ਫ਼ਲਦਾਰ ਬੂਟਿਆਂ ਵਿਚ ਸੂਖਮ ਤੱਤਾਂ ਦੀ ਘਾਟ ਕਿਵੇਂ ਪੂਰੀ ਕਰੀਏ

06/02/2020 7:09:35 PM

ਫ਼ਲਦਾਰ ਬੂਟਿਆਂ ਦੇ ਚੰਗੇ ਵਾਧੇ ਅਤੇ ਇਨ੍ਹਾਂ ਤੋਂ ਮਿਆਰੀ ਫ਼ਲ ਲੈਣ ਲਈ ਜ਼ਰੂਰੀ ਹੈ ਕਿ ਕਿਸੇ ਵੀ ਖ਼ੁਰਾਕੀ ਤੱਤ ਦੀ ਘਾਟ ਨਾ ਆਵੇ। ਬਾਗਬਾਨ ਵੀਰ ਇਨ੍ਹਾਂ ਫ਼ਲਦਾਰ ਬੂਟਿਆਂ ਵਿੱਚ ਮੁੱਖ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਲੋੜੀਂਦੀਆਂ ਖ਼ਾਦਾਂ ਜਿਵੇਂ ਯੂਰੀਆਂ, ਡੀ.ਏ.ਪੀ. ਪੋਟਾਸ਼ ਆਦਿ ਦੀ ਵਰਤੋਂ ਤਾਂ ਕਰ ਲੈਂਦੇ ਹਨ ਪਰ ਸੂਖਮ ਤੱਤਾਂ ਦੀ ਘਾਟ ਨੂੰ ਅਣ-ਗੌਲਿਆਂ ਕਰ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਫ਼ਲਦਾਰ ਬੂਟਿਆਂ ਦਾ ਪੂਰਾ ਵਾਧਾ ਨਹੀਂ ਹੁੰਦਾ ਅਤੇ ਫ਼ਲ ਦੇ ਝਾੜ ਅਤੇ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਹੈ। ਸੂਖਮ ਖ਼ੁਰਾਕੀ ਤੱਤ, ਮੁੱਖ ਤੱਤਾਂ ਨਾਲੋਂ ਭਾਵੇਂ ਬੂਟਿਆਂ ਨੂੰ ਕਾਫ਼ੀ ਘੱਟ ਮਾਤਰਾ ਵਿੱਚ ਲੋੜੀਂਦੇ ਹੁੰਦੇ ਹਨ ਅਤੇ ਜ਼ਮੀਨ ਵਿੱਚ ਵੀ ਇਹ ਕਾਫ਼ੀ ਘੱਟ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਪਰ ਬੂਟਿਆਂ ਲਈ ਇਨ੍ਹਾਂ ਦੀ ਮਹੱਤਤਾ ਵੱਡੇ ਖ਼ੁਰਾਕੀ ਤੱਤਾਂ ਦੇ ਬਰਾਬਰ ਹੀ ਹੁੰਦੀ ਹੈ। ਪੰਜਾਬ ਵਿੱਚ ਇਨ੍ਹਾਂ ਬੂਟਿਆਂ 'ਤੇ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਹੀ ਦੇਖੀ ਜਾਂਦੀ ਹੈ, ਜਿਸ ਲਈ ਇਹ ਜ਼ਰੂਰੀ ਹੈ ਕਿ ਇਨਾਂ ਤੱਤਾਂ ਦੀ ਘਾਟ ਨੂੰ ਪਛਾਣ ਕੇ ਬਾਗਬਾਨ ਵੀਰ ਤੁਰੰਤ ਇਨ੍ਹਾਂ ਦੀ ਪੂਰਤੀ ਕਰਨ।

