ਝੋਨੇ ਦੀ ਫ਼ਸਲ ''ਤੇ ਕਾਲੇ-ਭੂਰੇ ਟਿੱਡੇ ਦੇ ਹਮਲੇ ਕਾਰਨ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ, ਕਿਸਾਨ ਰਹਿਣ ਚੌਕਸ

07/13/2023 12:56:53 PM

ਚੰਡੀਗੜ੍ਹ - ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਵਲੋਂ ਖੇਤੀ ਕੀਤੀ ਜਾਂਦੀ ਹੈ। ਖੇਤਾਂ ਵਿੱਚ ਉਗਾਈਆਂ ਕਿਸਾਨਾਂ ਦੀਆਂ ਫ਼ਸਲਾਂ 'ਤੇ ਕਾਲੇ-ਭੂਰੇ ਟਿੱਡੀਆਂ ਨੂੰ ਵੇਖਿਆ ਜਾਂਦਾ ਹੈ, ਜੋ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੀਆਂ ਹਨ। ਖੇਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਨੇ ਝੋਨੇ ਦੀ ਫ਼ਸਲ ਵਿੱਚ ਪਿਛਲੇ ਸਾਲ ਦਿਖਾਈ ਦੇਣ ਵਾਲੀ ਬੌਣੇਪਣ ਦੀ ਬੀਮਾਰੀ ਨੂੰ ਰੋਕਣ ਲਈ ਇਸ ਸੀਜ਼ਨ ਵਿੱਚ ਇੱਕ ਐਡਵਾਈਜ਼ਰੀ ਜਾਰੀ ਕਰਕੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ। 

ਦੱਸ ਦੇਈਏ ਕਿ ਜਾਰੀ ਕੀਤੀ ਗਈ ਅਡਵਾਈਜ਼ਰੀ ਵਿੱਚ ਕਾਲੀਆਂ-ਭੂਰੀਆਂ ਟਿੱਡੀਆਂ ਨੂੰ ਖੇਤ ਵਿੱਚ ਦੇਖਣ, ਰਸਾਇਣਕ ਖਾਦਾਂ ਦੀ ਘੱਟ ਵਰਤੋਂ ਕਰਨ, ਨਰਸਰੀ ਦੀ ਨਿਯਮਤ ਨਿਗਰਾਨੀ ਅਤੇ ਲੱਛਣ ਦਿਖਾਈ ਦਿੰਦੇ ਹੀ ਪੌਦਿਆਂ ਨੂੰ ਨਸ਼ਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਇਹ ਵਾਇਰਸ ਪੌਦਿਆਂ 'ਤੇ ਹਮਲਾ ਕਰਦਾ ਹੈ ਤਾਂ ਪੌਦਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਪੌਦੇ ਖ਼ਰਾਬ ਹੋ ਜਾਂਦੇ ਹਨ। ਇਸ ਨਾਲ ਝਾੜ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਵਾਇਰਸ ਦੇ ਹਮਲੇ ਕਾਰਨ ਕਈ ਵਾਰ ਪੌਦੇ ਮਰ ਵੀ ਜਾਂਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ''ਸਦਰਨ ਰਾਈਸ ਬਲੈਕ-ਸਟਰੈੱਕਡ ਡਵਾਰਫ ਵਾਇਰਸ'' ਵਾਇਰਸ ਕਾਰਨ ਹੋਣ ਵਾਲੀ ਬੀਮਾਰੀ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ। ਇਹ ਬੀਮਾਰੀ ਪਹਿਲੀ ਵਾਰ ਦੱਖਣੀ ਚੀਨ ਵਿੱਚ ਸਾਲ 2001 ਵਿੱਚ ਸਾਹਮਣੇ ਆਈ ਸੀ। ਸਾਲ 2022 ਦੌਰਾਨ ਇਹ ਬੀਮਾਰੀ ਸੂਬੇ 'ਚ ਦੇਖਣ ਨੂੰ ਮਿਲੀ ਸੀ ਅਤੇ ਉਸ ਸਮੇਂ ਤੋਂ ਹੀ ਵਿਗਿਆਨੀ ਇਸ 'ਤੇ ਕੰਮ ਕਰ ਰਹੇ ਹਨ। ਇਸ ਬੀਮਾਰੀ ਦਾ ਮਾਝੇ ਵਿੱਚ ਘੱਟ ਪਰ ਮਾਲਵੇ ਵਿੱਚ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਲਈ ਕਿਸਾਨਾਂ ਨੂੰ ਸੂਚੇਤ ਰਹਿਣ ਦੀ ਜ਼ਰੂਰਤ ਹੈ।

ਸੂਤਰਾਂ ਅਨੁਸਾਰ ਇਸ ਮਾਮਲੇ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਖੇਤੀ ਪਸਾਰ ਮਾਹਿਰ ਅਤੇ ਕੀਟ ਵਿਗਿਆਨੀ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਵਿੱਚ ਪਿਛਲੇ ਸਾਲ ਦਿਖਾਈ ਦੇਣ ਵਾਲੀ ਬੌਣੇਪਣ ਦੀ ਬੀਮਾਰੀ ਦਾ ਅਜੇ ਤੱਕ ਸਹੀ ਇਲਾਜ ਨਹੀਂ ਲੱਭਿਆ ਗਿਆ। ਇਸ ਬੀਮਾਰੀ ਨੂੰ ਲੈ ਕੇ ਮਾਹਿਰਾਂ ਵਲੋਂ ਖੋਜ ਕੀਤੀ ਜਾ ਰਹੀ ਹੈ। ਇਸ ਬੀਮਾਰੀ ਦੇ ਸਬੰਧ ਵਿੱਚ ਖੇਤੀ ਮਾਹਿਰਾਂ ਨੂੰ ਜੋ ਵੀ ਜਾਣਕਾਰੀ ਮਿਲੀ ਹੈ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। 


rajwinder kaur

Content Editor

Related News