ਫਸਲ ਕਟਾਈ ਤਜਰਬਿਆਂ ’ਚ ਕਿਸਾਨ ਖੇਤੀਬਾੜੀ ਵਿਭਾਗ ਦਾ ਦੇਣ ਸਾਥ : ਡਾ. ਸੁਰਿੰਦਰ ਸਿੰਘ

04/19/2021 7:28:47 PM

ਕਣਕ ਦੀ ਫਸਲ ਦੇ ਝਾੜ ਦਾ ਅਨੁਮਾਨ ਲਾਉਣ ਹਿੱਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਸਲ ਕਟਾਈ ਤਜਰਬੇ ਕਰਵਾਏ ਜਾ ਰਹੇ ਹਨ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋਂ ਅੱਜ ਪਿੰਡ ਉਧੋਪੁਰ, ਬਲਾਕ ਜਲੰਧਰ ਪੂਰਬੀ ਵਿਖੇ ਕੀਤੇ ਜਾ ਰਹੇ ਫਸਲ ਕਟਾਈ ਤਜਰਬੇ ਦਾ ਨਿਰੀਖਣ ਕੀਤਾ ਗਿਆ। ਖੇਤੀਬਾੜੀ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਫਸਲ ਕਟਾਈ ਤਜਰਬਿਆਂ ਲਈ ਖੇਤਾਂ ਦੀ ਚੋਣ ਵਿਭਾਗ ਦੇ ਕਰਮਚਾਰੀਆ ਵੱਲੋਂ ਇਲਾਕੇ ਦੇ ਪਟਵਾਰੀ ਸਾਹਿਬਾਨ ਦੀ ਸਹਾਇਤਾ ਨਾਲ ਮਹੀਨਾ ਫਰਵਰੀ/ਮਾਰਚ ’ਚ ਹੀ ਕਰ ਲਈ ਗਈ ਸੀ।

ਡਾ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਂਡਮ ਨੰਬਰ ਟੇਬਲਾਂ ਅਨੁਸਾਰ ਜ਼ਿਲ੍ਹੇ ਭਰ ’ਚੋਂ ਚੁਣੇ ਗਏ ਕਣਕ ਦੇ 114 ਪਲਾਟਾਂ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਫਸਲ ਕਟਾਈ ਤਜਰਬੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪਲਾਟ ਅਧੀਨ ਵਿਭਾਗੀ ਕਰਮਚਾਰੀਆਂ ਦੀ ਹਾਜ਼ਰੀ ’ਚ ਰੈਂਡਮ ਨੰਬਰ ਟੇਬਲ ਦੀ ਸਹਾਇਤਾ ਨਾਲ 1 ਮਰਲਾ ਥਾਂ ਮੌਕੇ ’ਤੇ ਕਟਾਈ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 14 ਫਸਲ ਕਟਾਈ ਤਜਰਬੇ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਤਜਰਬਿਆਂ ਅਨੁਸਾਰ 4666 ਕਿੱਲੇ ਪ੍ਰਤੀ ਹੈਕਟੇਅਰ ਕਣਕ ਦਾ ਝਾੜ ਪ੍ਰਾਪਤ ਕੀਤਾ ਗਿਆ ਹੈ। ਪਿੰਡ ਕੋਹਾਲਾ ਬਲਾਕ ਜਲੰਧਰ ਪੂਰਬੀ ਵਿਖੇ ਸ. ਜਗਦੀਪ ਸਿੰਘ ਪਿੰਡ ਉਧੋਪੁਰ ਦੇ ਕਣਕ ਦੇ ਫਸਲ ਕਟਾਈ ਤਜਰਬੇ ਦਾ ਨਿਰੀਖਣ ਕਰਦਿਆਂ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਤਜਰਬੇ ਕਰਨ ਨਾਲ ਸੂਬੇ ’ਚ ਕਣਕ ਦੀ ਪੈਦਾਵਾਰ ਦੇ ਅਨੁਮਾਨ ਲਗਾਉਣ ਦੇ ਨਾਲ-ਨਾਲ ਭਵਿੱਖ ਦੀ ਯੋਜਨਾ ਬਣਾਉਣ ’ਚ ਸਹੂਲਤ ਹੁੰਦੀ ਹੈ।

