ਮੱਕੀ ਅਤੇ ਝੋਨੇ ਦੀ ਫਸਲ ਲਈ ਜੀਵਾਣੂੰ ਖਾਦਾਂ ਦਾ ਮਹੱਤਵ
Friday, Jun 16, 2023 - 11:19 PM (IST)

ਬੂਟਿਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਜੀਵਾਣੂੰਆਂ ਦੀ ਲੜੀ ’ਚ ਅਜ਼ੋਟੋਬੈਕਟਰ, ਐਜ਼ੋਸਪਾਈਰੀਲਮ, ਬੈਸੀਲਸ, ਸੂਡੋਮੋਨਾਸ, ਕਲੋਸਟ੍ਰਿਡੀਅਮ, ਬੇਈਜੇਰਿਨਕੀਅ, ਬੁਰਖੋਲਡਰਿਆ, ਇੰਟਰੋਬੈਕਟਰ, ਕਲੇਬਸ਼ਿਐਲਾ, ਇਰਵਿਨੀਆ, ਫਲੇਵੋਬੈਕਟੀਰੀਅਮ, ਮਾਈਕ੍ਰੋਬੈਕਟੀਰਆ, ਰਾਈਜ਼ੋਬੈਕਟੀਰੀਅਮ ਅਤੇ ਸਿਰਾਸ਼ੀਆ ਆਦਿ ਸ਼ਾਮਲ ਹਨ। ਮੱਕੀ ਅਤੇ ਝੋਨਾ ਪੰਜਾਬ ਦੀਆਂ ਪ੍ਰਮੁੱਖ ਸਾਉਣੀ ਦੀਆਂ ਫਸਲਾਂ ਹਨ। ਦੋਵਾਂ ਫਸਲਾਂ ਨੂੰ ਲੋੜੀਂਦੀ ਉਤਪਾਦਕਤਾ ਨੂੰ ਪੂਰਾ ਕਰਨ ਲਈ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਸੰਤੁਲਿਤ ਮਾਤਰਾ ਦੀ ਲੋੜ ਹੁੰਦੀ ਹੈ। ਭਾਵੇਂ ਕਿਸਾਨ ਫਸਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਸਿਫਾਰਸ਼ਾਂ ਅਨੁਸਾਰ ਡੀ. ਏ. ਪੀ. ਯੂਰੀਆ, ਨਾਈਟ੍ਰੋ-ਫਾਸਫੇਟ, ਪੋਟਾਸ਼ੀਅਮ ਆਕਸਾਈਡ, ਮਿਊਰੇਟ ਆਫ ਪੋਟਾਸ਼ ਆਦਿ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਨ ਪਰ ਇਹਨਾਂ ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਮਿੱਟੀ ਦੀ ਸਿਹਤ ਵਿਗੜ ਸਕਦੀ ਹੈ। ਕਈ ਲਾਭਕਾਰੀ ਜੀਵਾਣੂੰ ਇਹਨਾਂ ਅਣਘੁਲੇ ਪੌਸ਼ਟਿਕ ਤੱਤਾਂ ਨੂੰ ਘੁਲਣਸ਼ੀਲ ਪਦਾਰਥਾਂ ’ਚ ਬਦਲ ਸਕਦੇ ਹਨ। ਇਸ ਤਰ੍ਹਾਂ, ਨਾਈਟ੍ਰੋਜਨ ਜਮ੍ਹਾ ਕਰਨ ਵਾਲੇ ਅਤੇ ਪੌਸ਼ਟਿਕ ਤੱਤਾਂ ਨੂੰ ਘੁਲਣਸ਼ੀਲ ਬਣਾਉਣ ਵਾਲੇ ਸੂਖਮ ਜੀਵਾਂ ਤੋਂ ਤਿਆਰ ਜੀਵਾਣੂੰ ਖਾਦ, ਨਾ ਸਿਰਫ ਬੂਟਿਆਂ ਦੀ ਸਿਹਤ ਨੂੰ ਸੁਧਾਰ ਸਕਦੀ ਹੈ, ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਉਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ 18 ਫਸਲਾਂ ਲਈ ਜੀਵਾਣੂੰ ਖਾਦਾਂ ਦੀ ਸਿਫਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਚੰਡੀਗੜ੍ਹ ਰੋਡ ਤੇ ਫੋਕਲ ਪੁਆਇੰਟ ’ਚ ਬਣੇ ਹੜ੍ਹ ਵਰਗੇ ਹਾਲਾਤ, ਕਈ ਥਾਈਂ ਦਰੱਖਤ ਤੇ ਸਾਈਨ ਬੋਰਡ ਡਿੱਗੇ
