ਫਲਦਾਰ ਬੂਟਿਆਂ ਦੇ ਵੱਡੇ ਨੁਕਸਾਨ ਦਾ ਕਾਰਣ ਬਣਦੀ ਹੈ ਬਰਸਾਤਾਂ ਦੇ ਦਿਨਾਂ ’ਚ ਵਰਤੀ ਲਾਪਰਵਾਹੀ

Monday, Jul 20, 2020 - 10:01 AM (IST)

ਫਲਦਾਰ ਬੂਟਿਆਂ ਦੇ ਵੱਡੇ ਨੁਕਸਾਨ ਦਾ ਕਾਰਣ ਬਣਦੀ ਹੈ ਬਰਸਾਤਾਂ ਦੇ ਦਿਨਾਂ ’ਚ ਵਰਤੀ ਲਾਪਰਵਾਹੀ

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਰਵਾਇਤੀ ਫਸਲਾਂ ਦੀ ਬਜਾਏ ਵੱਖ-ਵੱਖ ਫਲਦਾਰ ਬੂਟਿਆਂ ਦੀ ਕਾਸ਼ਤ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਜਿਸ ਦੇ ਚਲਦਿਆਂ ਪੰਜਾਬ ਅੰਦਰ ਅਨੇਕਾਂ ਬਾਗਬਾਨਾਂ ਨੇ ਪੀ. ਏ. ਯੂ. ਦੀਆਂ ਸਿਫਾਰਸ਼ਾਂ ਅਤੇ ਨਿੱਜ਼ੀ ਤਜ਼ਰਬਿਆਂ ਦੀ ਬਦੌਲਤ ਬਾਗਬਾਨੀ ਨੂੰ ਆਮਦਨ ਦਾ ਵਧੀਆ ਸੋਮਾ ਬਣਾਇਆ ਹੈ। ਦੂਜੇ ਪਾਸੇ ਅਨੇਕਾਂ ਬਾਗਬਾਨ ਅਜਿਹੇ ਵੀ ਹਨ, ਜੋ ਬਾਗਾਂ ਦੀ ਸਹੀ ਸੰਭਾਲ ਨਾ ਹੋਣ ਕਾਰਣ ਕਈ ਵਾਰ ਆਰਥਿਕ ਨੁਕਸਾਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਫਲਦਾਰ ਬੂਟਿਆਂ ਨੂੰ ਬਚਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਖਾਸ ਤੌਰ ’ਤੇ ਬਰਸਾਤਾਂ ਦਾ ਮੌਸਮ ਫਲਦਾਰ ਬੂਟਿਆਂ ਲਈ ਬੇਹੱਦ ਖਤਰਨਾਕ ਸਿੱਧ ਹੁੰਦਾ ਹੈ, ਜਿਸ ਦੌਰਾਨ ਬਾਗਾਂ ਨੂੰ ਬਚਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਸਰਕਾਰ ਵਲੋਂ ਕਿਸਾਨਾਂ ਲਈ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਤੋਂ ਕਈ ਕਿਸਾਨ ਰਹਿਣਗੇ ਸੱਖਣੇ

ਫਲਦਾਰ ਬੂਟਿਆਂ ਲਈ ਮਾਰੂ ਹੁੰਦੀ ਹੈ ਬਾਰਿਸ਼
ਜੁਲਾਈ ਤੋਂ ਸਤੰਬਰ ਤੱਕ ਬਰਸਾਤਾਂ ਦਾ ਮੌਸਮ ਫ਼ਲਦਾਰ ਬੂਟਿਆਂ ਲਈ ਕਾਫੀ ਮਾਰੂ ਹੁੰਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਪੁਰਾਣੇ ਬੂਟਿਆਂ ਨੂੰ ਬਚਾਉਣ ਦੇ ਨਾਲ-ਨਾਲ ਨਵੇਂ ਫ਼ਲਦਾਰ ਬੂਟਿਆਂ ਨੂੰ ਲਾਉਣ ਮੌਕੇ ਵੀ ਕਈ ਅਹਿਮ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ ਤਹਿਤ ਬੂਟੇ ਦੀ ਚੋਣ, ਵਿਉਂਤਬੰਦੀ ਅਤੇ ਪਹਿਲਾਂ ਤੋਂ ਲੱਗੇ ਫ਼ਲਦਾਰ ਬੂਟਿਆਂ ਦੀ ਸਾਭ-ਸੰਭਾਲ ਪੂਰੀ ਵਿਗਿਆਨਿਕ ਵਿਧੀ ਨਾਲ ਕਰਨੀ ਚਾਹੀਦੀ ਹੈ। ਨਵੇਂ ਬੂਟੇ ਲਾਉਣ ਤੋਂ ਪਹਿਲਾਂ ਫ਼ਲਾਂ ਲਈ ਜਗ੍ਹਾ ਦੀ ਚੋਣ, ਮਿੱਟੀ ਦੀ ਪਰਖ ਅਤੇ ਪਾਣੀ ਦੇ ਪ੍ਰਬੰਧ ਬਾਰੇ ਜਾਣਕਾਰੀ ਹੋਣਾ ਅਤਿ ਜ਼ਰੂਰੀ ਹੈ। ਬਰਸਾਤਾਂ ਦੇ ਵਾਧੂ ਪਾਣੀ ਨਾਲ ਫ਼ਲਾਂ ਦਾ ਕੇਰਾ ਹੋ ਸਕਦਾ ਹੈ, ਕੀੜੇ-ਮਕੌੜੇ ਅਤੇ ਬਿਮਾਰੀਆਂ ਵਿਚ ਵਾਧਾ ਹੋ ਸਕਦਾ ਹੈ। ਜ਼ਮੀਨ ਵਿਚ ਪਾਣੀ ਦੀ ਮਾਤਰਾ ਵੱਧਣ ਨਾਲ ਜ਼ਮੀਨ ਵਿਚ ਹਵਾ ਦਾ ਅਦਾਨ-ਪ੍ਰਦਾਨ ਬੰਦ ਹੋ ਜਾਂਦਾ ਹੈ। ਜੜ੍ਹਾਂ ਵਿਚ ਹਵਾ ਦਾ ਪ੍ਰਵਾਹ ਬੰਦ ਹੋਣ ਨਾਲ ਬੂਟਿਆਂ ਦੀ ਸਿਹਤ ਉਪਰ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਲੰਬੇ ਸਮੇਂ ਤੱਕ ਅਜਿਹੀ ਸਥਿਤੀ ਰਹਿਣ ਨਾਲ ਬੂਟੇ ਮਰ ਵੀ ਸਕਦੇ ਹਨ। ਮਿਸਾਲ ਦੇ ਤੌਰ ’ਤੇ ਪਪੀਤੇ ਦੇ ਬੂਟੇ ਇਕ ਦਿਨ ਪਾਣੀ ਖੜ੍ਹਣ ਨਾਲ ਹੀ ਮਰ ਸਕਦੇ ਹਨ। ਨਿੰਬੂ ਜਾਤੀ ਦੇ ਬੂਟੇ ਅਤੇ ਅੰਬਾਂ ਦੇ ਛੋਟੇ ਬੂਟੇ ਵੀ ਜ਼ਿਆਦਾ ਪਾਣੀ ਨੂੰ ਸਹਾਰ ਨਹੀ ਸਕਦੇ। ਇਸ ਲਈ ਬਾਗਾਂ ਵਿਚ ਵਾਧੂ ਪਾਣੀ ਦਾ ਨਿਕਾਸ ਦਾ ਅਗਾਉਂ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਡੇਅਰੀ ਫਾਰਮਿੰਗ ਦੇ ਲਾਹੇਵੰਦ ਧੰਦੇ ਦਾ ਲੱਕ ਤੋੜ ਰਹੀ ਹੈ ਦੁੱਧ ’ਚ ‘ਮਿਲਾਵਟਖੋਰੀ’

