ਵੱਡੀ ਮਹੱਤਤਾ ਰੱਖਦੇ ਹਨ ਪਸ਼ੂਆਂ ਦੇ ਕੰਨਾਂ 'ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਕਿਸਮ ਦੇ ਟੈਗ

06/09/2023 10:09:30 PM

ਗੁਰਦਾਸਪੁਰ (ਹਰਮਨ) : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਇਨਸਾਨ ਭਾਰਤ 'ਚ ਰਹਿੰਦੇ ਹਨ, ਉਨ੍ਹਾਂ ਦੇ ਆਧਾਰ ਕਾਰਡ ਬਣਦੇ ਹਨ। ਆਧਾਰ ਕਾਰਡ ਮਨੁੱਖ ਦਾ ਪਛਾਣ ਪੱਤਰ ਹੋਣ ਕਰਕੇ ਇਸ ਦੇ ਬਹੁਤ ਸਾਰੇ ਲਾਭ ਹਨ। ਇਸੇ ਤਰ੍ਹਾਂ ਦੁਧਾਰੂ ਪਸ਼ੂਆਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਖਾਸ ਤਰ੍ਹਾਂ ਦੇ ਟੈਗ ਲਗਾਏ ਜਾਂਦੇ ਹਨ। ਇਹ ਟੈਗ ਆਪਣੇ-ਆਪ ਵਿੱਚ ਬਹੁਤ ਮਹੱਤਤਾ ਰੱਖਦੇ ਹਨ। ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਦੇ ਵੈਟਰਨਰੀ ਅਫ਼ਸਰ ਹਰਦੀਪ ਕੁਮਾਰ ਨੇ ਇਨ੍ਹਾਂ ਟੈਗਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੀ ਵੱਖਰੀ ਪਛਾਣ ਲਈ ਉਨ੍ਹਾਂ ਦੇ ਕੰਨਾਂ 'ਤੇ ਇਕ ਖਾਸ ਤਰ੍ਹਾਂ ਦੇ ਟੈਗ ਲਗਾਏ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਟੈਗਾਂ ਨਾਲ ਪਸ਼ੂ, ਉਸ ਦੇ ਮਾਲਕ, ਪਸ਼ੂ ਦੀ ਉਮਰ, ਪਸ਼ੂਆਂ ਦੀ ਵੈਕਸੀਨ ਦੀ ਜਾਣਕਾਰੀ, ਪਸ਼ੂ ਦੇ ਜਨਮ ਤੋਂ ਲੈ ਕੇ ਪੂਰੀ ਜਾਣਕਾਰੀ ਆਨਲਾਈਨ ਕੀਤੀ ਹੁੰਦੀ ਹੈ, ਜੋ ਸਮੇਂ-ਸਮੇਂ 'ਤੇ ਇਸ ਟੈਗ ਰਾਹੀਂ ਅਪਡੇਟ ਕਰ ਦਿੱਤੀ ਜਾਂਦੀ ਹੈ। ਇਸ ਦਾ ਰਿਕਾਰਡ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ 'ਤੇ ਚੈੱਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਪਸ਼ੂ ਨੂੰ ਵੇਚਦਾ ਹੈ, ਲਾਪਤਾ ਹੋ ਜਾਂਦਾ ਹੈ ਜਾਂ ਕਿਸੇ ਵੱਲੋਂ ਪਸ਼ੂ ਅਵਾਰਾ ਵੀ ਛੱਡ ਦਿੱਤੇ ਜਾਂਦੇ ਹਨ ਤਾਂ ਵੀ ਉਸ ਦੀ ਪੂਰੀ ਜਾਣਕਾਰੀ ਉਹ ਇਸ ਟੈਗ ਰਾਹੀਂ ਪਤਾ ਲਗਾ ਸਕਦੇ ਹਨ। ਇਸ ਟੈਗ ਵਿੱਚ 12 ਅੱਖਰਾਂ ਦਾ ਨੰਬਰ ਹੁੰਦਾ ਹੈ, ਜੋ ਕਿ ਹਰੇਕ ਪਸ਼ੂ ਦਾ ਅਲੱਗ ਹੁੰਦਾ ਹੈ। ਇਕ ਮੋਬਾਇਲ ਐਪ ਰਾਹੀਂ ਟੈਗ ਉਪਰ ਲਿਖੇ 12 ਅੱਖਰਾਂ ਦੇ ਨੰਬਰ ਨਾਲ ਪਸ਼ੂ ਦੀ ਪੂਰੀ ਡਿਟੇਲ ਪਤਾ ਲੱਗ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਲਗਭਗ 3 ਲੱਖ 80 ਪਸ਼ੂ ਹਨ, ਜਿਨ੍ਹਾਂ 'ਚੋਂ 3 ਲੱਖ 66 ਹਜ਼ਾਰ ਦੇ ਕਰੀਬ ਪਸ਼ੂਆਂ ਦੇ ਟੈਗ ਉਨ੍ਹਾਂ ਵੱਲੋਂ ਲਗਾਏ ਜਾ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਰਹਿੰਦੇ ਪਸ਼ੂਆਂ ਦੇ ਵੀ ਉਨ੍ਹਾਂ ਵੱਲੋਂ ਟੈਗ ਲਗਾ ਦਿੱਤੇ ਜਾਣਗੇ। ਨਵੇਂ ਜਨਮੇ ਪਸ਼ੂ ਨੂੰ ਟੈਗ ਲਗਾਉਣ ਲਈ ਉਨ੍ਹਾਂ ਦੇ ਵਿਭਾਗ ਦੇ ਕਰਮਚਾਰੀ ਵੀ ਪਸ਼ੂ ਪਾਲਕਾਂ ਕੋਲ ਪਹੁੰਚ ਕਰਦੇ ਹਨ ਅਤੇ ਕੁਝ ਜਾਗਰੂਕ ਕਿਸਾਨ ਖੁਦ ਵੀ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਪਸ਼ੂ ਨੂੰ ਟੈਗ ਲਗਵਾ ਲੈਂਦੇ ਹਨ। ਇਹ ਟੈਗ ਬਿਲਕੁਲ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਟੈਗ ਪੂਰੇ ਭਾਰਤ ਵਿੱਚ ਪਸ਼ੂਆਂ ਨੂੰ ਲਗਾਏ ਜਾਂਦੇ ਹਨ। ਸਾਲ 2021 'ਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News