ਝੋਨੇ ਦੀ ਸਿੱਧੀ ਬੀਜਾਈ ਕਾਮਯਾਬੀ ਨਾਲ ਕਰਨ ਵਾਲੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨਾ ਜ਼ਰੂਰੀ

05/30/2022 7:58:27 PM

ਪਿਛਲੇ ਸਾਲਾਂ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਾਮਯਾਬੀ ਨਾਲ ਕਰਨ ਵਾਲੇ ਕਿਸਾਨਾਂ ਰਾਹੀਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ .ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਜ਼ਿਲ੍ਹਾ ਜਲੰਧਰ ਵਿੱਚ 10 ਬਲਾਕਾਂ ਵਿੱਚ ਅਜਿਹੇ ਬਹੁਤ ਸਾਰੇ ਅਗਾਂਹਵਧੂ ਕਿਸਾਨ ਮੌਜੂਦਾ ਹਨ, ਜਿਨ੍ਹਾਂ ਵੱਲੋਂ ਪਿਛਲੇ ਸਾਲਾਂ ਤੋਂ ਝੋਨੇ ਦੀ ਸਿੱਧੀ ਬੀਜਾਈ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ। ਸਾਨੂੰ ਚਾਹੀਦਾ ਹੈ ਕਿ ਅਜਿਹੇ ਅਗਾਂਹਵਧੂ ਕਿਸਾਨਾਂ ਬਾਰੇ ਜਾਣਕਾਰੀ ਵਿਭਾਗੀ ਮਾਹਿਰਾਂ ਤੋਂ ਪਤਾ ਕਰਦੇ ਹੋਏ ਅਜਿਹੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਇਸ ਪਾਣੀ ਬਚਾਓ ਤਕਨੀਕ ਪ੍ਰਤੀ ਸਾਡੇ ਵਿੱਚ ਉਤਸ਼ਾਹ ਅਤੇ ਭਰੋਸਾ ਪੈਦਾ ਹੋ ਸਕੇ। 

ਡਾ.ਸਿੰਘ ਨੇ ਕਿਹਾ ਕਿ ਮਨਜਿੰਦਰ ਸਿੰਘ ਪਿੰਡ ਕੰਗਣੀਵਾਲ, ਹਰਮਹਿੰਦਰ ਸਿੰਘ ਪਿੰਡ ਕਾਦੀਆਂ ਵਾਲੀ, ਕਰਨਬੀਰ ਸਿੰਘ ਸੰਧੂ ਪਿੰਡ ਧਨਾਲ, ਸੁਖਜਿੰਦਰ ਸਿੰਘ, ਗਗਨਦੀਮ ਸਿੰਘ ਪਿੰਡ ਦੀਵਾਲੀ ਬਲਾਕ ਜਲੰਧਰ ਪੂਰਬੀ, ਹਰਜੀਤ ਸਿੰਘ ਆਦਮਪੁਰ ਅਤੇ ਅਵਤਾਰ ਸਿੰਘ ਪਿੰਡ ਨਾਰੰਗਪੁਰ ਬਲਾਕ ਆਦਮਪੁਰ, ਕੁਲਵਿੰਦਰ ਸਿੰਘ ਪਿੰਡ ਬੁੱਲੋਵਾਲ ਅਤੇ ਹਰਭਜਨ ਸਿੰਘ ਪਿੰਡ ਰਸਤਗੋ ਬਲਾਕ ਭੋਗਪੁਰ, ਦਵਿੰਦਰ ਸਿੰਘ ਪਿੰਡ ਜਗਨ ਅਤੇ ਮਨਦੀਪ ਸਿੰਘ ਪਿੰਡ ਨਿੱਜਰਾਂ ਬਲਾਕ ਜਲੰਧਰ ਪੱਛਮੀ, ਮਨਦੀਪ ਸਿੰਘ ਪਿੰਡ ਰਸੂਲਪੁਰ ਬਲਾਕ ਫਿਲੌਰ, ਲਖਵਿੰਦਰ ਸਿੰਘ ਪਿੰਡ ਟੁਰਨਾ ਅਤੇ ਕਰਨੈਲ ਸਿੰਘ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ, ਹੀਰਾ ਸਿੰਘ ਪਿੰਡ ਮੂਲੇਵਾਲ ਖਹਿਰਾ ਬਾਲਕ ਸ਼ਾਹਕੋਟ, ਸੁਰਜੀਤ ਸਿੰਘ ਪਿੰਡ ਰਾਜੋਵਾਲ ਅਤੇ ਸੁਖਦੀਪ ਸਿੰਘ ਪਿੰਡ ਭੁੱਲਰ ਬਲਾਕ ਨੂਰਮਹਿਲ, ਕੁਲਦੀਪ ਸਿੰਘ ਪਿੰਡ ਚਚਰਾੜੀ ਅਤੇ ਮੇਜਰ ਸਿੰਘ ਪਿੰਡ ਤੱਖਰ  ਬਲਾਕ ਰੁੜਕਾ ਕਲਾਂ, ਹਰਿੰਦਰ ਸਿੰਘ ਢੀਂਡਸਾ, ਸੁਖਬੀਰ ਸਿੰਘ ਪਿੰਡ ਜੱਲਾ ਅਤੇ ਮਨਦੀਪ ਸਿੰਘ ਪਿੰਡ ਨਿੱਜਰਾਂ ਜਲੰਧਰ ਪੱਛਮੀ ਅਜਿਹੇ ਅਣਗਿਣਤ ਕਿਸਾਨ ਜ਼ਿਲ੍ਹਾ ਜਲੰਧਰ ਵਿੱਚ ਮੌਜੂਦ ਹਨ। 

