ਕਿੰਨੂ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ‘ਡੇਜੀ’ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਿਹੈ ਬਾਗਬਾਨੀ ਵਿਭਾਗ

09/17/2020 11:09:53 AM

ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਅੰਦਰ ਨਵੰਬਰ ਮਹੀਨੇ ਫਲਾਂ ਦੀ ਘਾਟ ਪੂਰੀ ਕਰਨ ਅਤੇ ਬਾਗਬਾਨਾਂ ਦੀ ਚੰਗੀ ਆਮਦਨ ਦਾ ਸੋਮਾ ਪੈਦਾ ਕਰਨ ਲਈ ਬਾਗਬਾਨੀ ਵਿਭਾਗ ਵਲੋਂ ਇਸ ਸਾਲ ਸੂਬੇ ਅੰਦਰ ਡੇਜੀ ਫਲ ਹੇਠ ਰਕਬਾ ਵਧਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਤੱਕ ਇਸ ਸੀਜਨ ਵਿਚ ਵਿਭਾਗ ਵਲੋਂ ਇਸ ਫਲ ਦੇ ਕਰੀਬ 2000 ਬੂਟੇ ਵੇਚੇ ਜਾ ਚੁੱਕੇ ਹਨ ਅਤੇ ਆਉਣ 15 ਅਕਤੂਬਰ ਤੱਕ ਕਰੀਬ 500 ਹੈਕਟੇਅਰ ਇਸ ਫਲ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਕਰੀਬ 13 ਸਾਲਾਂ ਤੋਂ ਸੂਬੇ ਅੰਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬਾਗਬਾਨੀ ਵਿਭਾਗ ਵਲੋਂ ਇਸ ਫਰੂਟ ਹੇਠ ਰਕਬਾ ਵਧਾਉਣ ਅਤੇ ਇਸ ਫਲ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ। ਖਾਸ ਤੌਰ ’ਤੇ 2015 ਦੇ ਬਾਅਦ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਕਾਰਣ ਇਸ ਸਾਲ ਤੋਂ ਇਸ ਹੇਠ ਰਕਬਾ ਵਧਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

13 ਸਾਲ ਪਹਿਲਾਂ ਯੂ. ਐੱਸ. ਏ. ਤੋਂ ਲਿਆਂਦਾ ਸੀ ਡੇਜੀ ਫਰੂਟ
ਬਾਗਬਾਨੀ ਵਿਭਾਗ ਦੇ ਸੀ. ਓ. ਈ. ਸੈਂਟਰ ਖਨੌੜਾ ਦੇ ਪ੍ਰਾਜੈਕਟ ਡਾਇਰੈਕਟਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਡੇਜੀ ਫਰੂਟ ਪਹਿਲੀ ਵਾਰ 2007 ਵਿਚ ਯੂ. ਐੱਸ. ਏ. ਤੋਂ ਲਿਆਂਦਾ ਗਿਆ ਸੀ ਜਿਸਦੇ ਬਾਅਦ ਕਰੀਬ 4 ਸਾਲਾਂ ਬਾਅਦ ਇਸ ਦੇ ਟਰਾਇਲ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਫਲ ਤਿਆਰ ਹੋਣ ਦੇ ਬਾਅਦ ਯੂਨੀਵਰਸਿਟੀ ਵਲੋਂ ਹਰ ਪੱਖ ਤੋਂ ਇਸ ਦੀ ਜਾਂਚ ਕੀਤੀ ਗਈ ਅਤੇ ਮਾਹਰਾਂ ਨੇ ਪੰਜਾਬ ਅੰਦਰ ਵੀ ਇਸ ਦੀ ਕਾਸ਼ਤ ਸਬੰਧੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਫਰੂਟ ਕਿੰਨੂ ਦਾ ਵਧੀਆ ਬਦਲ ਹੋ ਸਕਦਾ ਹੈ।

