ਹਲਵਾ ਕੱਦੂ ਦੀ ਬਰਸਾਤ ਰੁੱਤ ਦੀ ਸਫਲ ਕਾਸ਼ਤ ਲਈ ਜ਼ਰੂਰੀ ਨੁਕਤੇ
Thursday, Jul 06, 2023 - 03:34 PM (IST)
ਨਵੀਂ ਦਿੱਲੀ - ਹਲਵਾ ਕੱਦੂ, ਕੱਦੂ ਜਾਤੀ ਦੀ ਅਹਿਮ ਫਸਲ ਹੈ। ਜਿਸ ਦੀ ਕਾਸ਼ਤ ਗਰਮੀ ਰੁੱਤ ਦੇ ਨਾਲ-ਨਾਲ ਸਾਉਣੀ/ਬਰਸਾਤ ਰੁੱਤ ਵਿੱਚ ਵੀ ਕੀਤੀ ਜਾ ਸਕਦੀ ਹੈ। ਹਲਵਾ ਕੱਦੂ ਵਿਟਾਮਿਨ ਏ ਦਾ ਬਹੁਤ ਵਧੀਆ ਸਰੋਤ ਹੈ ਅਤੇ ਇਸਦਾ ਪੀਲਾ-ਰੇਸ਼ੇਦਾਰ ਗੁੱਦਾ ਵੰਨ-ਸੁਵੰਨੇ ਤਰੀਕਿਆਂ ਨਾਲ ਪਕਾ ਕੇ ਸਬਜ਼ੀ ਦੇ ਤੌਰ ਤੇ ਖਾਧਾ ਜਾਂਦਾ ਹੈ। ਹਲਵਾ ਕੱਦੂ ਨੂੰ ਘਰੇਲੂ ਬਗੀਚੀ ਦੇ ਨਾਲ- ਨਾਲ ਵਪਾਰਿਕ ਪੱਧਰ ਉਪੱਰ ਵੇਚਣ ਲਈ ਵੀ ਉਗਾਇਆ ਜਾਂਦਾ ਹੈ।
ਮੌਸਮ ਅਤੇ ਜਮੀਨ: ਇਸ ਫਸਲ ਦੇ ਚੰਗੇ ਵਧਣ ਫੁੱਲਣ ਲਈ ਗਰਮ ਮੌਸਮ ਜਿਸ ਵਿੱਚ ਖੁਸ਼ਕੀ ਤੇ ਚੰਗੀ ਧੁੱਪ ਹੋਵੇ, ਲੋੜੀਂਦਾ ਹੈ। ਹਲਵਾ ਕੱਦੂ ਦੀ ਸਫਲ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ ਮੈਰਾ ਜਮੀਨ ਜਿਸ ਵਿੱਚ ਕਾਫੀ ਮਲੜ੍ਹ ਹੋਵੇ, ਢੁੱਕਵੀ ਹੈ।
ਇਹ ਵੀ ਪੜ੍ਹੋ : UP 'ਚ ਗੰਨੇ ਦਾ ਬਕਾਇਆ ਨਹੀਂ ਬਣੇਗਾ ਇਸ ਵਾਰ ਦਾ ਚੋਣ ਮੁੱਦਾ , ਜਾਣੋ ਵਜ੍ਹਾ
ਕਿਸਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਕਿਸਮ ਪੰਜਾਬ ਨਵਾਬ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ। ਇਸ ਦੀ ਵੇਲ ਦਾ ਵਾਧਾ ਦਰਮਿਆਨਾ ਅਤੇ ਪੱਤਿਆਂ ਦਾ ਰੰਗ ਗੂੜਾ ਹਰਾ ਹੈ। ਇਸ ਦਾ ਫਲ ਦਰਮਿਆਨਾ, ਚਪਟਾ ਗੋਲ, ਚਿਤਰਾ ਅਤੇ ਪੱਕਣ ਉਪਰੰਤ ਪੀਲੇ ਭੂਰੇ ਰੰਗ ਦਾ ਹੁੰਦਾ ਹੈ। ਇਸ ਵਿੱਚ ਵਿਸ਼ਾਣੂ ਰੋਗ ਦਾ ਟਾਕਰਾ ਕਰਨ ਲਈ ਸਹਿਣਸ਼ੀਲਤਾ ਹੈ। ਇਸ ਦਾ ਬਰਸਾਤ ਰੁੱਤ ਵਿੱਚ ਔਸਤਨ ਝਾੜ 137 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ ਦਾ ਸਮਾਂ, ਬੀਜ ਦੀ ਮਾਤਰਾ ਅਤੇ ਬਿਜਾਈ ਦੀ ਤਰੀਕਾ
ਜੂਨ-ਜੁਲਾਈ ਦੀ ਬਿਜਾਈ ਵਾਸਤੇ 1-1.5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਇਸ ਕਿਸਮ ਦੀ ਬਿਜਾਈ ਲਈ 2-2.5 ਮੀਟਰ ਚੌੜੀਆਂ ਪਟੜੀਆਂ ਬਣਾਉ ਅਤੇ ਬੀਜ ਤੋਂ ਬੀਜ ਦਾ ਫਾਸਲਾ 60 ਸੈ.ਮੀ. ਰੱਖ ਕੇ ਪਟੜੀਆਂ ਦੇ ਦੋਵੇਂ ਪਾਸੇ ਬਿਜਾਈ ਕਰੋ। ਪੀ.ਏ.ਯੂ. ਵਿਖੇ ਹਲਵਾ ਕੱਦੂ ਦੀ ਇਸ ਕਿਸਮ ਦਾ ਬੀਜ 2000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲਦਾ ਹੈ।
ਖਾਦਾਂ
ਖੇਤ ਦੀ ਤਿਆਰੀ ਸਮੇ 8-10 ਕੁਇੰਟਲ ਗਲੀ-ਸੜ੍ਹੀ ਰੂੜੀ ਦੀ ਖਾਦ ਪਾ ਦਿਉ। ਇਸ ਤੋਂ ਇਲਾਵਾ 20 ਕਿੱਲੋ ਨਾਈਟ੍ਰੋਜਨ (45 ਕਿੱਲੋ ਯੂਰੀਆ) ਬੀਜ ਬੀਜਣ ਤੋਂ ਪਹਿਲਾਂ, ਖੇਲਾਂ ਦੇ ਨਿਸ਼ਾਨ ਦੇ ਦੋਹੀਂ ਪਾਸੇ 45 ਸੈਂਟੀਮੀਟਰ ਦੀ ਦੂਰੀ ਤੇ ਸਮਾਨ ਅੰਤਰ ਕਤਾਰਾਂ ਵਿੱਚ ਪਾ ਦਿਉ ਅਤੇ ਖਾਦ ਦੀਆਂ ਕਤਾਰਾਂ ਵਿਚਕਾਰ ਖਾਲੀਆਂ ਬਣਾ ਦਿਉ। ਬਾਕੀ ਦੀ 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਫਸਲ ਉਗਣ ਤੋਂ 3-4 ਹਫਤਿਆਂ ਬਾਅਦ ਪਾ ਦਿਉ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ 2-ਫਸਲਾਂ ਦੇ ਚੱਕਰ 'ਚ ਲੱਭਿਆ ਤੀਜਾ ਵਿਕਲਪ, ਖ਼ੇਤੀ ਮਾਹਰਾਂ ਨੇ ਦਿੱਤੀ ਇਹ ਸਲਾਹ
ਸਿੰਚਾਈ
ਬੀਜ ਦੇ ਚੰਗੇ ਉੱਗਣ ਲਈ ਪਹਿਲਾਂ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਜ਼ਰੂਰ ਲਾਉ। ਬਾਅਦ ਵਿੱਚ ਬਰਸਾਤ ਰੁੱਤ ਦੌਰਾਨ ਜ਼ਰੂਰਤ ਮੁਤਾਬਿਕ ਲਾਉ।
ਤੁੜਾਈ ਅਤੇ ਸਾਂਭ-ਸੰਭਾਲ
ਇਸ ਕਿਸਮ ਦਾ ਫਲ ਜਦੋ ਬਾਹਰੋਂ ਪੀਲਾ-ਭੂਰਾ ਹੋਵੇ, ਤੁੜਾਈ ਯੋਗ ਹੋ ਜਾਂਦਾ ਹੈ। ਜ਼ਿਆਦਾ ਦੇਰ ਤੱਕ ਸਟੋਰ ਕਰਨ ਲਈ ਤੁੜਾਈ ਤੋਂ ਪਹਿਲਾਂ ਪਾਣੀ ਘਟਾ ਦਿਉ।
ਰਵਿੰਦਰ ਕੌਰ ਅਤੇ ਬਲਵੀਰ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ
ਨੋਟ: ਜਾਣਕਾਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਵੈੱਬਸਾਇਟ ਤੋਂ ਧੰਨਵਾਦ ਸਹਿਤ
ਇਹ ਵੀ ਪੜ੍ਹੋ : ਘਰ ’ਤੇ ਮਿਲੇਗੀ ਪਸ਼ੂ ਇਲਾਜ ਦੀ ਸਹੂਲਤ, 70 ਮੋਬਾਇਲ ਚਿਕਿਤਸਾ ਵੈਨਾਂ ਖਰੀਦੇਗੀ ਸਰਕਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।