‘ਜੁਰਮਾਨੇ’ ਤੇ ‘ਕੈਦ’ ਦੀ ਚਿਤਾਵਨੀ ਦੇ ਬਾਵਜੂਦ ਕਿਉਂ ਜਾਰੀ 9 ਜ਼ਹਿਰਾਂ ਦੀ ‘ਵਰਤੋਂ’ ਤੇ ਵਿਕਰੀ?
Wednesday, Aug 26, 2020 - 06:03 PM (IST)
ਗੁਰਦਾਸਪੁਰ (ਹਰਮਨ) - ਪੰਜਾਬ ਅੰਦਰ ਪੈਦਾ ਕੀਤੀ ਜਾਂਦੀ ਬਾਸਮਤੀ ਦੀ ਫਸਲ ਵਿਚ ਕੀਟਨਾਸ਼ਕਾਂ ਦੇ ਅੰਸ਼ਾਂ ਦੀ ਮਾਤਰਾ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵਲੋਂ ਇਸ ਫਸਲ ’ਤੇ ਵਰਤੇ ਜਾਣ ਵਾਲੇ 9 ਕਿਸਮ ਦੇ ਜ਼ਹਿਰਾਂ ਦੀ ਵਰਤੋਂ ਤੇ ਵਿਕਰੀ ’ਤੇ ਰੋਕ ਲਾਈ ਗਈ ਹੈ। ਰੋਲ ਲਗਾਏ ਜਾਣ ਦੇ ਬਾਵਜੂਦ ਅਨੇਕਾਂ ਕਿਸਾਨ ਇਨ੍ਹਾਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਇਸਦੇ ਚਲਦਿਆਂ ਬੇਸ਼ੱਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਦਵਾਈਆਂ ਦੇ ਡੀਲਰਾਂ ਦੀਆਂ ਦੁਕਾਨਾਂ ’ਤੇ ਚੈਕਿੰਗ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਰ ਜਿਹੜੇ ਕਿਸਾਨਾਂ ਨੇ ਬੈਨ ਲੱਗਣ ਤੋਂ ਪਹਿਲਾਂ ਵੱਡੇ ਪੱਧਰ ’ਤੇ ਇਨ੍ਹਾਂ ਜ਼ਹਿਰਾਂ ਦੀ ਖਰੀਦ ਕਰ ਲਈ ਸੀ। ਉਨ੍ਹਾਂ ਵਲੋਂ ਅਜੇ ਵੀ ਇਨ੍ਹਾਂ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਕਿਹੜੇ ਜ਼ਹਿਰਾਂ ’ਤੇ ਲਗਾਈ ਗਈ ਹੈ ਰੋਕ?
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਪੰਜਾਬ ਦੇ ਸਮੂਹ ਜ਼ਿਲਿਆਂ ਅੰਦਰ ਡੀਲਰਾਂ ਅਤੇ ਕਿਸਾਨਾਂ ਨੂੰ ਕਿਹਾ ਹੈ ਕਿ ਝੋਨੇ ਅਤੇ ਬਾਸਮਤੀ ਦੇ ਫਸਲ ਉੱਪਰ ਹੇਠ ਲਿਖੇ 9 ਜ਼ਹਿਰਾਂ ਦੀ ਵਰਤੋਂ ਨਾ ਕੀਤੀ ਜਾਵੇ।
1. ਐਸੀਫੇਟ
2. ਟ੍ਰਾਈਜੋਫਾਸ
3. ਥਾਇਆਮਿਥਾਕਸਮ
4. ਕਾਰਬੈਡਾਜਿੰਮ
5. ਟ੍ਰਾਈਸਾਈਕਲਾਜੋਲ
6. ਬੁਪਰੋਫੇਜਿਨ
7. ਕਾਰਬੋਫਿਊਰੋਨ
8. ਪ੍ਰੋਪੀਕੋਨਾਜੋਲ
9. ਥਾਇਓਫਿਨੇਟਮਿਥਾਇਲ
ਵਕਾਲਤ ਛੱਡ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸੁਣੋ ਪੂਰੀ ਕਹਾਣੀ (ਵੀਡੀਓ)