PunjabKesari

ਕਿੰਨੂ ਦੀਆਂ ਕਮੀਆਂ ਨੂੰ ਪੂਰਾ ਕਰੇਗਾ ਡੇਜੀ ਫਰੂਟ
ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਨਵੰਬਰ ਮਹੀਨੇ ਕੋਈ ਫਰੂਟ ਨਹੀਂ ਹੁੰਦਾ ਅਤੇ ਕਿੰਨੂ ਦੀ ਜਨਵਰੀ ਫਰਵਰੀ ਵਿਚ ਪੱਕਦਾ ਹੈ। ਪਰ ਉਸ ਮੌਕੇ ਮਾਰਕੀਟ ਵਿਚ ਹੋਰ ਵੀ ਕਈ ਫਰੂਟ ਹੋਣ ਕਾਰਣ ਕਿੰਨੂ ਦਾ ਪੂਰਾ ਰੇਟ ਨਹੀਂ ਮਿਲਦਾ ਸੀ। ਇਸ ਦੇ ਚਲਦਿਆਂ ਬਾਗਬਾਨੀ ਵਿਭਾਗ ਵਲੋਂ ਡੇਜੀ ਫਰੂਟ ਹੇਠ ਰਕਬਾ ਵਧਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਫਰੂਟ ਦਾ ਰੰਗ ਵੀ ਵਧੀਆ ਹੁੰਦਾ ਹੈ ਅਤੇ ਇਸਨੂੰ ਕਿੰਨੂ ਵਾਂਗ ਛਿਲ ਕੇ ਖਾਧਾ ਜਾ ਸਕਦਾ ਹੈ। ਡੇਜੀ ਦੀ ਸਟੋਰੇਜ਼ ਸਮਰੱਥਾ ਵੀ ਕਿਨੂੰ ਦੇ ਮੁਕਾਬਲੇ ਵਧੀਆ ਹੈ ਅਤੇ ਇਸ ਦਾ ਸਵਾਦ ਵੀ ਵਧੀਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਲਵਾਯੂ ਡੇਜੀ ਕਾਸ਼ਤ ਲਈ ਕਾਫੀ ਢੁੱਕਵੀਂ ਹੈ ਜੋ 6 ਪੀ. ਐੱਚ. ਤੋਂ ਘੱਟ ਮਿਟੀ ਵਿਚ ਕਾਫੀ ਚੰਗੇ ਨਤੀਜੇ ਦਿੰਦਾ ਹੈ।

