਾਨ ਅਵਤਾਰ ਸਿੰਘ ਅਤੇ ਗੁਰਤੇਜ ਸਿੰਘ ਪੁੱਤਰ ਕਿਰਪਾਲ ਸਿੰਘ ਚਾਚੇ/ਭਤੀਜੇ ਨੇ ਇਕੱਠੇ ਹੋ ਕੇ ਖੁੰਬਾਂ ਦੀ ਪੈਦਾਵਾਰ ਕਰਨ ਦਾ ਮਨ ਬਣਾਇਆ ਤਾਂ ਇਹ ਮਨ ਉਡਾਰੀਆਂ ਮਾਰਦਾ ਹੋਇਆ ਹੁਣ ਬੁੰਲਦੀਆਂ ’ਤੇ ਪਹੁੰਚ ਚੁੱਕਿਆ ਹੈ। ਛੋਟੀਆਂ ਮੰਡੀਆਂ ਵਿੱਚ ਵਿਕਣ ਵਾਲੀ ਪੈਦਾਵਾਰ ਹੁਣ ਲੁਧਿਆਣੇ ਵਰਗੀ ਵੱਡੀ ਮੰਡੀ ਵਿੱਚ ਵਿਕਣ ਲਈ ਜਾ ਰਹੀ ਹੈ। ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇਨ੍ਹਾਂ ਮਿਹਨਤੀ ਖੁੰਬ ਉਤਪਾਦਕਾਂ ਨੇ ਦੱਸਿਆ ਕਿ ਉਹ 6 ਕਨਾਲ ਵਿੱਚ ਬਟਨ ਖੁੰਬ ਦੀ ਪੈਦਾਵਾਰ ਕਰ ਰਹੇ ਹਨ। ਉਹ ਇਸ ਵੇਲੇ 700 ਕੁਇੰਟਲ ਤੂੜੀ ਤੋਂ ਖੁੰਬਾਂ ਦੀ ਪੈਦਾਵਾਰ ਕਰ ਰਹੇ ਹਨ, ਜਿਸ ਨੂੰ ਪੈਦਾ ਕਰਨ ਲਈ 11 ਢਾਰੇ ਬਣਾਏ ਗਏ ਹਨ। ਖੁੰਬਾਂ ਦੀ ਪੈਦਾਵਾਰ ਲਈ ਜ਼ਰੂਰੀ ‘ਕੰਪੋਸਟ’ ਉਹ ਆਪਣੇ ਹੱਥੀਂ ਤਿਆਰ ਕਰਦੇ ਹਨ, ਜਿਸ ਨੂੰ ਤਿਆਰ ਕਰਨ ਦਾ ਢੁੱਕਵਾਂ ਸਮਾਂ 2-3 ਸਤੰਬਰ ਤੋਂ ਲੈ ਕੇ 2-3 ਅਕਤੂਬਰ ਤੱਕ ਦਾ ਮੰਨਿਆ ਜਾਂਦਾ ਹੈ।

ਇਸ ਤੋਂ ਬਾਅਦ ਇਸ ਵਿੱਚ ਬੀਜ ਮਿਲਾ ਕੇ ਖੁੰਭਾਂ ਦੀ ਕਾਸ਼ਤ ਸ਼ੁਰੂ ਕੀਤੀ ਜਾ ਸਕਦੀ ਹੈ। 700 ਕੁਇੰਟਲ ਤੂੜੀ ਕਣਕ ਦੇ ਸੀਜ਼ਨ ਦੌਰਾਨ ਆਪਣੀ ਰੱਖਦੇ ਹਨ, ਜਿਸ ਕਰਕੇ ਉਨ੍ਹਾਂ ਦਾ ਅੱਧੇ ਤੋਂ ਵੱਧ ਖ਼ਰਚਾ ਤੂੜੀ ਦੀ ਵੀ ਘੱਟ ਜਾਂਦਾ ਹੈ। ਖੁੰਬਾਂ ਦੀ ਕਾਸ਼ਤ ਕਰਨ ਲਈ ਬੀਜ ਰੋਹਤਕ, ਪਾਣੀਪਤ ਅਤੇ ਹਿਸਾਰ ਆਦਿ ਦੀਆਂ ਨਿੱਜੀ ਲੈਬਰਾਟਰੀਆਂ ਤੋਂ ਖ਼ਰੀਦਿਆ ਜਾਂਦਾ ਹੈ। ਅਸਲ ਵਿੱਚ ਖੁੰਬ ਦਾ ਕੋਈ ਬੀਜ ਨਹੀ ਹੁੰਦਾ, ਸਗੋਂ ਇਹ ਹੋਰਨਾਂ ਖਾਣ ਯੋਗ ਉੱਲੀਆਂ ਦੀ ਤਰ੍ਹਾਂ ਇੱਕ ਉੱਲੀ ਹੈ ਕਿਉਂਕਿ ਉੱਲੀ ਦੀਆਂ ਕਈ ਕਿਸਮਾਂ ਮਨੁੱਖੀ ਸਰੀਰ ਲਈ ਖ਼ਤਰਨਾਕ ਹੁੰਦੀਆਂ ਹਨ ਪਰ ਕਈ ਲਾਭਦਾਇਕ ਵੀ ਹਨ, ਜਿਨ੍ਹਾਂ ਵਿੱਚ ਖੁੰਬਾਂ ਵੀ ਸ਼ਾਮਲ ਹਨ। ਇਸ ਉੱਲੀ ਨੂੰ ਕਣਕ ਜਾਂ ਮੱਕੀ ਦੇ ਦਾਣਿਆਂ ’ਤੇ ਲਾਇਆ ਜਾਦਾ ਹੈ, ਜਿਸ ਨੂੰ ਸਫਾਨ ਕਿਹਾ ਜਾਂਦਾ ਹੈ।

