ਐੱਫ.ਸੀ.ਆਈ. ਨੇ 65 ਲੱਖ ਟਨ ਅਨਾਜ ਖ਼ਰਾਬ ਹੋਣ ਦੀ ਰਿਪੋਰਟ ’ਤੇ ਦਿੱਤੀ ਸਫ਼ਾਈ

Friday, Jun 05, 2020 - 10:16 AM (IST)

ਐੱਫ.ਸੀ.ਆਈ. ਨੇ 65 ਲੱਖ ਟਨ ਅਨਾਜ ਖ਼ਰਾਬ ਹੋਣ ਦੀ ਰਿਪੋਰਟ ’ਤੇ ਦਿੱਤੀ ਸਫ਼ਾਈ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਰਤੀ ਖੁਰਾਕ ਨਿਗਮ ਨੇ ਔਨਲਾਈਨ ਸਮਾਚਾਰ ਪੋਰਟਲ ‘ਸਕਰੋਲ.ਇਨ’ ਤੇ "ਭਾਰਤ ਵਿੱਚ 65 ਲੱਖ ਟਨ ਅਨਾਜ ਚਾਰ ਮਹੀਨੇ ਵਿੱਚ ਖ਼ਰਾਬ ਹੁੰਦਾ ਹੈ, ਜਿੱਥੇ ਗ਼ਰੀਬ ਲੋਕ ਭੁੱਖੇ ਰਹਿੰਦੇ ਹਨ।" ਵਿਸ਼ੇ ਹੇਠ ਜਾਰੀ ਰਿਪੋਰਟ ਦਾ ਜ਼ੋਰਦਾਰ ਖੰਡਨ ਕੀਤਾ ਹੈ। ਰਿਪੋਰਟ ਨੂੰ ਅਣਉਚਿਤ ਅਤੇ ਸੰਗਠਨ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਰਾਰ ਦਿੰਦਿਆਂ ਐੱਫ.ਸੀ.ਆਈ. ਦੇ ਕਾਰਜਕਾਰੀ ਡਾਇਰੈਕਟਰ ਸੁਦੀਪ ਸਿੰਘ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਬਿਨਾ ਤੱਥਾਂ ਦੀ ਜਾਂਚ ’ਤੇ ਬਿਲਕੁਲ ਗ਼ਲਤ ਜਾਣਕਾਰੀ ਪ੍ਰਸਾਰਿਤ ਕੀਤੀ ਗਈ ਹੈ। ਇਸ ਤਰਾਂ ਵੱਡੇ ਪੈਮਾਨੇ ’ਤੇ ਜਨਤਾ ਨੂੰ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪਿਛਲੇ 4 ਮਹੀਨਿਆਂ ਦੌਰਾਨ 65 ਲੱਖ ਮੀਟ੍ਰਿਕ ਟਨ ਅਨਾਜ ਬਰਬਾਦ ਹੋਇਆ ਹੈ।"

ਉਨ੍ਹਾਂ ਕਿਹਾ ਕਿ 71.8 ਲੱਖ ਟਨ ਦੇ ਕਾਲਪਨਿਕ ਅੰਕੜੇ ਨੂੰ ਬਰਬਾਦ ਹੋਏ ਸਟਾਕ ਵਜੋਂ ਪ੍ਰਕਾਸ਼ਤ ਕਰਕੇ ਬਹੁਤ ਵੱਡੀ ਗ਼ਲਤ ਵਿਆਖਿਆ ਕੀਤੀ ਗਈ ਹੈ ਜਦਕਿ 2019-20 ਵਿੱਚ ਸਿਰਫ਼ 1930 ਟਨ ਦੀ ਅਸਲ ਮਾਤਰਾ ਵਿੱਚੋਂ ਬਹੁਤਾ ਕੁਦਰਤੀ ਆਫ਼ਤਾਂ ਕਾਰਨ ਨਾਨ-ਇਸ਼ੂਏਬਲ (ਖਰਾਬ) ਹੋਇਆ ਹੈ।

ਵੈੱਬਸਾਈਟ ’ਤੇ ਪ੍ਰਸਾਰਿਤ ਕੀਤੀ ਗਈ ਰਿਪੋਰਟ "ਕੋਵਿਡ-19 ਤਾਲਾਬੰਦੀ-ਖੇਤੀਬਾੜੀ ਅਤੇ ਪੇਂਡੂ ਅਰਥਚਾਰੇ ਅਤੇ ਪ੍ਰਭਾਵ" ਖੋਜ ਪੱਤਰ ’ਤੇ ਅਧਾਰਿਤ ਹੈ, ਜਿਸ ਨੂੰ ਸੋਸਾਇਟੀ ਫਾਰ ਸੋਸ਼ਲ ਐਂਡ ਇਕਨੌਮਿਕ ਰਿਸਰਚ ਵਲੋਂ ਲਿਖਿਆ ਗਿਆ ਹੈ। ਇਸ ਸਬੰਧੀ ਨਿਗਮ ਦੀ ਲੇਖਕ ਪ੍ਰੋਫ਼ੈਸਰ ਵਿਕਾਸ ਰਾਵਲ ਨਾਲ ਵੀ ਗੱਲ ਹੋਈ ਹੈ, ਜੋ ਖੋਜ ਪੱਤਰ ਦੇ ਲੇਖਕਾਂ ਵਿੱਚੋਂ ਇੱਕ ਹਨ, ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਡਾਟਾ ਮੰਡੀਆਂ ਵਿੱਚ ਪਏ ਸਟਾਕ ਅਤੇ ਅਸਾਨੀ ਨਾਲ ਜਾਰੀ ਨਾ ਹੋਣ ਵਾਲੇ ਅਨਾਜ ਦੇ ਰੂਪ ਵਿੱਚ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਪਈ ਕਣਕ ਨੂੰ ਭੰਡਾਰ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਵੇਗਾ ਅਤੇ ਨਾਲ ਹੀ ਕਣਕ ਅਤੇ ਚਾਵਲ ਖਪਤਕਾਰ ਰਾਜਾਂ ਨੂੰ ਭੇਜੇ ਜਾ ਰਹੇ ਹਨ ਅਤੇ ਇਸ ਨੂੰ ਖਰਾਬ ਹੋਏ ਅਨਾਜ ਦਾ ਲੇਬਲ ਦਿੱਤਾ ਜਾ ਰਿਹਾ ਹੈ। ਖੋਜਕਰਤਾ ਅਤੇ ਔਨਲਾਈਨ ਪੋਰਟਲ ਨੇ ਅੰਕੜਿਆਂ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਅੰਕੜਿਆਂ ਨੂੰ ਸਮਝਣ ਅਤੇ ਤੱਥਾਂ ਦੇ ਤਸਦੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਨਾਲ ਕੋਵਿਡ-19 ਮਹਾਮਾਰੀ ਵਿੱਚ ਫਰੰਟਲਾਈਨ ‘ਤੇ ਕੰਮ ਕਰ ਰਹੀ ਐੱਫ.ਸੀ.ਆਈ. ਜਿਹੇ ਸੰਗਠਨ ਦੇ ਅਕਸ ਨੂੰ ਢਾਹ ਲੱਗੀ ਹੈ।


author

rajwinder kaur

Content Editor

Related News