ਘਾਟ ਵਾਲੀਆਂ ਹਾਲਤਾਂ 
ਜ਼ਿੰਕ ਦੀ ਘਾਟ ਦੀ ਸੰਭਾਵਨਾ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਕਲਰਾਠੀਆਂ, ਵੱਧ ਚੂਨੇ ਵਾਲੀਆਂ, ਰੋੜਾਂ ਵਾਲੀਆਂ, ਵੱਧ ਫ਼ਾਸਫ਼ੋਰਸ ਵਾਲੀਆਂ ਅਤੇ ਬੇਟ ਇਲਾਕੇ ਦੀਆਂ ਜ਼ਮੀਨਾਂ ਵਿੱਚ ਲੱਗੇ ਬੂਟਿਆਂ ਤੇ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਲੋਹੇ ਦੀ ਘਾਟ ਵੀ ਆਮ ਤੌਰ ਤੇ ਹਲਕੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਜ਼ਿਆਦਾ ਚੂਨੇ ਵਾਲੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿੱਚ ਲੱਗੇ, ਇਨ੍ਹਾਂ ਸਦਾਬਹਾਰ ਫ਼ਲਦਾਰ ਬੂਟਿਆਂ ਵਿੱਚ ਆਉਂਦੀ ਹੈ। ਜੇਕਰ ਜ਼ਮੀਨ ਵਿੱਚ ਮੌਜੂਦ ਲੋਹਾ 4.5 ਕਿੱਲੋ/ਏਕੜ ਤੋਂ ਘੱਟ ਹੋਵੇ, ਤਾਂ ਉਨ੍ਹਾਂ ਜ਼ਮੀਨਾਂ ਨੂੰ ਲੋਹੇ ਦੀ ਘਾਟ ਵਾਲੀਆਂ ਜ਼ਮੀਨਾਂ ਆਖਿਆ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਪਸਾਰ ਜਾਨਣ ਲਈ ਹੁਣ ਭਾਰਤ ਅਤੇ ਅਮਰੀਕਾ ਕਰਾਉਣਗੇ Sero Survey (ਵੀਡੀਓ)

ਸੂਖ਼ਮ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਲਾਜ
ਕਿੰਨੂ:

ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਵਾਲੇ ਬੂਟਿਆਂ ਦੀਆਂ ਟਾਹਣੀਆਂ ਦੇ ਸਿਰੇ ਵਾਲੇ ਪੱਤੇ, ਸਧਾਰਨ ਨਾਲੋਂ ਛੋਟੇ ਅਕਾਰ ਦੇ ਅਤੇ ਨੇੜੇ-ਨੇੜੇ ਰਹਿ ਜਾਂਦੇ ਹਨ। ਇਸ ਤੱਤ ਦੀ ਪੂਰਤੀ ਕਰਨ ਲਈ ਜ਼ਿੰਕ ਸਲਫ਼ੇਟ ਦਾ 0.47 ਫ਼ੀਸਦੀ ਦੇ ਘੋਲ (470 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਕਿੰਨੂ ਵਿੱਚ ਬਹਾਰ ਦੀ ਫ਼ੋਟ ਨੂੰ ਇਹ ਛਿੜਕਾਅ ਅਖੀਰ-ਅਪ੍ਰੈਲ ਵਿੱਚ ਕਰ ਦਿਓ ਪਰ ਗਰਮੀਆਂ ਦੀ ਪਛੇਤੀ ਫ਼ੋਟ ਲਈ ਅੱਧ-ਅਗਸਤ ਮਹੀਨਾ ਛਿੜਕਾਅ ਲਈ ਵਧੇਰੇ ਢੁਕਵਾਂ ਹੈ। 
ਕਿੰਨੂ ਵਿੱਚ ਆਮ ਤੌਰ ਤੇ ਜ਼ਿੰਕ ਦੀ ਘਾਟ, ਬੂਟੇ ਦੇ ਚੌਥੇ ਸਾਲ ਵਿੱਚ ਪਹਿਲਾ ਫ਼ਲ ਲੈਣ ਮਗਰੋਂ ਆਉਂਦੀ ਹੈ।ਇਸ ਕਰਕੇ ਬੂਟੇ ਨੂੰ ਤੀਜੇ ਸਾਲ ਪਿੱਛੋਂ ਹਰ ਸਾਲ ਜ਼ਿੰਕ ਸਲਫੇਟ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜ਼ਿੰਕ ਅਤੇ ਮੈਗਨੀਜ਼ ਦੀ ਘਾਟ ਦੀ ਪੂਰਤੀ ਲਈ ਜ਼ਿੰਕ ਸਲਫੇਟ (4.70 ਗ੍ਰਾਮ ਪ੍ਰਤੀ ਲਿਟਰ ਪਾਣੀ) ਅਤੇ ਮੈਗਨੀਜ਼ ਸਲਫੇਟ (3.30 ਗ੍ਰਾਮ ਪ੍ਰਤੀ ਲਿਟਰ ਪਾਣੀ) ਨੂੰ ਰਲਾ ਕੇ ਅਖ਼ੀਰ ਅਪ੍ਰੈਲ ਅਤੇ ਅੱਧ ਅਗਸਤ ਦੌਰਾਨ ਸਪਰੇਅ ਕਰੋ । 