ਮੱਕੀ ਲਈ ਕੌਸੋਰਸ਼ੀਅਮ ਜੀਵਾਣੂੰ ਖਾਦ
(ਚਿੱਤਰ ਮੱਕੀ ਦੀ ਫਸਲ ਲਈ ਪੀ. ਏ. ਯੂ. ਦੁਆਰਾ ਕੌਸੋਰਸ਼ੀਅਮ ਜੀਵਾਣੂੰ ਖਾਦ ਦੀ ਸਿਫਾਰਸ਼ ਕੀਤੀ ਗਈ ਹੈ, ਜੋ ਕਿ ਤਿੰਨ ਵੱਖ-ਵੱਖ ਜੀਵਾਣੂੰਆਂ ਦਾ ਮਿਸ਼ਰਣ ਹੈ। ਕੌਸੋਰਸ਼ੀਅਮ ਜੀਵਾਣੂੰ ਖਾਦ ’ਚ ਮੌਜੂਦ ਅਜ਼ੋਟੋਬੈਕਟਰ ਕਰੂਓਕੁਮ ਜੀਵਾਣੂੰ, ਹਵਾ ਵਿਚਲੀ ਨਾਈਟ੍ਰੋਜਨ ਨੂੰ ਜਮ੍ਹਾ ਕਰਨ ਲਈ, ਬੇਸਿਲਸ ਸਬਟਿਲਿਸ ਜੀਵਾਣੂੰ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਰੂਪ ’ਚ ਤਬਦੀਲ ਕਰਨ ਲਈ ਅਤੇ ਸੂਡੋਮੋਨਸ ਬੂਟੇ ਦੇ ਵਿਕਾਸ ਨੂੰ ਸਮਰਥਣ ਦੇਣ ਲਈ ਫਾਈਟੋਹਾਰਮੋਨ ਬਣਾਉਣ ’ਚ ਸਮਰੱਥ ਹੈ। ਸਿਫਾਰਸ਼ ਅਨੁਸਾਰ, 500 ਗ੍ਰਾਮ ਚਾਰਕੋਲ ਅਧਾਰਤ ਕੌਸੋਰਸ਼ੀਅਮ ਜੀਵਾਣੂੰ ਖਾਦ ਦੇ ਇੱਕ ਪੈਕੇਟ ਨੂੰ ਅੱਧਾ ਲੀਟਰ ਪਾਣੀ ’ਚ ਮਿਲਾ ਕੇ ਇੱਕ ਘੋਲ ਤਿਆਰ ਕਰਨਾ ਹੈ। ਇਸ ਤੋਂ ਬਾਅਦ ਇਸ ਘੋਲ ਨੂੰ, ਸਾਫ ਫਰਸ਼ ਤੇ ਇੱਕ ਏਕੜ ਜ਼ਮੀਨ ਲਈ ਸਿਫਾਰਸ਼ ਕੀਤੇ ਮੱਕੀ ਦੇ ਬੀਜਾਂ ਨਾਲ ਮਿਲਾਉਣਾ ਹੈ, ਜਿਸ ਉਪਰੰਤ ਬੀਜਾਂ ਨੂੰ ਛਾਵੇਂ ਸੁਕਾ ਕੇ ਤੁਰੰਤ ਬਿਜਾਈ ਕਰ ਦਿੱਤੀ ਜਾਂਦੀ ਹੈ।
ਝੋਨੇ ਲਈ ਐਜ਼ੋਸਪਾਈਰੀਲਮ ਜੀਵਾਣੂੰ ਖਾਦ
ਝੋਨੇ ਦੀ ਪਨੀਰੀ ਦੀ ਲੁਆਈ ਤੋਂ ਪਹਿਲਾਂ ਐਜ਼ੋਸਪਾਈਰੀਲਮ ਜੀਵਾਣੂੰ ਖਾਦ ਨੂੰ ਪਨੀਰੀ ਦੀਆਂ ਜੜਾਂ ਨੂੰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਐਜ਼ੋਸਪਾਈਰੀਲਮ ਬ੍ਰਾਸੀਲੈਂਸ ਜੀਵਾਣੂੰ ਖਾਦ ਨੂੰ 100 ਲੀਟਰ ਪਾਣੀ ’ਚ ਮਿਲਾ ਕੇ ਘੋਲ ਤਿਆਰ ਕਰਨਾ ਹੈ। ਇਸ ਘੋਲ ’ਚ ਇੱਕ ਏਕੜ ਰਕਬੇ ’ਚ ਬੀਜੇ ਜਾਣ ਲਈ ਪਨੀਰੀ ਦੀਆਂ ਜੜ੍ਹਾਂ ਨੂੰ 45 ਮਿੰਟਾਂ ਲਈ ਡੁਬੋ ਕੇ ਰੱਖਿਆ ਜਾਂਦਾ ਹੈ, ਜਿਸ ਉਪਰੰਤ ਪਨੀਰੀ ਨੂੰ ਖੇਤ ’ਚ ਰਵਾਇਤੀ ਤਰੀਕੇ ਨਾਲ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਪੁਲਸ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪੂਰੀ ਤਰ੍ਹਾਂ ਪਾਬੰਦੀ, ਹੁਕਮ ਜਾਰੀ