500 ਏਕੜ ਰਕਬੇ ਵਿਚ ਲਗਾਏ ਜਾਣਗੇ ਡੇਜੀ ਦੇ ਬਾਗ
ਉਨ੍ਹਾਂ ਦੱਸਿਆ ਕਿ ਸਾਲ 2015 ਵਿਚ ਇਸ ਫਲ ਨੂੰ ਰਿਲੀਜ ਕਰਨ ਦੇ ਬਾਅਦ ਹੁਣ ਤੱਕ ਪੂਰੇ ਪੰਜਾਬ ਅੰਦਰ ਕਰੀਬ 20 ਬਾਗ ਲੱਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਹੁਣ ਤੱਕ ਡੇਜੀ ਫਰੂਟ ਦੇ ਕਰੀਬ 2 ਹਜ਼ਾਰ ਬੂਟਿਆਂ ਦੀ ਵਿਕਰੀ ਹੋ ਚੁੱਕੀ ਹੈ ਅਤੇ 15 ਅਕਤੂਬਰ ਤੱਕ ਇਸ ਦੀ ਲਵਾਈ ਦਾ ਸਮਾਂ ਹੋਣ ਕਾਰਣ ਆਉਣ ਵਾਲੇ ਦਿਨਾਂ ਵਿਚ ਇਸ ਫਰੂਟ ਹੇਠ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਅੰਦਰ ਮੁੱਖ ਤੌਰ ’ਤੇ ਹੁਸ਼ਿਆਰਪੁਰ, ਮੁਕਤਸਰ, ਅਬੋਹਰ ਅਤੇ ਫਾਜ਼ਿਲਕਾ ਵਿਚ ਕਿੰਨੂ ਦੇ ਬਾਗ ਹਨ ਅਤੇ ਡੇਜੀ ਦੇ ਬਾਗ ਵੀ ਇਨ੍ਹਾਂ ਇਲਾਕਿਆਂ ਵਿਚ ਹੀ ਲਗਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਇਕ ਸੀਜਨ ’ਚ ਹੁੰਦੀ ਹੈ ਸਵਾ ਤੋਂ ਡੇਢ ਲੱਖ ਰੁਪਏ ਆਮਦਨ
ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਡੇਜੀ ਦੀ ਕਾਸ਼ਤ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਨਵੰਬਰ ਮਹੀਨੇ ਵਿਚ ਹੀ ਅਗੇਤਾ ਫਲ ਤਿਆਰ ਕਰ ਸਕਦੇ ਹਨ ਅਤੇ ਉਸ ਮੌਕੇ ਮਾਰਕੀਟ ਵਿਚ ਕੋਈ ਹੋਰ ਫਲ ਨਾ ਹੋਣ ਕਾਰਣ ਡੇਜੀ ਦਾ ਰੇਟ ਕਾਫੀ ਜ਼ਿਆਦਾ ਮਿਲਦਾ ਹੈ। ਉਸ ਮੌਕੇ ਇਸ ਫਲ ਦੀ ਮੰਗ ਵੀ ਜ਼ਿਆਦਾ ਹੁੰਦੀ ਹੈ ਜਿਸਦੇ ਚਲਦਿਆਂ ਕਿੰਨੂ ਦੇ ਮੁਕਾਬਲੇ ਡੇਜੀ ਫਲ ਦੀ ਕਾਸ਼ਤ ਜ਼ਿਆਦਾ ਲਾਹੇਵੰਦ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਚ ਡੇਜੀ ਦੇ 4-5 ਬਾਗ ਹਨ, ਜੋ ਸਵਾ ਲੱਖ ਤੋਂ ਡੇਢ ਲੱਖ ਰੁਪਏ ਤੱਕ ਪ੍ਰਤੀ ਏਕੜ ਰੇਟ ’ਤੇ ਠੇਕੇ ’ਤੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡੇਜੀ ਦੇ ਇਕ ਬੂਟੇ ਤੋਂ ਇਕ ਸੀਜਨ ਵਿਚ 50 ਤੋਂ 70 ਕਿਲੋ ਫਲ ਮਿਲਦਾ ਹੈ।

ਕਿੰਨੂ ਦੀ ਕਾਸ਼ਤ ਲਈ ਮੋਹਰੀ ਹੈ ਪੰਜਾਬ
ਪੂਰੇ ਦੇਸ਼ ਅੰਦਰ ਕਿੰਨੂ ਦੀ ਕਾਸ਼ਤ ਵਿਚ ਪੰਜਾਬ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਜਿਸ ਦੀ ਅਬੋਹਰ ਅਤੇ ਫਾਜ਼ਿਲਕਾ ਬੈਲਟ ਵਿਚ ਸੂਬੇ ਅੰਦਰ ਪੈਦਾ ਹੋਣ ਵਾਲੇ ਕਿੰਨੂ ਦਾ 60 ਫੀਸਦੀ ਉਤਪਾਦਨ ਹੁੰਦਾ ਹੈ। ਪੰਜਾਬ ਅੰਦਰ ਕਰੀਬ 50 ਹਜ਼ਾਰ ਹੈਕਟੇਅਰ ਵਿਚ ਕਿੰਨੂ ਦੇ ਬਾਗ ਹਨ ਜਿਨ੍ਹਾਂ ਵਿਚੋਂ ਇਕੱਲੇ ਅਬੋਹਰ ਬੈਲਟ ਅੰਦਰ ਕਰੀਬ 5 ਲੱਖ ਟਨ ਕਿੰਨੂ ਪੈਦਾ ਹੁੰਦੇ ਹਨ।
 


rajwinder kaur

Content Editor

Related News