ਲੋਹੇ ਦੀ ਘਾਟ : ਰੇਤਲੀਆਂ ਜ਼ਮੀਨਾਂ ਵਿੱਚ ਲੱਗੇ ਕਿੰਨੂ ਦੇ ਬੂਟਿਆਂ 'ਤੇ ਲੋਹੇ ਦੀ ਘਾਟ ਨਾਲ ਉਪਰਲੇ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰ ਦੀ ਥਾਂ ਹਲਕੇ ਪੀਲੇ ਰੰਗ ਦੀ ਨਜ਼ਰ ਆਉਂਦੀ ਹੈ।ਸਭ ਤੋਂ ਪਹਿਲਾਂ ਉਪਰਲੀਆਂ ਟਾਹਣੀਆਂ ਦੇ ਨਵੇਂ ਨਿਕਲੇ ਪੱਤਿਆਂ ਤੇ ਲੋਹੇ ਦੀ ਘਾਟ (ਪੀਲਾਪਨ) ਦਿਖਾਈ ਦਿੰਦਾ ਹੈ। ਸਮਾਂ ਵਧਣ ਨਾਲ ਬੂਟੇ ਦੀਆਂ ਟਾਹਣੀਆਂ ਦੇ ਹੇਠਲੇ ਪੱਤੇ ਵੀ ਪੀਲੇ ਪੈਣ ਲੱਗਦੇ ਹਨ। ਪ੍ਰਭਾਵਿਤ ਪੱਤਿਆਂ ਦੀਆਂ ਨਾੜੀਆਂ ਹਰੇ ਰੰਗ ਦੀਆਂ ਹੀ ਨਜ਼ਰ ਆਉਂਦੀਆਂ ਹਨ।ਕਿੰਨੂ ਵਿੱਚ ਲੋਹੇ ਦੀ ਘਾਟ 0.4 ਫ਼ੀਸਦੀ ਫ਼ੈਰਸ ਸਲਫ਼ੇਟ (400 ਗ੍ਰਾਮ ਫ਼ੈਰਸ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰਕੇ ਪੂਰੀ ਕੀਤੀ ਜਾ ਸਕਦੀ ਹੈ। ਬੂਟਿਆਂ ਤੇ ਇਹ ਛਿੜਕਾਅ ਅਪ੍ਰੈਲ ਅਤੇ ਅਗਸਤ ਵਿੱਚ ਕਰੋ।

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਸ਼ਰਧਾਲੂ : ਸਾਈਂ ਫ਼ਤਹਿ ਸ਼ਾਹ ਅਲੀ