ਤਿੰਨ ਸਾਲ ਦੀ ਕੈਦ ਤੇ 75 ਹਜ਼ਾਰ ਰੁਪਏ ਤੱਕ ਹੋ ਸਕਦੈ ਜੁਰਮਾਨਾ
ਖੇਤੀਬਾੜੀ ਵਿਭਾਗ ਨੇ ਝੋਨੇ ਤੇ ਬਾਸਮਤੀ ਦੇ ਉਤਪਾਦਕਾਂ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ 9 ਜ਼ਹਿਰਾਂ ਦੀ ਵਰਤੋਂ ਝੋਨੇ ਤੇ ਬਾਸਮਤੀ ਦੀ ਫਸਲ ’ਤੇ ਨਾ ਕਰਨ। ਇਸ ਦੇ ਨਾਲ ਹੀ ਡੀਲਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਝੋਨੇ ਤੇ ਬਾਸਮਤੀ ਦੀ ਫਸਲ ’ਤੇ ਵਰਤਣ ਲਈ ਕਿਸੇ ਵੀ ਕਿਸਾਨ ਵਲੋਂ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਨਾ ਕੀਤੀ ਜਾਵੇ ਅਤੇ ਹੋਰ ਫਸਲਾਂ ਲਈ ਇਨ੍ਹਾਂ ਦੀ ਵਰਤੋਂ ਕੀਤੇ ਜਾਣ ਦੀ ਸੂਰਤ ਵਿਚ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਸਬੰਧੀ ਵੇਰਵੇ ਬਿੱਲ ਬੁੱਕ ਵਿਚ ਦਰਜ ਕੀਤੇ ਜਾਣ। ਇਥੋਂ ਤੱਕ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਡੀਲਰ ਨੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਨੂੰ ਤਿੰਨ ਸਾਲ ਦੀ ਕੈਦ ਅਤੇ 75 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।
2022 ਤੱਕ ਪੈਟਰੋਲ ਨਾਲ 10 ਤੇ 2030 ਤੱਕ 20 ਫ਼ੀਸਦੀ ਇਥੇਨੌਲ ਮਿਲਾਉਣ ਦਾ ਟੀਚਾ
ਪਿਛਲੇ ਸਾਲ ਵੀ ਨਹੀਂ ਰੁੱਕ ਸਕੀ ਸੀ ਵਰਤੋਂ
ਪੰਜਾਬ ਸਰਕਾਰ ਨੇ ਪਿਛਲੇ ਸਾਲ ਵੀ ਇਨ੍ਹਾਂ 9 ਜ਼ਹਿਰਾਂ ਦੀ ਵਰਤੋਂ ਨਾ ਕਰਨ ਸਬੰਧੀ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਸਨ। ਪਰ ਇਸ ਦੇ ਬਾਵਜੂਦ ਅਨੇਕਾਂ ਕਿਸਾਨਾਂ ਵਲੋਂ ਇਨਰ੍ਵਾਂ ਦੀ ਵਰਤੋਂ ਕੀਤੀ ਗਈ ਜਿਸ ਦੇ ਬਾਅਦ ਬਾਸਮਤੀ ਤੇ ਝੋਨੇ ਦੀ ਲੈਬਾਰਟਰੀ ਵਿਚ ਹੋਈ ਟੈਸਟਿੰਗ ਦੌਰਾਨ ਵੀ ਇਨ੍ਹਾਂ ਜ਼ਹਿਰਾਂ ਦੇ ਅੰਸ਼ ਪਾਏ ਗਏ ਸਨ। ਇਸ ਸਾਲ ਵੀ ਹੁਣ ਜਦੋਂ ਵਿਭਾਗ ਵਲੋਂ ਝੋਨੇ ਤੇ ਬਾਸਮਤੀ ਵਿਚ ਇਨ੍ਹਾਂ ਦੀ ਵਰਤੋਂ ਰੋਕਣ ਲਈ ਇਨ੍ਹਾਂ ਦੀ ਵਿਕਰੀ ਰੋਕਣ ਲਈ ਹੁਕਮ ਜਾਰੀ ਕੀਤੇ ਹਨ ਤਾਂ ਵੀ ਪੰਜਾਬ ਅੰਦਰ ਪੂਰੀ ਤਰ੍ਹਾਂ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਾ ਰੁਕਣ ਦਾ ਸਭ ਤੋਂ ਵੱਡਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਜ਼ਹਿਰਾਂ ਵਿਚੋਂ ਕਈ ਜ਼ਹਿਰਾਂ ਦੀ ਵਰਤੋਂ ਹੋਰ ਫਸਲਾਂ ’ਤੇ ਵੀ ਕੀਤੀ ਜਾਂਦੀ ਹੈ। ਜਿਸ ਕਾਰਣ ਹੋਰ ਫਸਲਾਂ ’ਚ ਇਨ੍ਹਾਂ ਦੀ ਵਰਤੋਂ ਕਰਨ ਦੀ ਆੜ ਹੇਠ ਕਿਸਾਨਾਂ ਨੂੰ ਇਹ ਜ਼ਹਿਰ ਆਸਾਨੀ ਨਾਲ ਮਿਲ ਜਾਂਦੇ ਹਨ।
ਸਰਵਪੱਖੀ ਰੋਕਥਾਮ ਤੋਂ ਬਿਨਾਂ ਸੰਭਵ ਨਹੀਂ ਹੈ ਤੇਜ਼ੀ ਨਾਲ ਵਧ ਰਹੇ ‘ਕਾਂਗਰਸ ਘਾਹ’ ਨੂੰ ਰੋਕਣਾ
ਇਨ੍ਹਾਂ ਦਿਨਾਂ ਵਿਚ ਕਿਉਂ ਲਗਾਈ ਗਈ ਹੈ ਰੋਕ?
ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਝੋਨੇ ਅਤੇ ਬਾਸਮਤੀ ਦੇ ਦਾਣੇ ਬਣਨ ਵਾਲੀ ਸਟੇਜ ਵਿਚ ਜਦੋਂ ਕਿਸਾਨ ਇਨ੍ਹਾਂ ਜ਼ਹਿਰਾਂ ਦਾ ਛਿੜਕਾਅ ਕਰ ਦਿੰਦੇ ਹਨ ਤਾਂ ਫਸਲ ਦੀ ਪੈਦਾਵਾਰ ਵਿਚ ਇਨ੍ਹਾਂ ਜ਼ਹਿਰਾਂ ਦੇ ਅੰਸ਼ ਵੱਡੀ ਮਾਤਰਾ ਵਿਚ ਰਹਿ ਜਾਂਦੇ ਹਨ। ਪਰ ਦੂਜੇ ਪਾਸੇ ਵਿਦੇਸ਼ੀ ਖਰੀਦਦਾਰਾਂ ਵੱਲੋਂ ਚੌਲਾਂ ਵਿਚ ਟ੍ਰਾਈਜੋਫਾਸ ਦੀ ਮਾਤਰਾ .02 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਹੋਣੀ ਚਾਹੀਦੀ ਹੈ ਜਦੋਂ ਕਿ ਬਾਕੀ ਦੇ ਜ਼ਹਿਰਾਂ ਦੀ ਮਾਤਰਾ ਸਿਰਫ 0.01 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਹੋਣੀ ਚਾਹੀਦੀ ਹੈ। ਆਮ ਤੌਰ ’ਤੇ ਝੋਨੇ ਤੇ ਬਾਸਮਤੀ ਦੀ ਕਟਾਈ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਪਹਿਲਾਂ ਦਿਨਾਂ ਵਿਚ ਹੁੰਦੀ ਹੈ। ਇਸ ਲਈ ਇਨ੍ਹਾਂ ਫਸਲਾਂ ਦੀ ਕਟਾਈ ਤੋਂ ਕਰੀਬ 50 ਦਿਨਾਂ ਪਹਿਲਾਂ ਇਨ੍ਹਾਂ ਦੀ ਵਰਤੋਂ ਰੋਕਣ ਲਈ ਸਰਕਾਰ ਵੱਲੋਂ ਇਨਾਂ ਦੀ ਵਿਕਰੀ ਤੇ ਵਰਤੋਂ ’ਤੇ ਰੋਕ ਲਗਾਈ ਗਈ ਹੈ।
ਕਿਸਾਨ ਕਿਉਂ ਨਹੀਂ ਰੋਕ ਰਹੇ ਵਰਤੋਂ?