ਉਕਤ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਤਕਨੀਕ ਪ੍ਰਤੀ ਅਸਮੰਜਸ ਦੀ ਭਾਵਨਾ ਖ਼ਤਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਅਸੀ ਵਿਭਾਗ ਵੱਲੋਂ ਜੋ ਕਿਸਾਨ ਜਾਗਰੂਕਤਾ ਕੈਂਪ ਜਾਂ ਪ੍ਰਦਰਸ਼ਨੀਆਂ  ਲਗਾ ਰਹੇ ਹਾਂ, ਉਨ੍ਹਾਂ ਵਿੱਚ ਅਸੀਂ ਇਨ੍ਹਾਂ ਕਿਸਾਨਾਂ ਨੂੰ ਉਚੇਚਾ ਸੱਦਾ ਦੇ ਰਹੇ ਹਾਂ ਤਾਂ ਜੋ ਦੂਜੇ ਕਿਸਾਨ ਇਨ੍ਹਾਂ ਦੇ ਤਜ਼ਰਬਿਆਂ ਤੋਂ ਸਿੱਖ ਕੇ ਲਾਭ ਉਠਾ ਸਕਣ। ਡਾ.ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਝੋਨੇ ਹੇਠ ਬੀਜੇ ਜਾਂਦੇ ਰਕਬੇ ਦਾ ਇੱਕ ਤਿਹਾਈ ਹਿੱਸਾ ਜ਼ਰੂਰ ਇਸ ਤਕਨੀਕ ਹੇਠ ਲਿਆਉਣ ਅਤੇ ਧਰਤੀ ਹੇਠਲਾ ਵੱਡਮੁੱਲਾ ਪਾਣੀ ਬਚਾਉਣ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬੀਜਾਈ ਕਰਨ ਲਈ ਅਪਣੇ ਰਕਬੇ ਬਾਰੇ ਜਾਣਕਾਰੀ  agrimachinerypb.com ਪੋਰਟਲ ’ਤੇ ਮਿਤੀ 6 ਜੂਨ ਤੱਕ ਰਜਿਸਟਰ ਜ਼ਰੂਰ ਕਰ ਲੈਣ ਤਾਂ ਜੋ ਉਪਰੰਤ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਤਸਦੀਕ ਕਰਨ ਉਪਰੰਤ ਸਰਕਾਰ ਵੱਲੋਂ ਜਾਰੀ ਨਿਰਦੇਸ਼ਾ ਤਹਿਤ ਰੁਪਏ 1500 ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਕਿਸਾਨ ਦੇ ਬੈਂਕ ਖਾਤੇ ਵਿੱਚ ਸਮੇਂ ਸਿਰ ਪਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਬ ਸੁਆਈਲ ਵਾਟਰ ਪ੍ਰੀਜ਼ਰਵੇਸ਼ਨ ਐਕਟ 2009 ਅਨੁਸਾਰ ਝੋਨੇ ਦੀ ਰਵਾਇਤੀ ਢੰਗ ਨਾਲ ਲਵਾਈ ਮਿਤੀ 14 ਜੂਨ ਤੋਂ ਆਰੰਭੀ ਜਾਵੇ। ਇਸ ਸਬੰਧੀ ਕਿਸਾਨ ਵੀਰ ਬਿਲਕੁੱਲ ਕਾਹਲੀ ਨਾ ਕਰਨ, ਕਿਉਂਕਿ ਕਾਨੂੰਨ ਅਨੁਸਾਰ ਕੱਦੂ ਕਰਨ ਉਪਰੰਤ ਝੋਨੇ ਦੀ ਲਵਾਈ ਕਰਨ ਲਈ ਜ਼ਿਲ੍ਹਾ ਜਲੰਧਰ ਲਈ ਸਰਕਾਰ ਵੱਲੋਂ ਮਿਤੀ 14 ਜੂਨ ਨਿਰਧਾਰਿਤ ਕੀਤੀ ਗਈ ਹੈ। ਸੋ ਸਾਨੂੰ ਇਸ ਐਕਟ ਅਨੁਸਾਰ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ।

ਡਾ.ਨਰੇਸ਼ ਕੁਮਾਰ ਗੁਲਾਟੀ
ਸੰਪਰਕ ਅਫ਼ਸਰ-ਕਮ-ਖੇਤੀਬਾੜੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
ਜਲੰਧਰ।


rajwinder kaur

Content Editor

Related News