ਜ਼ਮੀਨ ਹੇਠਲੇ ਪਾਣੀ ਅਤੇ ਲੇਬਰ ਦੀ ਘਾਟ ਕਾਰਨ ਝੋਨੇ ਦੀ ਸਿੱਧੀ ਬੀਜਾਈ ਜ਼ਰੂਰੀ : ਡਾ. ਸੁਰਿੰਦਰ ਸਿੰਘ

05/12/2021 7:41:23 PM

ਜ਼ਿਲ੍ਹਾ ਜਲੰਧਰ ’ਚ ਝੋਨੇ ਦੀ ਸਿੱਧੀ ਬੀਜਾਈ ਕਰਨ ਲਈ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਰਕੇ ਝੋਨੇ ਦੀ ਪਨੀਰੀ ਰਾਹੀਂ ਲਵਾਈ ਲਈ ਲੇਬਰ ਦੀ ਭਾਰੀ ਕਮੀ ਆਈ ਸੀ, ਇਸ ਵਾਰ ਵੀ ਅਜਿਹੀਆਂ ਹੀ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਹਨ। ਇਸ ਕਰਕੇ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬੀਜਾਈ ਪ੍ਰਤੀ ਕਿਸਾਨਾਂ ਨੂੰ ਹੁਣ ਤੋਂ ਹੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜ਼ਿਲ੍ਹਾ ਜਲੰਧਰ ’ਚ ਤਕਰੀਬਨ 42000 ਏਕੜ ਰਕਬੇ ਹੇਠ ਝੋਨੇ ਦੀ ਸਿੱਧੀ ਬੀਜਾਈ ਕੀਤੀ ਗਈ ਸੀ ਅਤੇ ਇਸ ਸਾਲ ਵਿਭਾਗ ਵੱਲੋਂ ਇਸ ਰਕਬੇ ਨੂੰ ਦੁੱਗਣਾ ਕਰਨ ਦੀ ਯੋਜਨਾ ਹੈ।

ਡਾ. ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬੀਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ’ਚ ਪਹਿਲੀ ਜੂਨਤੋਂ ਕਰਨ ਦੀ ਸਿਫਾਰਿਸ਼ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬੀਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ 8-10 ਕਿਲੋ ਬੀਜ ਪ੍ਰਤੀ ਏਕੜ ਤਰ ਵਤ੍ਹਰ ਹਾਲਤ ’ਚ ਬੀਜਣਾ ਚਾਹੀਦਾ ਹੈ। ਡਾ. ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਜ ਨੂੰ 8-12 ਘੰਟੇ ਲਈ ਭਿਓਣ ਉਪਰੰਤ ਅਤੇ ਸਿਫਾਰਿਸ਼ਾਂ ਅਨੁਸਾਰ ਸੋਧਣ ਤੋਂ ਬਾਅਦ ਤਕਰੀਬਨ 3-4 ਸੈਂਟੀਮੀਟਰ ਡੂੰਘਾਈ ’ਤੇ ਬੀਜਣ ਦੀ ਸਿਫਾਰਿਸ਼ ਵੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਸਿੱਧੀ ਬੀਜਾਈ ’ਚ ਕਾਮਯਾਬ ਹੋਏ ਕਿਸਾਨ ਨਾਲ ਰਾਬਤਾ ਕਾਇਮ ਕਰਦੇ ਹੋਏ ਇਸ ਵੱਲ ਵਿਸ਼ੇਸ਼ ਧਿਆਨ ਦੇਣ।