ਅਮਰੂਦ:
ਜ਼ਿੰਕ ਦੀ ਘਾਟ: ਅਮਰੂਦ ਵਿੱਚ ਜ਼ਿੰਕ ਦੀ ਘਾਟ ਵਾਲੇ ਬੂਟਿਆਂ ਦੇ ਪੱਤਿਆਂ ਦਾ ਅਕਾਰ ਸਧਾਰਨ ਨਾਲੋਂ ਕੁੱਝ ਛੋਟਾ ਰਹਿ ਜਾਂਦਾ ਹੈ ਅਤੇ ਸ਼ਾਖਾਵਾਂ ਚੋਟੀ ਤੋਂ ਹੇਠਾਂ ਵੱਲ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ।ਪੱਤਿਆਂ ਦੀਆਂ ਮੋਟੀਆਂ ਨਾੜੀਆਂ ਦੇ ਵਿਚਾਲੇ ਦਾ ਰੰਗ ਪੀਲਾ ਜਾਂ ਹਲਕਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ।ਅਮਰੂਦ ਵਿੱਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ 1.0 ਕਿੱਲੋ ਜ਼ਿੰਕ ਸਲਫ਼ੇਟ ਅਤੇ 500 ਗ੍ਰਾਮ ਅਣ-ਬੁਝਿਆ ਚੂਨਾ, 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਤੇ ਛਿੜਕਾਅ ਕਰੋ।ਜੂਨ ਤੋਂ ਸਤੰਬਰ ਦੇ ਮਹੀਨਿਆਂ ਵਿੱਚ ਹਰ 15 ਦਿਨਾਂ ਦੇ ਵਕਫ਼ੇ ਤੇ ਇਹੋ ਜਿਹੇ ਦੋ-ਤਿੰਨ ਛਿੜਕਾਅ ਕਰ ਦਿਓ।

ਲੋਹੇ ਦੀ ਘਾਟ: ਅਮਰੂਦ ਵਿੱਚ ਲੋਹੇ ਦੀ ਘਾਟ ਨਾਲ ਟਹਿਣੀਆਂ ਦੇ ਉਪਰਲੇ ਨਵੇਂ ਪੱਤੇ ਨਾੜੀਆਂ ਵਿਚਕਾਰੋਂ ਹਲਕੇ ਪੀਲੇ ਜਿਹੇ ਦਿਖਾਈ ਦਿੰਦੇ ਹਨ। ਸਮਾਂ ਵਧਣ ਨਾਲ ਪੀਲਾਪਣ ਇੱਕਸਾਰ ਸਾਰੇ ਪੱਤੇ ਤੇ ਫ਼ੈਲ ਜਾਂਦਾ ਹੈ। ਲੋਹੇ ਦੀ ਘਾਟ ਪੂਰੀ ਕਰਨ ਲਈ ਫ਼ੈਰਸ ਸਲਫ਼ੇਟ ਦੇ 0.4 ਫ਼ੀਸਦੀ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਹ ਘੋਲ 400 ਗ੍ਰਾਮ ਫ਼ੈਰਸ ਸਲਫ਼ੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤਾ ਜਾ ਸਕਦਾ ਹੈ।ਜ਼ਮੀਨ ਵਿੱਚ ਲੋਹੇ ਦੀ ਘਾਟ ਮੁਤਾਬਕ ਇਸ ਘੋਲ ਦੇ 3-4 ਛਿੜਕਾਅ, 7 ਤੋਂ 10 ਦਿਨਾਂ ਦੇ ਵਕਫ਼ੇ ਤੇ ਕਰਨੇ ਚਾਹੀਦੇ ਹਨ।

ਪੜ੍ਹੋ ਇਹ ਵੀ ਖਬਰ - ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 'ਚ ਹੋਇਆ ਵਾਧਾ

