10 ਅਗਸਤ ਨੂੰ ਕਿਸਾਨ ਜਥੇਬੰਦੀਆਂ ਵਾਹਨਾਂ ’ਤੇ ਸਵਾਰ ਹੋ ਕੇ ਪੂਰੇ ਪੰਜਾਬ ’ਚ ਕੱਢਣਗੀਆਂ ਰੋਸ ਮਾਰਚ
Monday, Aug 03, 2020 - 03:22 PM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੱਲ੍ਹ ਮਿਤੀ 31 ਜੁਲਾਈ 2019 ਨੂੰ ਮੋਗਾ ਵਿਖੇ, ਸ਼ਹੀਦ ਨਛੱਤਰ ਸਿੰਘ ਭਵਨ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਬਲਕਰਨ ਸਿੰਘ ਬਰਾੜ, ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਨੇ ਕੀਤੀ। ਸਭ ਤੋਂ ਪਹਿਲਾਂ ਸ਼ਹੀਦ ਉਧਮ ਸਿੰਘ ਸੁਨਾਮ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਪੜ੍ਹੋ ਇਹ ਵੀ ਖਬਰ - ਦੁਨੀਆ ਨੂੰ ਭੁੱਖਮਰੀ ਦੇ ਸੰਕਟ ’ਚੋਂ ਕੱਢਣ ਵਾਲੇ 45 ਵਿਗਿਆਨੀਆਂ ’ਚ ਸ਼ਾਮਲ ਪੰਜਾਬ ਦੇ 3 ਖੇਤੀਬਾੜੀ ਸਾਇੰਸਦਾਨ
ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਤੇ 10 ਅਗਸਤ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ, ਪੰਜਾਬ ਚੈਪਟਰ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੀ ਨੈਸ਼ਨਲ ਕਮੇਟੀ ਵੱਲੋਂ ਐਲਾਨੇ 10 ਅਗਸਤ ਦੇ ਦੇਸ਼ ਵਿਆਪੀ ਪ੍ਰੋਗਰਾਮ, ਜਿਸ ਦਾ ਮੁੱਖ ਨਾਅਰਾ 'ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਉ ਖੇਤੀ ਛੱਡੋ' ਹੋਵੇਗਾ ਕਿਉਂਕਿ 9 ਅਗਸਤ 1942 ਨੂੰ 'ਅੰਗਰੇਜੋ -ਭਾਰਤ ਛੱਡੋ' ਦੇ ਨਾਅਰੇ ਹੇਠ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਦਾ ਦਿਨ ਮਨਾਉਣ ਲਈ ਪੂਰੇ ਭਾਰਤ ਵਿਚ 9 ਮੰਗਾਂ ਦਾ ਚਾਰਟਰ ਬਣਾਇਆ ਗਿਆ ਹੈ ਜਿਸ ਨੂੰ ਇਕ ਚਿੱਠੀ ਦੇ ਰੂਪ ਵਿਚ ਕੁੱਲ ਹਿੰਦ ਸੰਘਰਸ਼ ਕਮੇਟੀ 'ਚ ਸ਼ਾਮਲ 250 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜਿਆ ਜਾ ਰਿਹਾ ਹੈ ਅਤੇ 10 ਅਗਸਤ ਨੂੰ ਸਾਰੇ ਭਾਰਤ ਵਿਚ ਧਰਨੇ, ਮੁਜ਼ਾਹਰੇ, ਰੋਸ ਮਾਰਚ, ਰੈਲੀਆਂ ਆਦਿ ਪ੍ਰੋਗਰਾਮ ਕੀਤੇ ਜਾਣਗੇ।
ਪੜ੍ਹੋ ਇਹ ਵੀ ਖਬਰ - ਗਰਮੀਆਂ ਦੇ ਫਲਾਂ ਤੋਂ ਬਣਾਓ ਕੁਦਰਤੀ ਸਿਰਕਾ ਤੇ ਘੱਟ ਅਲਕੋਹਲ ਵਾਲੇ ਕਾਰਬੋਨੇਟਿਡ ਪੇਅ
ਪੰਜਾਬ ਦੇ ਪ੍ਰੋਗਰਾਮ ਬਾਰੇ ਮੀਟਿੰਗ 'ਚ ਲਏ ਗਏ ਫੈਸਲੇ ਦੀ ਠੋਸ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਪੰਜਾਬ ਚੈਪਟਰ ਵਿੱਚ ਸ਼ਾਮਲ 10 ਕਿਸਾਨ ਜਥੇਬੰਦੀਆਂ, 10 ਅਗਸਤ ਨੂੰ ਸਾਰੇ ਪੰਜਾਬ ਵਿਚ ਅਸੈਂਬਲੀ ਅਤੇ ਸੰਸਦ ਦੇ ਚੁਣੇ ਹੋਏ ਕਾਂਗਰਸ, ਅਕਾਲੀਆਂ, ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫਤਰਾਂ ਜਾਂ ਘਰਾਂ/ਦਫ਼ਤਰਾਂ ਤੱਕ ਮੋਟਰਸਾਇਕਲਾਂ, ਕਾਰਾਂ, ਜੀਪਾਂ, ਸਕੂਟਰਾਂ ਅਤੇ ਸਕੂਟਰੀਆਂ 'ਤੇ ਸਵਾਰ ਹੋਕੇ ਰੋਸ ਮਾਰਚ ਕਰਨ ਉਪਰੰਤ ਉਹਨਾਂ ਨੂੰ ਭਾਰਤ ਭਰ ਦੇ ਕਿਸਾਨਾਂ ਦੇ ਮਸਲਿਆਂ ਅਤੇ ਮੁੱਦਿਆਂ ਚਿੱਠਾ ਜੋ ਪਹਿਲਾਂ ਹੀ 9 ਸੂਤਰੀ ਮੰਗ ਪੱਤਰ, ਜੋ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਦੇ ਰੂਪ ਵਿੱਚ ਭੇਜੇ ਜਾ ਚੁੱਕੇ ਹੋਣਗੇ , ਇੱਕ ਚਿਤਾਵਨੀ ਪੱਤਰ ਦੇ ਨਾਲ ਦੇਣਗੇ।