ਝੋਨੇ ਦੀ ਸਿੱਧੀ ਬੀਜਾਈ ਨਾਲ ਜਿਥੇ 20-25 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਨਾਲ ਹੀ ਲੇਬਰ ’ਤੇ ਆਉਂਦਾ ਤਕਰੀਬਨ 5000/- ਰੁਪਏ ਦਾ ਖਰਚਾ ਵੀ ਬਚ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਸਿੱਧੀ ਬੀਜਾਈ ਲਈ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਉਪਰਾਲੇ ਕਰਦੇ ਹੋਏ ਨਦੀਨਨਾਸ਼ਕਾਂ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬੀਜਾਈ ਤੋਂ ਪਹਿਲਾਂ ਦੋਹਰੀ ਰੌਣੀ ਕਰਦੇ ਹੋਏ ਅਤੇ ਬੀਜਾਈ ਵਾਲੇ ਦਿਨ ਸ਼ਾਮ ਵੇਲੇ ਨਦੀਨਨਾਸ਼ਕ ਸਟੌਂਪ ਇੱਕ ਲੀਟਰ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤਾ ਸੀ। ਉਨ੍ਹਾਂ ਨੂੰ ਚੰਗੇ ਨਤੀਜੇ ਮਿਲੇ ਹਨ।

ਇੰਜੀ. ਨਵਦੀਪ ਸਿੰਘ ਨੇ ਜਾਣਕਰੀ ਦਿੱਤੀ ਹੈ ਕਿ ਝੋਨੇ ਦੀ ਸਿੱਧੀ ਬੀਜਾਈ ਝੋਨਾ ਬੀਜਣ ਵਾਲੀ ਡੀ. ਐੱਸ. ਆਰ. ਮਸ਼ੀਨ ਰਾਹੀਂ ਕਰਨ ਦੀ ਸਿਫਾਰਿਸ਼ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਮਸ਼ੀਨ ਲੱਕੀ ਸੀਡ ਡਰਿੱਲ ਰਾਹੀਂ ਵੀ ਝੋਨੇ ਦੀ ਸਿੱਧੀ ਬੀਜਾਈ ਕੀਤੀ ਜਾ ਸਕਦੀ ਹੈ। ਇਹ ਮਸ਼ੀਨ ਝੋਨੇ ਦਾ ਬੀਜ ਕੇਰਨ ਦੇ ਨਾਲ-ਨਾਲ ਨਦੀਨਨਾਸ਼ਕ ਦਾ ਵੀ ਨਾਲੋ-ਨਾਲ ਸਪਰੇਅ ਕਰਦੀ ਹੈ। ਉਨ੍ਹਾਂ ਕਿਹਾ ਕਿ ਮਾਮੂਲੀ ਖਰਚਾ ਕਰਦੇ ਹੋਏ ਡੀ. ਐੱਸ. ਆਰ. ਮਸ਼ੀਨਾਂ ’ਤੇ ਸਪਰੇ ਅਟੇਚਮੈਂਟ ਲਾ ਕੇ ਵੀ ਬੀਜਾਈ ਦੇ ਨਾਲੋ-ਨਾਲ ਨਦੀਨਨਾਸ਼ਕ ਦਾ ਸਪਰੇਅ ਕੀਤਾ ਜਾ ਸਕਦਾ ਹੈ। ਇੰਝ ਨਵਦੀਪ ਸਿੰਘ ਨੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਕਈ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ ਅਤੇ ਕਿਸਾਨ ਉੱਦਮੀਆਂ ਨੇ ਡੀ. ਐੱਸ. ਆਰ. ਮਸ਼ੀਨਾਂ ਵਿਭਾਗ ਰਾਹੀਂ ਪ੍ਰਾਪਤ ਕੀਤੀਆਂ ਹਨ। ਕਿਸਾਨ ਵੀਰ ਅਜਿਹੇ ਕਿਸਾਨਾਂ, ਕਿਸਾਨ ਗਰੁੱਪਾਂ ਆਦਿ ਪਾਸੋਂ ਮਸ਼ੀਨਾਂ ਕਿਰਾਏ ’ਤੇ ਪ੍ਰਾਪਤ ਕਰਕੇ ਝੋਨੇ ਦੀ ਸਿੱਧੀ ਬੀਜਾਈ ਕਰ ਸਕਦੇ ਹਨ।

ਡਾ. ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫਸਰ-ਕਮ-ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।

 


Manoj

Content Editor

Related News