ਬਰਸਾਤਾਂ ਦੇ ਦਿਨਾਂ ’ਚ ਬਾਗਾਂ ਦਾ ਕਿਵੇਂ ਕੀਤਾ ਜਾਵੇ ਬਚਾਅ?
ਬਾਗ ਲਗਾਉਣ ਤੋਂ ਪਹਿਲਾਂ ਹੀ ਬਾਗ ਲਈ ਜ਼ਮੀਨ ਪੱਧਰ ਕਰਦੇ ਸਮੇਂ ਹਲਕੀ ਜਿਹੀ ਢਲਾਣ ਰੱਖ ਲੈਣੀ ਚਾਹੀਦੀ ਹੈ ਤਾਂ ਜੋ ਭਾਰੀ ਬਾਰਿਸ਼ ਦੇ ਵਾਧੂ ਪਾਣੀ ਦਾ ਨਿਕਾਸ ਕੀਤਾ ਜਾ ਸਕੇ। ਬਾਰਿਸ਼ ਹੋਣ ਦੇ ਬਾਅਦ ਜਿੰਨੀ ਜਲਦੀ ਹੋ ਸਕੇ ਬਾਗਾਂ ਵਿਚੋਂ ਪਾਣੀ ਦਾ ਨਿਕਾਸ ਕਰ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ ’ਤੇ ਹਲਕੀ ਜਿਹੀ ਵਹਾਈ ਵੀ ਕਰ ਦੇਣੀ ਚਾਹੀਦੀ ਹੈ ਤਾਂ ਜੋ ਜੜ੍ਹਾਂ ਵਿਚ ਹਵਾ ਦਾ ਪ੍ਰਵਾਹ ਹੋ ਸਕੇ। ਜ਼ਿਆਦਾ ਬਾਰਿਸ਼ ਨਾਲ ਕਈ ਵਾਰ ਨਵੇਂ ਲਾਏ ਬੂਟੇ ਟੇਢੇ-ਮੇਢੇ ਹੋ ਜਾਂਦੇ ਹਨ, ਇਸ ਲਈ ਅਜਿਹੇ ਬੂਟਿਆਂ ਨੂੰ ਸੋਟੀਆਂ ਜਾਂ ਕਿਸੇ ਹੋਰ ਸਹਾਰੇ ਨਾਲ ਸਿੱਧੇ ਕਰ ਦੇਣਾ ਚਾਹੀਦਾ ਹੈ ਅਤੇ ਵਾਧੂ ਫੁਟਾਰਾ ਤੋੜ ਦੇਣਾ ਚਾਹੀਦਾ ਹੈ। ਵੱਡੇ ਬੂਟਿਆਂ ਦੀ ਟੁਟੀਆਂ, ਨੁਕਸਾਨੀਆਂ ਟਹਿਣੀਆਂ ਕੱਟ ਕੇ ਬੋਰਡੋ ਮਿਸ਼ਰਣ 2:2:250 ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਬਾਗਾਂ ਵਿਚ ਬਰਸਾਤ ਦੇ ਪਾਣੀ ਨਾਲ ਫ਼ਲਦਾਰ ਬੂਟਿਆਂ ਦਾ ਨੁਕਸਾਨ ਹੋ ਸਕਦਾ ਹੈ। ਬੂਟਿਆਂ ਦੀਆਂ ਜੜ੍ਹਾਂ ਵਿਚ ਲਗਾਤਾਰ ਜ਼ਿਆਦਾ ਸਿੱਲ ਰਹਿਣ ਕਰ ਕੇ ਹਵਾ ਦਾ ਪ੍ਰਵਾਹ ਘੱਟ ਜਾਂਦਾ ਹੈ ਅਤੇ ਬੂਟਿਆਂ ਵਿਚ ਖੁਰਾਕੀ ਤੱਤਾਂ ਦੀ ਘਾਟ ਵਿਖਾਈ ਦਿੰਦੀ ਹੈ। ਅਜਿਹੇ ਹਾਲਾਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਕੀੜਿਆਂ ਦੇ ਵਾਧੇ ਲਈ ਵੀ ਅਨੁਕੂਲ ਹੁੰਦੇ ਹਨ। 