ਪੜ੍ਹੋ ਇਹ ਵੀ ਖਬਰ - ਆਰ.ਸੀ.ਐੱਫ. ਦੇ ਉਦਯੋਗਿਕ ਉਤਪਾਦਾਂ ਦੀ ਵਿਕਰੀ 200 ਕਰੋੜ ਰੁਪਏ ਤੋਂ ਪਾਰ
ਚਿਤਾਵਨੀ ਪੱਤਰ 'ਚ ਸਾਰਿਆਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਤੁਸੀਂ ਪੰਜਾਬ ਦੇ ਚੁਣੇ ਨੁਮਾਇੰਦਿਆਂ ਨੇ, ਨਾਲ ਨੱਥੀ ਕੀਤੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਾਰਲੀਮੈਂਟ ਅਤੇ ਅਸੈਂਬਲੀ ਦੇ ਅੰਦਰ ਅਤੇ ਬਾਹਰ ਸੜਕਾਂ 'ਤੇ ਸੰਘਰਸ਼ ਕਰਕੇ ਅਤੇ ਰੋਸ ਜਤਾਕੇ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਸਾਂ ਅਤੇ ਬਿਜਲੀ ਬਿਲ-2020 ਵਾਪਸ ਲੈਣ, ਡੀਜ਼ਲ ਦਾ ਰੇਟ ਅੱਧਾ ਕਰਾਉਣ ਅਤੇ ਪੈਟਰੋਲ ਦੀਆਂ ਕੀਮਤਾਂ ਘਟਾਉਣ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਤਹਿ ਕਰਵਾਉਣ, ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ਤੋਂ ਮੁਕਤੀ ਦਿਵਾਉਣ ਅਤੇ ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ 'ਤੇ ਨਿਰਭਰ ਕਿਸਾਨਾਂ ਅਤੇ ਗੰਨਾਂ ਉਤਪਾਦਕਾਂ ਦੀਆਂ ਮੰਗਾਂ ਮੰਨਵਾਉਣ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਾਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਪਿੰਡਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਰਹਿਣ।
ਪੜ੍ਹੋ ਇਹ ਵੀ ਖਬਰ - ਅਫਗਾਨਿਸਤਾਨ ਸਿੱਖ ਮਸਲਾ: ਅਫਗਾਨਿਸਤਾਨ ਦੇ ਸਿੱਖਾਂ ਨੂੰ ਸ਼ਰਨਾਰਥੀ ਬਣੇ ਰਹਿਣ ਨਾਲੋਂ ਨਾਗਰਿਕ ਹੋਣ ਦੀ ਉਡੀਕ
ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਸੂਬਾ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਇ, ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਧੰਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ; ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਰਵੀ,ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਅਤੇ ਸੀਨੀਅਰ ਮੀਤ ਪ੍ਰਧਾਨ, ਸੂਰਤ ਸਿੰਘ ਧਰਮਗੜ੍ਹ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ, ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਆਦਿ ਸ਼ਾਮਲ ਹੋਏ।
ਪੜ੍ਹੋ ਇਹ ਵੀ ਖਬਰ -ਨਾਗਰਿਕਤਾ ਸੋਧ ਕਾਨੂੰਨ ਇਨਸਾਨੀ ਕਦਰਾਂ ਨੂੰ ਸਮਝਕੇ ਅਹਿਮਦੀਆ ਲਈ ਕੀ ਕਰੇਗਾ?