ਮਾਲਵੇ ਦੀਆਂ ਮੰਡੀਆਂ ਵਿੱਚ ਨਹੀਂ ਮਿਲ ਰਿਹਾ ਨਰਮੇ ਦਾ ਘੱਟੋ ਘੱਟ ਸਮਰਥਨ ਮੁੱਲ

Monday, Oct 05, 2020 - 12:10 PM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਦੇ ਮਾਲਵੇ ਇਲਾਕੇ ਵਿੱਚ ਸਰਕਾਰੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਦਾ ਨਰਮਾ ਘੱਟੋ ਘੱਟ ਸਮਰਥਨ ਮੁੱਲ ਤੋਂ ਬਹੁਤ ਘੱਟ ਵਿਕ ਰਿਹਾ ਹੈ। ਸਾਲ 2020-21 ਦੌਰਾਨ ਨਰਮੇ ਦਾ ਘੱਟੋ-ਘੱਟ ਸਮਰਥਨ ਮੁੱਲ 5255 ਰੁਪਏ ਪ੍ਰਤੀ ਕੁਇੰਟਲ ਤੋਂ ਵਧਾਕੇ 5515 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪਰ ਮਾਲਵੇ ਦੀਆਂ ਮੰਡੀਆਂ ਵਿਚ ਨਰਮੇ ਦਾ ਮੁੱਲ 5000 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਹੀ ਲੱਗ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਕੈਨੇਡਾ ਸਟੂਡੈਂਟ ਵੀਜ਼ਾ: ਕਿਸੇ ਵੀ ਬੈਚਲਰ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ ਐਮ.ਬੀ.ਏ.

ਕਿਸਾਨ
ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਬਠਿੰਡੇ ਜ਼ਿਲ੍ਹੇ ਦੇ ਕਿਸਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਹ 4 ਕੁਇੰਟਲ ਤੋਂ ਉਪਰ ਨਰਮਾ ਭੁੱਚੋ ਮੰਡੀ ਵੇਚ ਕੇ ਆਏ ਹਨ। ਨਰਮੇ ਦਾ ਮੁੱਲ 4900 ਰੁਪਏ ਪ੍ਰਤੀ ਕੁਇੰਟਲ ਲੱਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਖਰੀਦ ਹੁੰਦੀ ਹੈ ਤਾਂ 5200 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਨਰਮੇ ਦਾ ਮੁੱਲ ਮਿਲ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਹਕੁਵਾਲ ਦੇ ਕਿਸਾਨ ਹਰਨੇਕ ਸਿੰਘ ਨੇ ਦੱਸਿਆ ਕਿ ਉਹ 25 ਏਕੜ ਵਿਚ ਨਰਮੇ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ 100 ਮਣ ਨਰਮਾ ਮਲੋਟ ਮੰਡੀ ਵਿੱਚ ਵੇਚਿਆ ਜਿਸਦਾ ਮੁੱਲ 4800 ਤੋਂ 5000 ਰੁਪਏ ਪ੍ਰਤੀ ਕੁਇੰਟਲ ਲੱਗਿਆ। ਉਨ੍ਹਾਂ ਦੱਸਿਆ ਕਿ ਪਹਿਲੀ ਚੁਗਾਈ ਦਾ ਨਰਮਾਂ ਘੱਟ ਮੁੱਲ ਵਿਚ ਲਗਦਾ ਹੈ, ਕਿਉਂਕਿ ਇਕ ਤਾਂ ਇਸ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਦੂਸਰਾ ਸ਼ੁਰੂਆਤ ਵਿੱਚ ਜ਼ਿਆਦਾਤਰ ਨਰਮਾ ਫੁੱਟਾਂ ਵਾਲਾ ਨਹੀਂ ਹੁੰਦਾ। ਦੂਜੀ ਚੁਗਾਈ ਵੇਲੇ ਚੰਗਾ ਮੁਲ ਲੱਗਣ ਉਮੀਦ ਹੈ।

ਪੜ੍ਹੋ ਇਹ ਵੀ ਖਬਰ - Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਆੜਤੀਆ 
ਭੁੱਚੋ ਮੰਡੀ ਦੇ ਆੜ੍ਹਤੀਆਂ ਦਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ 8 ਦਿਨਾਂ ਤੋਂ ਨਰਮਾ ਮੰਡੀ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਨਰਮੇ ਦਾ ਮੁੱਲ 4850 ਰੁਪਏ ਪ੍ਰਤੀ ਕੁਇੰਟਲ ਤੋਂ 5000 ਰੁਪਏ ਪ੍ਰਤੀ ਕੁਇੰਟਲ ਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਅਜੇ ਸ਼ੁਰੂ ਨਹੀਂ ਹੋਈ ਹੈ। ਇਸਦਾ ਕਾਰਣ ਇਹ ਹੈ ਕਿ ਨਰਮੇਂ ਵਿੱਚ ਨਮੀ ਜ਼ਿਆਦਾ ਹੈ। ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਨਰਮੇ ਦੇ ਮੁੱਲ ਵਿੱਚ ਵਾਧਾ ਹੋਣ ਦੇ ਅਸਾਰ ਜ਼ਰੂਰ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮਲੋਟ ਦੇ ਆੜ੍ਹਤੀਆਂ ਅਨਿਲ ਛਾਬੜਾ ਨੇ ਦੱਸਿਆ ਕਿ ਮਲੋਟ ਦੀ ਮੰਡੀ ਵਿੱਚ 15 ਸਤੰਬਰ ਤੋਂ ਨਰਮਾ ਆਉਣਾ ਸ਼ੁਰੂ ਹੋ ਗਿਆ ਸੀ। ਨਰਮੇ ਦਾ ਮੁੱਲ 5000 ਰੁਪਏ ਪ੍ਰਤੀ ਕੁਇੰਟਲ ਹੀ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿੱਚ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਉਮੀਦ ਹੈ ਕਿ ਅਗਲੇ 10 ਦਿਨਾਂ ਤੱਕ ਪੰਜਾਬ ਵਿਚ ਵੀ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ।

ਪੜ੍ਹੋ ਇਹ ਵੀ ਖਬਰ - ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਖ਼ਤਰੇ ਦੀ ਘੰਟੀ ਹੈ ‘ਇਲੈਕਟ੍ਰਾਨਿਕ ਕਚਰਾ’, ਜਾਣੋ ਕਿਉਂ (ਵੀਡੀਓ)


rajwinder kaur

Content Editor

Related News