ਜ਼ਿਲਾ ਪਟਿਆਲਾ ਨਾਲ ਸਬੰਧਤ ਨੈਸ਼ਨਲ ਐਵਾਰਡੀ ਕਿਸਾਨ ਮਨਮੋਹਨ ਸਿੰਘ ਕਾਲੇਕਾ ਨੇ ਕਿਹਾ ਕਿ ਜਿੰਨੀ ਦੇਰ ਸਰਕਾਰ ਵੱਲੋਂ ਇਨ੍ਹਾਂ ਜ਼ਹਿਰਾਂ ਦੀ ਵਿਕਰੀ 'ਤੇ ਮੁਕੰਮਲ ਰੋਕ ਨਹੀਂ ਲਗਾਈ ਜਾਂਦੀ, ਓਨੀਂ ਦੇਰ ਇਨ੍ਹਾਂ ਦੀ ਵਰਤੋਂ ਰੋਕਣੀ ਅਸੰਭਵ ਜਿਹਾ ਕੰਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕਈ ਜ਼ਹਿਰਾਂ ਦੀ ਵਰਤੋਂ ਸਬਜੀਆਂ, ਕਮਾਦ ਤੇ ਹੋਰ ਫਸਲਾਂ ਲਈ ਵੀ ਹੁੰਦੀ ਹੈ ਜਿਸ ਕਾਰਣ ਕਿਸਾਨ ਉਨ੍ਹਾਂ ਫਸਲਾਂ ਦੀ ਆੜ ਹੇਠ ਇਨ੍ਹਾਂ ਦੀ ਖਰੀਦ ਕਰ ਲੈਂਦੇ ਹਨ ਅਤੇ ਇਨ੍ਹਾਂ ਦਾ ਛਿੜਕਾਅ ਮੁੜ ਬਾਸਮਤੀ ’ਤੇ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਅਜਿਹਾ ਹੋਇਆ ਸੀ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਜਿਹੜੇ ਕਿਸਾਨਾਂ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨਗੇ, ਉਨ੍ਹਾਂ ਨੂੰ ਬਾਸਮਤੀ ਦਾ ਚੰਗਾ ਦਾ ਰੇਟ ਮਿਲੇਗਾ। ਪਰ ਮੰਡੀ ਵਿਚ ਕਿਸੇ ਨੇ ਬਾਸਮਤੀ ਦੀ ਫਸਲ ਚੈੱਕ ਨਹੀਂ ਕੀਤੀ ਅਤੇ ਜ਼ਹਿਰਾਂ ਦੀ ਵਰਤੋਂ ਕਰਨ ਅਤੇ ਨਾ ਕਰਨ ਵਾਲੇ ਕਿਸਾਨਾਂ ਦੀ ਬਾਸਮਤੀ ਵਿਚ ਕਿਸੇ ਨੇ ਕੋਈ ਫਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਹੀ ਰੂਪ ਵਿਚ ਜਹਿਰਾਂ ਦੀ ਵਰਤੋਂ ਰੋਕਣੀ ਚਾਹੁੰਦੀ ਹੈ ਤਾਂ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਪੂਰੀ ਤਰ੍ਹਾਂ ਰੋਕੀ ਜਾਵੇ ਅਤੇ ਕਿਸਾਨਾਂ ਨੂੰ ਇਨ੍ਹਾਂ ਦੇ ਚੰਗੇ ਬਦਲ ਲਿਆ ਕੇ ਦਿੱਤੇ ਜਾਣ ਤਾਂ ਜੋ ਕਿਸਾਨ ਹੋਰ ਫਸਲਾਂ ਵਿਚ ਉਨ੍ਹਾਂ ਦੀ ਵਰਤੋਂ ਕਰ ਸਕਣ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’