ਮੱਤੇਵਾੜਾ ਜੰਗਲ ਬਚਾਉਣ ਲਈ ਪਿੰਡ-ਪਿੰਡ ਸ਼ੁਰੂ ਕੀਤੀ ਗਈ ਮੱਤੇਵਾੜਾ ਮੁਹਿੰਮ

PunjabKesari

ਕਿੰਨੂ ਦੇ ਬਚਾਅ ਲਈ ਚੁੱਕੇ ਜਾਣ ਕਿਹੜੇ ਕਦਮ?
ਕਿੰਨੂ ਵਿਚ ਫ਼ਲਾਂ ਦਾ ਕੇਰਾ ਇਕ ਗੰਭੀਰ ਸਮੱਸਿਆ ਹੈ, ਇਸ ਨਾਲ ਫ਼ਲਾਂ ਦੇ ਝਾੜ ਵਿਚ ਭਾਰੀ ਗਿਰਾਵਟ ਆ ਸਕਦੀ ਹੈ। ਇਹ ਬੀਮਾਰੀ ਜ਼ਿਆਦਾਤਰ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦੀ ਹੈ, ਇਸ ਲਈ ਜਨਵਰੀ-ਫਰਵਰੀ ਵਿਚ ਸਾਰੀ ਸੋਕ ਕਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਅੋਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲੀਟਰ ਪਾਣੀ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਦੇ ਬਾਅਦ ਮਾਰਚ, ਜੁਲਾਈ ਅਤੇ ਸਤੰਬਰ ’ਚ ਵੀ ਇਨ੍ਹਾਂ ਦਵਾਈਆਂ ਦੇ ਛਿੜਕਾਅ ਕਰਨੇ ਚਾਹੀਦੇ ਹਨ। ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਵਿਚ 10 ਗ੍ਰਾਮ ਪ੍ਰਤੀ ਏਕੜ ਜਿਬਰੈਲਿਕ ਏਸਿਡ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਹ ਛਿੜਕਾਅ ਕਰ ਕੇ ਬਰਸਾਤਾਂ ਦੌਰਾਨ ਕੇਰੇ ਨੂੰ ਕਾਫ਼ੀ ਠੱਲ੍ਹ ਪਾ ਸਕਦਾ ਹੈ।

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’

ਨਿੰਬੂ ਜਾਤੀ ਦੇ ਬੂਟਿਆਂ ਨੂੰ ਬਚਾਉਣ ਦੇ ਢੰਗ
ਨਿੰਬੂ ਜਾਤੀ ਦੇ ਬੂਟਿਆਂ ਦੇ ਪੈਰਾਂ ਦਾ ਗਾਲ੍ਹਾ/ਗੂੰਦੀਆ ਰੋਗ/ਫਾਈਟੋਫਥੋਰਾ ਦਾ ਵੀ ਜ਼ਮੀਨ ਵਿਚ ਪਾਣੀ ਦੇ ਸੁਚੱਜੇ ਪ੍ਰਬੰਧ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇਕਰ ਵਾਧੂ ਪਾਣੀ ਦੇ ਨਿਕਾਸ ਦਾ ਢੁਕਵਾਂ ਪ੍ਰਬੰਧ ਨਾ ਹੋਵੇ ਤਾਂ ਇਹ ਬੀਮਾਰੀ ਭਿਆਨਕ ਰੂਪ ਧਾਰ ਸਕਦੀ ਹੈ। ਇਸ ਬੀਮਾਰੀ ਦੇ ਕਹਿਰ ਨੂੰ ਘਟਾਉਣ ਲਈ ਜੁਲਾਈ-ਅਗਸਤ ਮਹੀਨੇ ਸੋਡੀਅਮ ਹਾਈਪੋਕਲੋਰਾਈਟ 5% ਨੂੰ 50 ਮਿਲੀਲੀਟਰ ਪ੍ਰਤੀ ਬੂਟੇ ਦੇ ਹਿਸਾਬ ਨਾਲ 10 ਲਿਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੀ ਛਤਰੀ ਹੇਠ ਅਤੇ ਮੁੱਖ ਤਣਿਆਂ ਉੱਪਰ ਛਿੜਕਾਅ ਕਰਨਾ ਚਾਹੀਦਾ ਹੈ।

