ਜੀਵਨ ਰੱਖਿਅਕ ਹੈ ਜੈਵਿਕ ਖੇਤੀ

02/19/2018 12:29:13 PM

ਜਲੰਧਰ - ਭਾਰਤ ਦੀ 70 ਫੀਸਦੀ ਤੋਂ ਵੀ ਵੱਧ ਆਬਾਦੀ ਖੇਤੀ ਧੰਦਿਆਂ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੀ ਹੋਈ ਹੈ। ਦੂਜੇ ਮਹਾਯੁੱਧ ਉਪਰੰਤ ਜਦੋਂ ਵਿਸ਼ਵ ਦੀ ਜਨਸੰਖਿਆ 'ਚ ਤੇਜ਼ੀ ਨਾਲ ਵਾਧਾ ਹੋਇਆ ਤਾਂ ਇਸ ਨੇ ਸਰਕਾਰਾਂ ਅਤੇ ਸਾਇੰਸਦਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਮੰਗ ਅਤੇ ਉਤਪਾਦਨ ਦੇ ਸੰਤੁਲਨ ਲਈ ਜੁਗਤ-ਜੁਗਾੜ ਕਰਨੇ ਪਏ। 
ਡਾ. ਐੱਮ. ਐੱਸ. ਸਵਾਮੀਨਾਥਨ ਜਿਹੇ ਵਿਗਿਆਨੀਆਂ ਦੀ ਸੋਚ ਅਤੇ ਮਿਹਨਤ ਸਦਕਾ ਹਰੀ ਕ੍ਰਾਂਤੀ ਦਾ ਜਨਮ ਹੋਇਆ ਪਰ ਨਾਲ ਹੀ ਰਸਾਇਣਕ ਖਾਦਾਂ, ਕੀਟਨਾਸ਼ਕਾਂ, ਪੈਸਟੀਸਾਈਡਜ਼, ਉੱਲੀਨਾਸ਼ਕਾਂ ਦੀ ਵਰਤੋਂ 'ਚ ਹੋਏ ਚੋਖੇ ਵਾਧੇ ਨੇ ਵਕਤੀ ਤੌਰ ਉੱਤੇ ਵਧੀ ਪੈਦਾਵਾਰ ਨੂੰ ਮਨੁੱਖੀ ਸਿਹਤ ਲਈ ਮਾਰੂ ਬਣਾ ਦਿੱਤਾ ਹੈ। ਸਿੱਟੇ ਬਹੁਤ ਭਿਆਨਕ ਨਿਕਲੇ, ਜ਼ਮੀਨ ਬੰਜਰ ਹੋਣ ਲੱਗੀ, ਪ੍ਰਦੂਸ਼ਣ ਵਧਿਆ, ਪਾਣੀ ਦਾ ਪੱਧਰ ਨੀਵਾਂ ਚਲਾ ਗਿਆ, ਸਾਹ ਦੇ ਰੋਗ, ਕੁਪੋਸ਼ਣ ਅਤੇ ਵਿਸ਼ਵ ਸਿਹਤ ਸੰਗਠਨ 1989 ਅਤੇ ਗ੍ਰੀਨਪੀਸ-ਯੂ. ਕੇ. 2009 ਦੇ ਇਕ ਸਰਵੇਖਣ ਅਨੁਸਾਰ ਅਤੇ ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਮਾਲਵਾ ਖੇਤਰ 'ਚ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਨੇ ਸਿਰ ਚੁੱਕ ਲਿਆ। 
ਖਾਸ ਕਰਕੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਲੁਧਿਆਣਾ ਦੇ 50 ਪਿੰਡਾਂ ਦੀ ਮਿੱਟੀ 'ਚ ਰਸਾਇਣਾਂ ਦਾ ਏਨਾ ਮਾਰੂ ਅਸਰ ਹੈ ਕਿ ਕਿਸੇ ਨਾ ਕਿਸੇ ਦਿਨ ਭੋਪਾਲ ਵਰਗੇ ਹਾਲਾਤ ਬਣ ਸਕਦੇ ਹਨ। ਹਰ ਦੂਜੇ ਘਰ 'ਚ ਕੈਂਸਰ ਦੇ ਮਰੀਜ਼ ਜੀਵਨ-ਸੰਘਰਸ਼ ਕਰਦੇ ਵੇਖੇ ਜਾ ਸਕਦੇ ਹਨ।  