ਅੰਬ:
ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਕਾਰਨ ਅੰਬ ਦੇ ਨਵੇਂ ਨਿਕਲ ਰਹੇ ਪੱਤਿਆਂ ਦਾ ਅਕਾਰ ਸਧਾਰਨ ਨਾਲੋਂ ਛੋਟਾ ਰਹਿ ਜਾਂਦਾ ਹੈ ਅਤੇ ਪੱਤੇ ਸਖ਼ਤ ਜਿਹੇ ਹੋ ਜਾਂਦੇ ਹਨ। ਜ਼ਿੰਕ ਦੀ ਘਾਟ ਵਾਲੇ ਛੋਟੇ-ਛੋਟੇ ਪੱਤਿਆਂ ਦੇ ਗੁੱਛੇ ਜਿਹੇ ਬਣ ਜਾਂਦੇ ਹਨ। ਅੰਬ ਦੇ ਬੂਟਿਆਂ ਤੇ ਜ਼ਿੰਕ ਦੀ ਘਾਟ ਦੀ ਪੂਰਤੀ ਲਈ 0.3 ਫ਼ੀਸਦੀ (300 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਜ਼ਿੰਕ ਸਲਫ਼ੇਟ ਦੇ ਘੋਲ ਦਾ ਛਿੜਕਾਅ ਕਰੋ। ਜ਼ਮੀਨ ਵਿੱਚ ਜ਼ਿੰਕ ਦੀ ਘਾਟ ਮੁਤਾਬਕ, 7 ਤੋਂ 10 ਦਿਨਾਂ ਦੇ ਵਕਫ਼ੇ ਤੇ ਦੋ-ਤਿੰਨ ਛਿੜਕਾਅ ਕਰੋ। ਜ਼ਿੰਕ ਦੀ ਵਧੇਰੇ ਘਾਟ ਵਾਲੀਆਂ ਹਾਲਤਾਂ ਵਿੱਚ 0.45 ਫ਼ੀਸਦੀ ਜ਼ਿੰਕ ਸਲਫ਼ੇਟ (450 ਗ੍ਰਾਮ ਜ਼ਿੰਕ ਸਲਫ਼ੇਟ ਪ੍ਰਤੀ 100 ਲਿਟਰ ਪਾਣੀ) ਦਾ ਛਿੜਕਾਅ ਕਰੋ।

ਪੜ੍ਹੋ ਇਹ ਵੀ ਖਬਰ - ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ‘ਮੁਲਤਾਨ ਫ਼ਤਿਹ ਦੀ ਗਾਥਾ’

ਨਾਖ:
ਜ਼ਿੰਕ ਦੀ ਘਾਟ :
ਜ਼ਿੰਕ ਦੀ ਘਾਟ ਨਾਲ ਨਵੇਂ ਪੱਤਿਆਂ ਵਿੱਚ ਮੋਟੀਆਂ ਨਾੜਾਂ ਦੇ ਵਿਚਕਾਰਲਾ ਹਿੱਸਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ । ਪੱਤਿਆਂ ਦਾ ਆਕਾਰ ਛੋਟਾ ਹੋ ਕੇ ਪੱਤੇ ਉਪਰ ਨੂੰ ਕੱਪ ਦੀ ਤਰ੍ਹਾਂ ਮੁੜਨਾ ਸ਼ੁਰੂ ਕਰ ਦਿੰਦੇ ਹਨ । ਜ਼ਿੰਕ ਦੀ ਘਾਟ ਨੂੰ ਠੀਕ ਕਰਨ ਲਈ 3 ਕਿਲੋ ਜ਼ਿੰਕ ਸਲਫੇਟ + 1.5 ਕਿਲੋ ਅਣ ਬੁਝਿਆ ਚੂਨਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। 

ਲੋਹੇ ਦੀ ਘਾਟ : ਇਸ ਤੱਤ ਦੀ ਘਾਟ ਟੀਸੀ ਦੇ ਪੱਤਿਆਂ ਉਤੇ ਆਉਂਦੀ ਹੈ।ਇਸ ਕਾਰਨ ਪੱਤਿਆਂ ਦੀਆਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਹਿੱਸਾ ਪੀਲੇ ਰੰਗ ਦਾ ਹੋ ਜਾਂਦਾ ਹੈ । ਇਸ ਘਾਟ ਨੂੰ ਦੂਰ ਕਰਨ ਲਈ 0.3% ਫੈਰਸ ਸਲਫੇਟ (300 ਗ੍ਰਾਮ) 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ।

ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਇਕ ਸੰਘਰਸ਼ ਹੈ, ਆਓ ਖੁਸ਼ ਰਹਿਣਾ ਸਿੱਖੀਏ