ਜਦੋਂ ਉੱਲੀ ਵਾਲੇ ਇਹ ਦਾਣੇ ਤੂੜੀ ਤੋਂ ਤਿਆਰ ਕੀਤੀ ਗਈ ਕੰਪੋਸਟ ਵਿੱਚ ਪਾਏ ਜਾਂਦੇ ਹਨ ਤਾਂ ਕੰਪੋਸਟ ਵਿੱਚ ਉੱਲੀ ਫੈਲ ਜਾਂਦੀ ਹੈ ਅਤੇ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭਾਰਤੀ ਲੋਕਾਂ ਅੰਦਰ ਖੁੰਬਾਂ ਪ੍ਰਤੀ ਜਾਗਰੂਕਤਾ ਪੈਦਾ ਹੋਣ ਕਾਰਨ ਖ਼ਪਤ ਵੱਧ ਗਈ ਹੈ ਅਤੇ ਇਹ ਖ਼ਪਤ ਕਾਰਨ ਹੀ ਖੁੰਬਾਂ ਦਾ ਕਾਰੋਬਾਰ ਉਦਯੋਗ ਦਾ ਰੂਪ ਧਾਰਨ ਕਰ ਗਿਆ ਹੈ। ਪੰਜਾਬ ਅੰਦਰ ਵੀ ਪੂੰਜੀਪਤੀ ਵਰਗ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਖੁੰਬ ਉਦਯੋਗ ਚਲਾਏ ਜਾ ਰਹੇ ਹਨ, ਜਿਸ ਕਰਕੇ ਕਿਸਾਨ ਕਣਕ ਦੀ ਵਾਢੀ ਵੇਲੇ ਨਾੜ ਨੂੰ ਅੱਗ ਨਾ ਲਗਾ ਕੇ ਤੂੜੀ ਸੰਭਾਲ ਕੇ ਰੱਖਣ ਕਿਉਂਕਿ ਇਨ੍ਹਾਂ ਉਦਯੋਗਾਂ ਨੂੰ ਸਾਰਾ ਸਾਲ ਹੀ ਤੂੜੀ ਦੀ ਲੋੜ ਪੈਂਦੀ ਹੈ। ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਖ਼ਰਚਾ ਲੈ ਕੇ ਇਹ ਉਦਯੋਗ ਕੰਪੋਸਟ ਵੀ ਤਿਆਰ ਕਰਕੇ ਦੇ ਦਿੰਦੇ ਹਨ। ਆਮ ਤੌਰ ’ਤੇ 40-45 ਦਿਨਾਂ ਅੰਦਰ ਤਿਆਰ ਹੋਣ ਵਾਲੀ ਕੰਪੋਸਟ ਆਧੁਨਿਕ ਤਰੀਕੇ ਨਾਲ 20-25 ਦਿਨਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ।