ਫਲ ਫਟਣ ਦੀ ਸਮੱਸਿਆ ਦਾ ਕਿਵੇਂ ਕੀਤਾ ਜਾਵੇ ਹੱਲ?
ਖੇਤੀ ਮਾਹਿਰਾਂ ਅਨੁਸਾਰ ਬਾਰਾਮਾਸੀ ਨਿੰਬੂ, ਅਨਾਰ ਆਦਿ ਵਿਚ ਫ਼ਲ ਫੱਟਣ ਦੀ ਸਮੱਸਿਆ ਵੀ ਬਰਸਾਤ ਨਾਲ ਸਬੰਧ ਰੱਖਦੀ ਹੈ। ਉਪਰੋਕਤ ਸਮੱਸਿਆ ਦੀ ਰੋਕਥਾਮ ਲਈ ਸੁਚੱਜਾ ਪਾਣੀ ਪ੍ਰਬੰਧ, ਵਾਧੂ ਪਾਣੀ ਦਾ ਨਿਕਾਸ ਅਤੇ ਸ਼ਿਫਾਰਸ਼ ਕੀਤੇ ਰਸਾਇਣਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਗਰਮੀ ਦੇ ਮਹੀਨਿਆਂ ਵਿਚ ਬੂਟਿਆਂ ਥੱਲੇ ਪਰਾਲੀ ਜਾਂ ਖੋਰੀ ਵਿਛਾਅ ਕੇ ਅਤੇ ਘਰੇਲੂ ਪੱਧਰ ’ਤੇ ਬੂਟਿਆਂ ਉਪਰ ਪਾਣੀ ਦਾ ਛਿੜਕਾਅ ਕਰ ਕੇ ਵੀ ਇਸ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ ।

5 ਲੱਖ ਤੱਕ ਦੀ ਮੈਡੀਕਲ ਸਹਾਇਤਾ ਦਾ ਆਊਸ਼ਮਾਨ ਭਾਰਤ ਕਾਰਡ ਤੁਹਾਡੇ ਘਰ ਪਹੁੰਚੇਗਾ...