ਪੰਜਾਬ ਕੇਂਦਰੀ ਪੂਲ 'ਚ 45 ਫੀਸਦੀ ਚੌਲ ਅਤੇ 65 ਫੀਸਦੀ ਕਣਕ ਦਾ ਯੋਗਦਾਨ ਦਿੰਦਾ ਹੈ। ਕਮਾਈ ਦੀ ਲਾਲਸਾ ਤਹਿਤ ਜ਼ਮੀਨੀ ਸ਼ਕਤੀ ਵਧਾਉਣ ਲਈ ਅਜਿਹੇ ਹੀ ਹੋਰ ਯਤਨ ਅੱਜ ਵੀ ਜਾਰੀ ਹਨ, ਸਗੋਂ ਪਰਾਲੀ ਨੂੰ ਅੱਗ ਲਾਉਣ ਵਰਗੇ ਹੋਰ ਮਾਰੂ ਢੰਗਾਂ ਦਾ ਵਾਧਾ ਵੀ ਹੋਇਆ ਹੈ ਪਰ ਪੰਜਾਬ ਦੇ ਕਿਸਾਨਾਂ, ਸਰਕਾਰਾਂ, ਸਾਇੰਸਦਾਨਾਂ ਦਾ ਹੁਣ ਮੁੱਖ ਟੀਚਾ ਇਹ ਬਣ ਜਾਣਾ ਚਾਹੀਦਾ ਹੈ ਕਿ ਅਸੀਂ ਰਸਾਇਣਾਂ ਦੇ ਭੈੜੇ ਪ੍ਰਭਾਵ ਤੋਂ ਭਾਰਤ ਨੂੰ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਨੂੰ ਬਚਾਈਏ। ਖੇਤੀ ਦੀ ਕੋਈ ਅਜਿਹੀ ਨਵੀਂ ਤਕਨੀਕ ਖੋਜੀ ਜਾਵੇ, ਜੋ ਰਸਾਇਣਾਂ, ਕੀਟਨਾਸ਼ਕਾਂ, ਪੈਸਟੀਸਾਈਡਜ਼, ਉੱਲੀਨਾਸ਼ਕਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ। 
ਜ਼ਮੀਨ ਦੀ ਗੁਣਵੱਤਾ ਵਧੇ, ਕਿਸਾਨਾਂ ਨੂੰ ਲਾਭ ਹੋਵੇ, ਲੋਕ ਨਿਰੋਗ ਹੋਣ, ਕਿਸਾਨੀ ਸਿਹਤਮੰਦ ਹੋਵੇ, ਨਾ ਕਿ ਬੀਮਾਰੀਆਂ ਭਰੀ। ਅਜਿਹੇ ਸਮੇਂ ਜੈਵਿਕ ਖੇਤੀ ਵਰਦਾਨ ਸਾਬਿਤ ਹੋ ਸਕਦੀ ਹੈ। ਇਸ ਮੰਤਵ ਦੀ ਪੂਰਤੀ ਲਈ ਰੂੜੀ ਦੀ ਖਾਦ, ਕੰਪੋਸਟ, ਵਰਮੀਕੰਪੋਸਟ, ਹਰੀ ਖਾਦ,  ਬਾਇਓਗੈਸ ਸਲਰੀ, ਮਟਕਾ ਖਾਦ, ਵਰਮੀਵਾਸ਼ ਨੂੰ ਵਧੇਰੇ ਮਾਤਰਾ 'ਚ ਵਰਤਿਆ ਜਾਣਾ ਜ਼ਰੂਰੀ ਹੈ। 
ਜੈਵਿਕ ਖਾਦਾਂ ਦੇ ਲਾਭ ਹੀ ਲਾਭ ਹਨ, ਨੁਕਸਾਨ ਕੋਈ ਨਹੀਂ। ਜੈਵਿਕ ਖਾਦਾਂ ਜ਼ਮੀਨ ਵਿਚਲੇ ਮਹੱਤਵਪੂਰਨ ਤੱਤ ਪੂਰੇ ਕਰਦੀਆਂ ਹਨ, ਇਨ੍ਹਾਂ ਨਾਲ ਪ੍ਰਦੂਸ਼ਣ ਨਹੀਂ ਹੁੰਦਾ, ਇਨ੍ਹਾਂ ਦੀ ਵਰਤੋਂ ਨਾਲ ਮਿੱਟੀ 'ਚੋਂ ਵਾਸ਼ਪੀਕਰਨ ਘਟਦਾ ਹੈ, ਇਹ ਮਿੱਤਰ ਜੀਵਾਂ 'ਤੇ ਮਾਰੂ ਅਸਰ ਨਹੀਂ ਪਾਉਂਦੀਆਂ, ਇਨ੍ਹਾਂ ਤੋਂ ਤਿਆਰ ਭੋਜਨ ਸਿਹਤ ਲਈ ਲਾਭਕਾਰੀ ਬਣਦਾ ਹੈ, ਜੈਵਿਕ ਖਾਦਾਂ ਸਦਕਾ ਸਿੰਚਾਈ ਦੀ ਲੋੜ ਘਟਦੀ ਹੈ। ਮਿੱਟੀ ਦੇ ਉਪਜਾਊਪਣ ਦੀ ਉਮਰ ਲੰਮੀ ਹੁੰਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਜਿਥੇ ਰਸਾਇਣਾਂ ਦਾ ਖਰਚਾ ਬਚਦਾ ਹੈ, ਉਥੇ ਹੀ ਰਸਾਇਣਿਕ ਕੀਟਨਾਸ਼ਕਾਂ, ਪੈਸਟੀਸਾਈਡਜ਼, ਉੱਲੀਨਾਸ਼ਕਾਂ ਦੀ ਥਾਂ ਕੁਦਰਤੀ ਪੈਸਟੀਸਾਈਡਜ਼ ਦੀ ਵਰਤੋਂ ਨੂੰ ਤਰਜੀਹ ਦੇਣ ਦਾ ਵੀ ਵਸੀਲਾ ਬਣਦਾ ਹੈ।  ਨਿੰਮ 'ਚ ਐਜਾਡਾਇਰਾਕਟਾ ਨਾਂ ਦਾ ਕੁਦਰਤੀ ਕੀਟਨਾਸ਼ਕ, ਜੀਵਾਣੂਨਾਸ਼ਕ ਪਦਾਰਥ ਹੁੰਦਾ ਹੈ, ਲਸਣ 'ਚ ਐਲੀਸਿਨ ਅਤੇ ਮਿਰਚ ਵਿਚ ਕੈਪਸੀਸਿਨ ਨਾਂ ਦਾ ਕੁਦਰਤੀ ਪੈਸਟੀਸਾਈਡ ਹੁੰਦਾ ਹੈ, ਅੰਮ੍ਰਿਤ ਘੋਲ (ਗਾਂ ਦਾ ਪਿਸ਼ਾਬ, ਗੋਬਰ, ਦਹੀਂ, ਘਿਓ, ਦੁੱਧ ਪੰਚਰਤਨ) ਜਰਮਨਾਸ਼ਕ ਅਤੇ ਕੀਟਨਾਸ਼ਕ ਦਾ ਕੰਮ ਕਰਦੇ ਹਨ। 
ਫ਼ਲੀਦਾਰ ਫਸਲਾਂ ਦੀ ਖੇਤੀ, ਫਸਲਾਂ ਦੀ ਅਦਲਾ-ਬਦਲੀ, ਜੈਵਿਕ ਵਿਭਿੰਨਤਾ 'ਚ ਸੁਧਾਰ ਲਿਆਉਣਾ ਬਹੁਤ ਅਹਿਮ ਹੈ, ਮਨੁੱਖ ਆਪਣੇ ਸਵਾਰਥ ਲਈ ਕਈ ਪ੍ਰਜਾਤੀਆਂ ਨੂੰ ਖਤਮ ਕਰ ਕੇ ਕੁਝ ਸਮੇਂ ਲਈ ਤਾਂ ਆਪਣੀਆਂ ਲੋੜਾਂ ਦੀ ਪੂਰਤੀ ਕਰ ਸਕਦਾ ਹੈ ਪਰ ਲੰਮੇ ਸਮੇਂ ਤਕ ਅਜਿਹਾ ਕਰ ਸਕਣਾ ਸੰਭਵ ਨਹੀਂ ਹੈ। ਫਿਰ ਆਗਾਮੀ ਮਨੁੱਖੀ ਨਸਲ ਲਈ ਕਿਉਂ ਕੁਦਰਤੀ ਸੋਮਿਆਂ ਨੂੰ ਖਤਮ ਕੀਤਾ ਜਾਵੇ।
ਪਾਣੀ ਦੀ ਸਹੀ ਸੰਭਾਲ, ਮਿੱਟੀ ਦੀ ਗੁਣਵੱਤਾ ਬਣਾਈ ਰੱਖਣ ਲਈ ਸੰਘਰਸ਼ ਅਤੇ ਭੋਜਨ ਉਤਪਾਦਨ 'ਚ ਜੈਵਿਕ ਢੰਗਾਂ ਦੀ ਸਹੀ ਵਰਤੋਂ ਕਰ ਕੇ ਸਭਨਾਂ ਜੀਵਾਂ ਨੂੰ ਜਿਊਣ ਦੀ ਆਜ਼ਾਦੀ ਦੇਣ ਦਾ ਉਪਰਾਲਾ ਨਾਲੇ ਪੁੰਨ, ਨਾਲੇ ਫ਼ਲੀਆਂ ਵਾਲੀ ਗੱਲ ਵਾਂਗ ਅਪਣਾਇਆ ਜਾਵੇ। 
ਜ਼ਰਾ ਸੋਚੋ, ਦੇਰੀ ਕਰਨ ਜਾਂ ਸੋਚਣ ਦਾ ਵੇਲਾ ਵਿਹਾਅ ਚੁੱਕਿਆ ਹੈ, ਬਸ ਆਓ, ਸਾਰੇ ਰਲ ਕੇ ਬੁਲੰਦ ਆਵਾਜ਼, ਬੁਲੰਦ ਹੌਸਲੇ ਨਾਲ ਨਾਅਰਾ ਬੁਲੰਦ ਕਰੀਏ 'ਜੈਵਿਕ ਖੇਤੀ ਕਰੋ ਅਤੇ ਜੈਵਿਕ ਭੋਜਨ ਅਪਣਾਓ, ਤੰਦਰੁਸਤ ਅਖਵਾਓ ਅਤੇ ਖੁਸ਼ੀਆਂ ਪਾਓ।'   —ਅਭਿਨਵ ਜੋਸ਼ੀ
 


Related News