ਆੜੂ:
ਲੋਹੇ ਦੀ ਘਾਟ: ਹਲਕੀਆਂ ਰੇਤਲੀਆਂ ਅਤੇ ਵੱਧ ਪੀ. ਐਚ. ਵਾਲੀਆਂ ਜ਼ਮੀਨਾਂ ਵਿੱਚ ਲੱਗੇ ਆੜੂ ਦੇ ਬਾਗਾਂ 'ਚ ਬੂਟਿਆਂ ਤੇ ਗਰਮੀਆਂ ਅਤੇ ਬਰਸਾਤਾਂ ਵਿੱਚ ਲੋਹੇ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਹਨ। ਟੀ.ਸੀ ਦੇ ਵੱਧਦੇ ਨਵੇਂ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲੀ ਥਾਂ ਪੀਲੀ ਪੈ ਜਾਦੀ ਹੈ, ਜਦੋਂ ਕਿ ਨਾੜੀਆਂ ਹਰੀਆਂ ਨਜ਼ਰ ਆਉਂਦੀਆਂ ਹਨ। ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਪੱਤਿਆਂ ’ਤੇ ਪ੍ਰਗਟ ਹੁੰਦੀਆਂ ਹਨ। ਲੋਹੇ ਤੱਤ ਦੀ ਘਾਟ ਬੂਟਿਆਂ ਤੇ 0.3% (3 ਗ੍ਰਾਮ ਪ੍ਰਤੀ ਲਿਟਰ ਪਾਣੀ) ਫੈਰਸ ਸਲਫੇਟ ਦੇ ਘੋਲ ਦਾ ਛਿੜਕਾਅ ਅਪ੍ਰੈਲ, ਜੂਨ ਅਤੇ ਅਗਸਤ-ਸਤੰਬਰ ਵਿੱਚ ਕਰਕੇ ਪੂਰੀ ਕੀਤੀ ਜਾਂਦੀ ਹੈ ।

ਧਿਆਨ ਦੇਣ ਯੋਗ ਗੱਲਾਂ
1.ਸੂਖ਼ਮ ਤੱਤਾਂ ਦਾ ਘੋਲ ਕਿਸੇ ਧਾਤੂ ਦੇ ਬਰਤਨ ਵਿੱਚ ਨਾ ਤਿਆਰ ਕਰੋ।
2.ਸੂਖ਼ਮ ਤੱਤਾਂ ਦਾ ਘੋਲ ਤਿਆਰ ਕਰਦੇ ਸਮੇਂ ਕਿਸੇ ਹੋਰ ਰਸਾਇਣ ਦੀ ਵਰਤੋਂ ਨਾ ਕਰੋ।
3.ਜਿਸ ਤੱਤ ਦੀ ਘਾਟ ਹੋਵ, ਉਸੇ ਤੱਤ ਦਾ ਹੀ ਛਿੜਕਾਅ ਕਰੋ। ਸੂਖ਼ਮ ਤੱਤਾਂ ਦੇ ਮਿਸ਼ਰਨ ਦੀ ਵਰਤੋਂ ਤੋਂ ਪਰਹੇਜ਼ ਕਰੋ ।
4.ਲੋਹੇ ਦੀ ਘਾਟ ਪੂਰੀ ਕਰਨ ਲਈ ਫ਼ੈਰਸ ਸਲਫ਼ੇਟ ਦੀ ਕਦੇ ਵੀ ਜ਼ਮੀਨ ਵਿੱਚ ਵਰਤੋਂ ਨਾ ਕਰੋ।

ਪੜ੍ਹੋ ਇਹ ਵੀ ਖਬਰ - ਪਸੀਨੇ ਦੀ ਬਦਬੂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ

ਗੁਰਤੇਗ ਸਿੰਘ, ਪ੍ਰਿਤਪਾਲ ਸਿੰਘ ਅਤੇ ਮੋਨਿਕਾ ਗੁਪਤਾ
ਫ਼ਲ ਵਿਗਿਆਨ ਵਿਭਾਗ


rajwinder kaur

Content Editor

Related News