PunjabKesari

ਅੰਗੂਰਾਂ ’ਚ ਟਹਿਣੀਆਂ ਸੁੱਕਣ ਦੀ ਸਮੱਸਿਆ ਦਾ ਹੱਲ
ਅੰਗੂਰਾਂ ਵਿਚ ਟਹਿਣੀਆਂ ਸੁੱਕਣ ਦਾ ਰੋਗ ਵੀ ਬਰਸਾਤਾਂ ਤੋਂ ਬਾਅਦ ਵਧ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ ਕਾਂਟ-ਛਾਂਟ ਤੋਂ ਬਾਅਦ ਜਨਵਰੀ-ਫਰਵਰੀ ਵਿਚ ਅਤੇ ਫਿਰ ਮਾਰਚ, ਮਈ, ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅਖੀਰ ਵਿਚ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਕੋਰ 25 ਤਾਕਤ 500 ਮਿ.ਲੀ. ਪ੍ਰਤੀ ਏਕੜ ਦਾ ਛਿੜਕਾਅ 500 ਲਿਟਰ ਪਾਣੀ ਵਿਚ ਘੋਲ ਕੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੇ ਅੱਧ ਵਿਚ ਕਰ ਕੇ ਵੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਅਮਰੂਦ ਨੂੰ ਬਚਾਉਣ ਦੇ ਢੰਗ
ਬਰਸਾਤ ਦੀ ਰੁੱਤ ਦੀ ਫਸਲ ਵਿਚ ਅਮਰੂਦ ਦੇ ਬੂਟੇ ’ਤੇ ਫ਼ਲ ਦੀ ਮੱਖੀ ਦਾ ਹਮਲਾ ਕਈ ਵਾਰ ਪੂਰੀ ਫਸਲ ਨੂੰ ਬਰਬਾਦ ਕਰ ਦਿੰਦਾ ਹੈ। ਇਸ ਕੀੜੇ ਦੇ ਕਹਿਰ ਨੂੰ ਘਟਾਉਣ ਲਈ ਬਰਸਾਤਾਂ ਤੋਂ ਪਹਿਲਾਂ ਬਾਗਾਂ ਦੀ ਸਾਫ-ਸਫਾਈ ਕਰ ਦੇਣੀ ਚਾਹੀਦੀ ਹੈ। ਇਸ ਮਹੀਨੇ ਮੱਖੀ ਤੋਂ ਪ੍ਰਭਾਵਿਤ ਅਮਰੂਦਾਂ ਨੂੰ ਇਕੱਠਾ ਕਰ ਕੇ ਲਗਾਤਾਰ ਜ਼ਮੀਨ ਵਿਚ ਦਬਾਉਂਦੇ ਰਹਿਣਾ ਚਾਹੀਦਾ ਹੈ। ਪੀ. ਏ. ਯੂ. ਫਰੂਟ ਫਲਾਈ ਟਰੈਪ ਲਗਾ ਕੇ ਵੀ ਫਲ ਦੀ ਮੱਖੀ ਕਾਰਨ ਹੋਣ ਵਾਲਾ ਨੁਕਸਾਨ ਘਟਾਇਆ ਜਾ ਸਕਦਾ ਹੈ ਜਿਸ ਲਈ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਏ ਜਾਂਦੇ ਹਨ।

ਬਰਸਾਤ ਦੇ ਮੌਸਮ ਵਿਚ ਨੁਕਸਾਨ ਕਰਦੈ ਕੀੜਿਆਂ ਦਾ ਹਮਲਾ
ਨਿੰਬੂ ਜਾਤੀ ਦੇ ਫਲਾਂ ਵਿਚ ਸਿਟਰਸ ਸਿਲ੍ਹਾ ਅਤੇ ਸੁਰੰਗੀ ਕੀੜੇ ਦਾ ਹਮਲਾ ਵੀ ਇਸ ਮੌਸਮ ਦੌਰਾਨ ਨੁਕਸਾਨ ਕਰਦਾ ਹੈ। ਸਿਟਰਸ ਸਿਲ੍ਹਾ ਲਈ ਯੂਨੀਵਰਸਿਟੀ ਵਲੋਂ ਸ਼ਿਫਾਰਿਸ਼ ਕੀਤੇ ਗਏ ਕੀਟ-ਨਾਸ਼ਕ 1250 ਮਿਲੀਲਿਟਰ ਰੋਗੋਰ 30 ਤਾਕਤ ਜਾਂ 200 ਮਿ.ਲੀ. ਕਨਫੀਡੋਰ 17.8 ਤਾਕਤ ਜਾਂ 160 ਗ੍ਰਾਮ ਅਕਟਾਰਾ 25 ਤਾਕਤ ਦਾ 500 ਲਿਟਰ ਪਾਣੀ ਵਿਚ ਘੋਲ ਕੇ ਸਮੇਂ ਸਿਰ ਛਿੜਕਾਅ ਕਰਨਾ ਅਤਿ ਜਰੂਰੀ ਹੈ। ਇਸੇਤਰਾਂ ਸੁਰੰਗੀ ਕੀੜੇ ਦੀ ਰੋਕਥਾਮ ਲਈ ਵੀ ਇਹ ਕੀਟ-ਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


author

rajwinder kaur

Content Editor

Related News