ਜੀਵਾਣੂੰ ਖਾਦਾਂ ਨੂੰ ਵਰਤਣ ਸਮੇਂ ਹਦਾਇਤ
ਜੀਵਾਣੂੰ ਖਾਦਾਂ ਦੀ ਵਰਤੋਂ ਸਿਫਾਰਸ਼ ਕੀਤੀ ਗਈ ਫਸਲ ਲਈ ਹੀ ਕਰਨੀ ਚਾਹੀਦੀ ਹੈ।
ਜੀਵਾਣੂੰ ਖਾਦ ਦੇ ਪੈਕੇਟ ਨੂੰ ਠੰਢੀ ਛਾਂ ਵਾਲੀ ਥਾਂ ’ਤੇ ਰੱਖਣਾ ਚਾਹੀਦਾ ਹੈ।
ਜੀਵਾਣੂੰ ਖਾਦ ਦੀ ਵਰਤੋਂ ਪੈਕੇਟ ’ਤੇ ਦਰਸਾਈ ਮਿਆਦ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ।
ਜੀਵਾਣੂੰ ਖਾਦਾਂ ਨੂੰ ਵਰਤਣ ਤੋਂ ਬਾਅਦ ਬੀਜਾਂ ਨੂੰ ਸਿੱਧੀ ਧੁੱਪ ਤੋਂ ਬਚਾਉਣਾ ਚਾਹੀਦਾ ਹੈ।
ਜੀਵਾਣੂੰ ਖਾਦਾਂ ਦੀ ਵਰਤੋਂ ਰਸਾਇਣਕ ਖਾਦਾਂ ਨਾਲ ਰਲਾ ਕੇ ਨਹੀਂ ਕਰਨੀ ਚਾਹੀਦੀ ਹੈ।
ਜੀਵਾਣੂੰ ਖਾਦਾਂ ਦੀ ਜਾਣਕਾਰੀ ਅਤੇ ਉਪਲਬਧਤਾ
ਇਹ ਜੀਵਾਣੂੰ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਮਾਈਕ੍ਰੋਬਾਇਓਲੌਜੀ ਵਿਭਾਗ ਅਤੇ ਗੇਟ ਨੰਬਰ 1 ਨੇੜੇ ਬੀਜਾਂ ਦੀ ਦੁਕਾਨ ਤੇ ਉਪਲਬਧ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਵੱਲੋਂ ਵੀ ਇਹ ਜੀਵਾਣੂੰ ਖਾਦ ਵਾਜਿਬ ਕੀਮਤ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੀ. ਏ. ਯੂ. ਦੁਆਰਾ ਸਿਫਾਰਿਸ਼ ਕੀਤੀਆਂ ਜੀਵਾਣੂੰ ਖਾਦਾਂ ਬਾਰੇ ਵਾਧੂ ਜਾਣਕਾਰੀ ਦਫਤਰ ਮੁਖੀ, ਮਾਈਕ੍ਰੋਬਾਇਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਜਾਂ hodmb0pau.edu ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
-ਸੁਮਨ ਕੁਮਾਰੀ, ਸੀਮਾ ਗਰਚਾ ਅਤੇ ਪ੍ਰਤਿਭਾ ਵਿਆਸ, ਮਾਈਕ੍ਰੋਬਾਇਓਲੋਜੀ ਵਿਭਾਗ, ਪੀ. ਏ. ਯੂ. ਲੁਧਿਆਣਾ।
ਇਹ ਵੀ ਪੜ੍ਹੋ : 25000 ਵੋਲਟ ਦੀਆਂ ਤਾਰਾਂ ਉੱਪਰ ਕਈ ਥਾਵਾਂ ’ਤੇ ਡਿੱਗੇ ਦਰੱਖਤ, ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।