ਇਸ ਮੌਕੇ ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਕਣਕ ਦੀ ਐੱਚ. ਡੀ. 3086 ਕਿਸਮ ਦੀ ਕਾਸ਼ਤ ਝੋਨੇ ਦੀ ਪਰਾਲੀ ਜ਼ਮੀਨ ’ਚ ਵਾਹੁਣ ਉਪਰੰਤ ਰੋਟੋ ਸੀਡਰ ਰਾਹੀਂ ਬੀਜਾਈ ਕੀਤੀ ਗਈ ਸੀ। ਡਾ. ਸੁਰਿੰਦਰ ਸਿੰਘ ਨੇ ਜਿਥੇ ਕਿਸਾਨਾਂ ਨੂੰ ਫਸਲ ਕਟਾਈ ਤਜਰਬਿਆਂ ’ਚ ਖੇਤੀਬਾੜੀ ਵਿਭਾਗ ਦਾ ਸਾਥ ਦੇਣ ਦੀ ਅਪੀਲ ਕੀਤੀ, ਉਥੇ ਹੀ ਬੇਨਤੀ ਕੀਤੀ ਹੈ ਕਿ ਕਿਸਾਨ ਵੀਰ ਵਾਢੀ ਤੋਂ ਬਾਅਦ ਕਣਕ ਦੇ ਨਾੜ ਤੋਂ ਤੂੜੀ ਬਣਾਉਣ ਉਪਰੰਤ ਬਾਕੀ ਬਚੇ ਨਾੜ ਨੂੰ ਅੱਗ ਨਾ ਲਾਉਣ ਬਲਕਿ ਖੇਤੀਬਾੜੀ ਵਿਭਾਗ ਪਾਸੋਂ ਸਬਸਿਡੀ ’ਤੇ ਢਾਂਚੇ ਦਾ ਬੀਜ ਪ੍ਰਾਪਤ ਕਰਦਿਆਂ ਢਾਂਚੇ ਦੀ ਬੀਜਾਈ ਕਰਨ ਅਤੇ ਬੀਜਾਈ ਤੋਂ 6-8 ਹਫਤਿਆਂ ਬਾਅਦ ਹਰੀ ਖਾਦ ਵਜੋਂ ਢਾਂਚੇ ਦੀ ਫਸਲ ਨੂੰ ਜ਼ਮੀਨ ’ਚ ਵਾਹੁਣ ਉਪਰੰਤ ਝੋਨੇ ਦੀ ਲਵਾਈ ਕਰਨ। ਇਸ ਤਰ੍ਹਾਂ ਕਰਨ ਨਾਲ ਆਮ ਹਾਲਤਾਂ ਲਈ ਝੋਨੇ ਲਈ ਖਾਦ ਵਾਸਤੇ ਕੀਤੀ ਸਿਫਾਰਿਸ਼ ਅਧੀਨ ਜਿਥੇ ਸਾਡੀ 25 ਕਿੱਲੋ ਨਾਈਟ੍ਰੋਜਨ ਤੱਤ ਵਾਲੀ ਖਾਦ ਦੀ ਪ੍ਰਤੀ ਏਕੜ ਬੱਚਤ ਹੋ ਸਕਦੀ ਹੈ, ਉਥੇ ਹੀ ਜ਼ਮੀਨ ਦੀ ਬਣਤਰ ਅਤੇ ਪਾਣੀ ਸੰਭਾਲਣ ਦੀ ਸ਼ਕਤੀ ’ਚ ਵੀ ਸੁਧਾਰ ਹੁੰਦਾ ਹੈ।
                                                                                                                                                                                                                                             

                                                                                                                                                                                                                                                     ਡਾ. ਨਰੇਸ਼ ਕੁਮਾਰ ਗੁਲਾਟੀ
                                                                                                                                                                                                                                              ਖੇਤੀਬਾੜੀ ਅਫਸਰ-ਕਮ-ਸੰਪਰਕ ਅਫਸਰ
                                                                                                                                                                                                                                   ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ

 


Manoj

Content Editor

Related News