ਕਿਸਾਨ ਅਤਵਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਤੂੜੀ, ਖਾਦਾਂ ਅਤੇ ਹੋਰ ਸਮਾਨ ਦੇ ਕੇ ਕੰਪੋਸਟ ਖੁੰਬ ਉਦਯੋਗ ਤੋਂ ਤਿਆਰ ਕਰਵਾਈ ਸੀ। ਖੁੰਬਾਂ ਦੀ ਪੈਦਾਵਾਰ ਲਈ ਬਹੁਤ ਜ਼ਿਆਦਾ ਠੰਢੇ ਤਾਪਮਾਨ ਅਤੇ ਕੋਰੇ ਤੋਂ ਬਚਾਅ ਦੀ ਲੋੜ ਹੁੰਦੀ ਹੈ, ਜਿਸ ਕਰਕੇ ਇਸ ਲਈ ਬਾਂਸਾਂ ਨਾਲ ਇੱਕ ਮਜ਼ਬੂਤ ਢਾਂਚੇ ਅਤੇ ਤਰਪਾਲਾਂ ਦਾ ਸ਼ੈੱਡ ਤਿਆਰ ਕਰਨਾ ਪੈਂਦਾ ਹੈ। 700 ਕੁਇੰਟਲ ਤੂੜੀ ਵਿੱਚੋਂ ਰੋਜ਼ਾਨਾ ਤਕਰੀਬਨ ਤਿੰਨ ਕੁਇੰਟਲ ਖੁੰਬਾਂ ਦੀ ਪੈਦਾਵਾਰ ਹੋ ਸਕਦੀ ਹੈ। ਕਈ ਵਾਰ ਤਾਂ ਖੁੰਬ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਵੀ ਮਿਲ ਜਾਂਦੀ ਹੈ। 6 ਕਨਾਲ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਇਨ੍ਹਾਂ ਖੁੰਬਾਂ ’ਤੇ 10 ਲੱਖ ਰੁਪਏ ਤੋਂ ਵੱਧ ਦਾ ਖ਼ਰਚ ਆਉਦਾ ਹੈ, ਜਿਸ ਵਿੱਚ ਕੁੱਝ ਪੱਕੇ ਅਤੇ ਕੁੱਝ ਰੋਜ਼ਾਨਾ ਦੇ ਖ਼ਰਚੇ ਸ਼ਾਮਲ ਹੁੰਦੇ ਹਨ। ਖੁੰਬਾਂ ਦੀ ਤੁੜਾਈ ਪ੍ਰਤੀ ਦਿਨ ਕਰਨੀ ਬਹੁਤ ਜ਼ਰੂਰੀ ਹੈ। ਇਹ ਛੇਤੀ ਖਰਾਬ ਹੋਣ ਤੇ ਪੱਕਣ ਵਾਲੀ ਸਬਜ਼ੀ ਹੈ।

ਨਾ ਤੋੜੇ ਜਾਣ ’ਤੇ 36 ਘੰਟਿਆਂ ’ਚ ਪੱਕ ਕੇ ਖ਼ਰਾਬ ਹੋ ਜਾਂਦੀ ਹੈ। ਨਾ ਵੇਚੇ ਜਾਣ ’ਤੇ ਲਿਫਾਫਿਆਂ ’ਚ ਹੀ ਸੜ ਜਾਂਦੀ ਹੈ, ਜਿਸ ਕਰਕੇ 12 ਘੰਟੇ ਦੇ ਅੰਦਰ ਮੰਡੀ ਵਿੱਚ ਲੈ ਕੇ ਜਾਣੀ ਜ਼ਰੂਰੀ ਹੈ। ਖੁੰਬ ਦੀ ਤੁੜਾਈ, ਸਫਾਈ ਅਤੇ ਪੈਕਿੰਗ ਕਰਕੇ ਸਵੇਰੇ ਮੰਡੀ ਵਿੱਚ ਜਾਣਾ ਹੁੰਦਾ ਹੈ। ਕਮਾਈ ਦੇ ਨਾਲ ਹੀ ਥੋੜ੍ਹਾ ਮਿਹਨਤ ਵਾਲਾ ਧੰਦਾ ਹੈ। ਜੇਕਰ ਕਿਸਾਨ ਵੱਡੇ ਪੱਧਰ ’ਤੇ ਖੁੰਬਾਂ ਦੀ ਕਾਸ਼ਤ ਨਹੀ ਕਰ ਸਕਦੇ ਤਾਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਰਲ ਕੇ ਖੁੰਬਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੀ ਆਮਦਨ ਵੱਧ ਸਕਦੀ ਹੈ ਅਤੇ ਖੁੰਬਾਂ ਦੀ ਵੱਧ ਰਹੀ ਮੰਗ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।   
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ, ਜ਼ਿਲ੍ਹਾ ਪਟਿਆਲਾ 98761-01698


author

Babita

Content Editor

Related News