ਬ੍ਰਹਿਮੰਡੀ ਚੇਤਨਾ ਦੇ ਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ

08/04/2019 9:05:43 AM

ਮੁੱਢੋਂ ਹੀ ਮਨੁੱਖ “ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ'' ਦੋਹਾਂ ਕਾਦਰ ਅਤੇ ਉਸ ਦੀ ਕੁਦਰਤ ਦੇ ਭੇਦ ਜਾਣਨ ਲਈ ਯਤਨਸ਼ੀਲ ਰਿਹਾ ਹੈ। ਜੰਗਲੀ ਜੀਵ ਵਾਲੀ ਜ਼ਿੰਦਗੀ ਤੋਂ ਮੌਜੂਦਾ ਵਿਉਂਤਬੰਦ, ਵਿਕਸਤ, ਸਿੱਖਿਅਤ, ਸੱਭਿਅਕ ਅਤੇ ਗਿਆਨ-ਵਿਗਿਆਨ ਭਰਪੂਰ ਜਿੰਦਗੀ ਵਿਚ “ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ£'' (੭੬੩) ਤੱਕ ਪਹੁੰਚ ਗਿਆ ਹੈ। ਜਿਉਂ-ਜਿਉਂ ਸਮਾਂ ਬੀਤਦਾ ਗਿਆ ਮਨੁੱਖੀ ਜ਼ਿੰਦਗੀ ਨਿਤ ਪੀਡੀ ਗੁੰਝਲਦਾਰ, ਝਮੇਲਿਆਂ ਭਰਪੂਰ ਆਪਸੀ ਵੈਰ-ਵਿਰੋਧ, ਈਰਖਾ, ਲਾਲਚੀ, ਤ੍ਰਿਸ਼ਨਾਲੂ ਕਿਸਮ ਦੀ ਹੋ ਗਈ। ਮਨੁੱਖ ਛੋਟੇ-ਛੋਟੇ ਗਰੁੱਪਾਂ ਤੋਂ ਵੱਖ-ਵੱਖ ਦੇਸ਼ਾਂ, ਧਰਮਾਂ, ਭਾਸ਼ਾਵਾਂ-ਬੋਲੀਆਂ, ਸੱਭਿਆਚਾਰਾਂ ਵਾਲੇ ਸਮਾਜਾਂ ਵਿਚ ਵੰਡਿਆ ਗਿਆ। ਫਿਰ ਇਕ-ਦੂਜੇ ਦੇ ਦੇਸ਼ ਉਤੇ ਕਬਜ਼ਾ ਕਰਨ ਅਤੇ ਆਪਣੀ ਰਾਜ-ਸ਼ਕਤੀ ਵਿਸ਼ਾਲ ਅਤੇ ਪੱਕੀ ਕਰਨ ਹਿਤ ਹਮਲੇ ਸ਼ੁਰੂ ਹੋ ਗਏ। ਰਾਜਨੀਤਕ ਹਮਲਿਆਂ ਦੇ ਨਾਲ-ਨਾਲ ਆਪਣੇ-ਆਪਣੇ ਧਰਮ ਨੂੰ ਦੂਜਿਆਂ ਦੇ ਧਰਮ ਨਾਲੋਂ ਸਹੀ, ਸਾਰਥਕ ਅਤੇ ਸੱਚਾ-ਸੁੱਚਾ ਸਾਬਤ ਕਰਨ ਅਤੇ ਆਪਣੇ-ਆਪਣੇ ਧਰਮ ਨੂੰ ਫੈਲਾਉਣ ਲਈ ਦੂਜਿਆਂ ਦੇ ਧਰਮਾਂ ਨਾਲ ਖਿਲਵਾੜ ਕਰਨ ਦੀ ਖੇਡ ਸ਼ੁਰੂ ਹੋ ਗਈ ਅਤੇ ਇਸ ਤਰ੍ਹਾਂ ਸਮਾਜ ਅੰਦਰ “ਇਕ ਰਾਜੇ ਇਕ ਪਰਜਾ'' ਭਾਵ ਰਾਜ ਕਰਨ ਵਾਲੇ ਅਤੇ ਉਨ੍ਹਾਂ ਦੇ ਗੁਲਾਮ (ਪਰਜਾ) ਸਥਾਪਤ ਹੋ ਗਏ। ਇਸ ਲੰਮੇ ਸੰਸਾਰਕ ਸਫਰ ਅਤੇ ਵਰਤਾਰੇ ਵਿਚ ਹੀ ਭਾਰਤ ਦੇਸ਼ ਹੋਂਦ ਵਿਚ ਆਇਆ ਅਤੇ ਇਕ ਸਮੇਂ ਇਹ ਇਕ ਸ਼ਕਤੀ ਵਜੋਂ ਉਭਰ ਕੇ ਸਾਹਮਣੇ ਆਇਆ ਅਤੇ ਸੱਭਿਅਤਾ ਅਤੇ ਸਿੱਖਿਆ ਦੇ ਖੇਤਰ ਵਿਚ ਪੂਰੀ ਤਰ੍ਹਾਂ ਵਿਕਸਤ ਹੋ ਗਿਆ ਅਤੇ ਦੂਜੇ ਦੇਸ਼ਾਂ ਦੇ ਲੋਕ ਇਥੇ ਕਿਰਤ ਅਤੇ ਵਪਾਰ ਕਰਨ ਲਈ ਆਉਂਦੇ ਅਤੇ ਉੱਚ-ਸਿੱਖਿਆ ਪ੍ਰਾਪਤੀ ਲਈ ਅਨੇਕਾਂ ਅਭਿਲਾਸ਼ੀ ਲੋਕ ਆਉਂਦੇ ਰਹੇ। ਇਸ ਘੁੱਗ ਵਸਦੇ ਸ਼ਕਤੀਸ਼ਾਲੀ ਅਤੇ ਗਿਆਨ ਦੇ ਗੜ੍ਹ ਦੇਸ਼ ਦੇ ਇਤਿਹਾਸ ਵਿਚ ਇਕ ਐਸਾ ਸਮਾਂ ਆਇਆ ਜਦੋਂ ਭਾਰਤੀ ਸਮਾਜ ਨੂੰ ਚਾਰ ਵਰਣਾਂ, ਚਾਰ ਆਸ਼ਰਮਾਂ ਅਤੇ ਅਨੇਕਾਂ ਜਾਤਾਂ ਵਿਚ ਵੰਡ ਦਿੱਤਾ ਗਿਆ ਅਤੇ ਇਥੇ ਊਚ-ਨੀਚ, ਛੂਤ-ਛਾਤ ਅਤੇ ਅਮੀਰ-ਗਰੀਬ, ਕਿਰਤੀ ਅਤੇ ਲੋਟੂ, ਰਾਜੇ-ਪਰਜਾ ਦਾ ਬੋਲਬਾਲਾ ਹੋ ਗਿਆ ਅਤੇ ਲੀਰੋ-ਲੀਰ ਹੋਇਆ ਇਹ ਭਾਰਤੀ ਸਮਾਜ ਕਈ ਕਿਸਮ ਦੀਆਂ ਕਮੀਆਂ-ਕਮਜ਼ੋਰੀਆਂ ਦਾ ਸ਼ਿਕਾਰ ਹੋ ਗਿਆ। ਇਕ ਗਰੁੱਪ ਇਕ ਤਰ੍ਹਾਂ ਨਾਲ ਧਰਮ, ਅਰਥ, ਰਾਜ ਅਤੇ ਸਿੱਖਿਆ ਉੱਤੇ ਕਾਬਜ਼ ਹੋ ਗਿਆ ਅਤੇ ਇਕ ਬਹੁਤ ਵੱਡਾ ਹਿੱਸਾ ਇਨ੍ਹਾਂ ਮੂਲ ਮਨੁੱਖੀ ਅਧਿਕਾਰਾਂ ਤੋਂ ਵਿਰਵਾ ਅਤੇ ਵਾਂਝਾ ਹੋ ਗਿਆ। ਛੋਟੇ-ਛੋਟੇ ਰਾਜਨੀਤਕ ਟੁਕੜਿਆਂ ਭਾਵ ਰਿਆਸਤਾਂ ਵਿਚ ਵੰਡਿਆ ਅਤੇ ਆਪਸੀ ਵੈਰ-ਵਿਰੋਧ ਵਿਚ ਉਲਝਿਆ ਹੋਇਆ ਭਾਰਤ ਦੇਸ਼ 1192 ਈ: ਵਿਚ ਇਸਲਾਮੀ ਸ਼ਕਤੀ ਦਾ ਗੁਲਾਮ ਹੋ ਗਿਆ ਅਤੇ ਇਥੋਂ ਦੇ ਲੋਕਾਂ ਦੇ ਧਰਮ ਤਬਦੀਲੀ, ਧਾਰਮਿਕ ਅਸਥਾਨਾਂ ਦੀ ਬੇਹੁਰਮਤੀ, ਦੌਲਤ ਦੀ ਲੁੱਟ, ਲੋਕਾਂ ਦੀ ਕੁੱਟ, ਧੀਆਂ-ਭੈਣਾਂ ਦੀ ਸ਼ਰੇਆਮ ਬੇਪੱਤੀ ਹੋਣ ਲੱਗੀ। ਵੰਡਿਆ ਹੋਇਆ ਘਰ ਹੋਣ ਕਰ ਕੇ ਦੇਸ਼ ਇਨ੍ਹਾਂ ਜਰਵਾਣਿਆਂ ਦੇ ਜਬਰ, ਜ਼ੁਲਮ ਅਤੇ ਧੱਕੇ ਦਾ ਮੁਕਾਬਲਾ ਕਰਨੋਂ ਅਸਮੱਰਥ ਸੀ। ਲੋਕ ਦੂਹਰੀ ਚੱਕੀ ਵਿਚ ਪਿਸਦੇ ਹੋਏ ਤਰਾਹ-ਤਰਾਹ ਕਰ ਰਹੇ ਸਨ। ਅਜਿਹੇ ਸਮੇਂ 13ਵੀਂ, 14ਵੀਂ ਅਤੇ 15ਵੀਂ ਸਦੀ ਵਿਚ ਇਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚੋਂ ਕੁਝ ਗਿਆਨਵਾਨ, ਸੁਚੇਤ, ਸਮਾਜ ਸੁਧਾਰਕ ਅਤੇ ਮਨੁੱਖੀ ਅਧਿਕਾਰਾਂ ਅਤੇ ਬਰਾਬਰੀ ਦੇ ਅਲੰਬਰਦਾਰ ਸੰਤ-ਮਹਾਪੁਰਸ਼ ਸਾਹਮਣੇ ਆਏ ਉਨ੍ਹਾਂ ਨੇ ਸਮੇਂ ਦੇ ਰਾਜਿਆਂ ਦੇ ਜਬਰ-ਜ਼ੁਲਮ ਅਤੇ ਧਾਰਮਿਕ ਕੱਟੜਵਾਦੀਆਂ (ਬ੍ਰਾਹਮਣਵਾਦ) ਅਤੇ ਇਸਲਾਮੀ ਕੱਟੜਵਾਦ ਵਿਰੁੱਧ ਆਵਾਜ਼ ਬੁਲੰਦ ਕੀਤੀ ਪਰੰਤੂ ਦੇਸ਼ ਵਿਚ ਪੂਰੇ ਅਤੇ ਮੁਕੰਮਲ ਇਨਕਲਾਬ ਦੀ ਲੋੜ ਸੀ ਅਤੇ ਇਸ ਮੁਕੰਮਲ ਇਨਕਲਾਬ ਲਈ ਸੰਪੂਰਨ ਫਲਸਫੇ ਦੀ ਲੋੜ ਸੀ ਤਾਂ ਜੋ ਮਨੁੱਖ ਮਾਤਰ ਨੂੰ ਉਸ ਦੇ ਮੂਲ ਤੱਤ, ਹੋਂਦ-ਹਸਤੀ, ਕਾਦਰ ਅਤੇ ਉਸ ਦੀ ਕੁਦਰਤ ਬਾਰੇ ਗਿਆਨ ਪ੍ਰਾਪਤ ਹੋ ਸਕੇ ਅਤੇ ਉਹ ਸੁਚੇਤ ਹੋ ਕੇ ਸਵੈਮਾਣ, ਸਦਾਚਾਰ, ਸੱਭਿਅਕ, ਮਨੁੱਖੀ ਬਰਾਬਰੀ ਵਾਲੀ ਅਤੇ ਨੈਤਿਕ ਜ਼ਿੰਦਗੀ ਜਿਉਣ ਜੋਗਾ ਹੋ ਸਕੇ। ਇਸ ਮਹਾਨ ਕਾਰਜ ਭਾਵ ਆਪਣੇ ਮੂਲ ਤੱਤ ਬਾਰੇ ਗਿਆਨ ਅਤੇ ਉਸ ਨਾਲ ਜੁੜਨ ਅਤੇ ਇਕ ਮੁਕੰਮਲ, ਸੁਤੰਤਰ ਅਤੇ ਸਾਰਥਕ ਜੀਵਨ ਜਿਊਣ ਲਈ ਮਨੁੱਖ ਅੰਦਰ ਬ੍ਰਹਿਮੰਡੀ ਗਿਆਨ ਪ੍ਰਕਾਸ਼ ਕਰਨ ਦੀ ਲੋੜ ਸੀ। ਇਹ ਮਹਾਨ ਕਾਰਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਅਤੇ ਉਨ੍ਹਾਂ ਨੇ ਭਾਰਤ ਵਾਸੀਆਂ ਰਾਹੀਂ ਸਾਰੇ ਸੰਸਾਰ ਨੂੰ ਉਸ ਬ੍ਰਹਿਮੰਡੀ ਗਿਆਨ ਜੋਤਿ ਦੀ ਰੋਸ਼ਨੀ ਦਾ ਪ੍ਰਕਾਸ਼ ਦਿੱਤਾ। ਇਸ ਲੇਖ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੀ “ਬ੍ਰਹਿਮੰਡੀ-ਚੇਤਨਾ'' ਬਾਰੇ ਸੰਖੇਪ ਰੂਪ ਵਿਚ ਵਿਚਾਰ ਕਰਨ ਦਾ ਤੁਛ ਜਿਹਾ ਯਤਨ ਕਰ ਰਹੇ ਹਾਂ।

ਹਿੰਦੂ ਧਰਮ ਦੇ ਗੜ੍ਹ ਭਾਰਤ ਦੇਸ਼ ਵਿਚ ਸਦੀਆਂ ਤੋਂ ਇਸਲਾਮ ਅਤੇ ਸੂਫੀ ਮਤ ਦਾ ਪ੍ਰਚਾਰ ਹੁੰਦਾ ਰਿਹਾ ਹੈ। 14ਵੀਂ ਅਤੇ 15ਵੀਂ ਸਦੀ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਭਗਤਾਂ ਨੇ ''ਕਿਰਤ-ਗ੍ਰਹਿਸਥ'' ਤੋਂ ਭਗੌੜੇ ਹੋ ਕੇ, ਉਹ ਭੀ ਭਾਰਤੀ ਸਮਾਜ ਦੇ ਇਕ ਵਿਸ਼ੇਸ਼ ਵਰਗ ਤਕ ਸੀਮਤ, ਭਗਤੀ ਕਰਨ ਦੀ ਪ੍ਰੰਪਰਾ ਨੂੰ ਰੱਦ ਕਰਦਿਆਂ ਸਮਾਜ ਦੇ ਸਾਰੇ ਵਰਗਾਂ ਲਈ ਪਰਮਾਤਮਾ ਦੀ ਭਗਤੀ ਦਾ ਰਾਹ ਖੋਲ੍ਹਦਿਆਂ ''ਕਿਰਤ-ਗ੍ਰਹਿਸਥ'' ਵਿਚ ਕਾਰਜਸ਼ੀਲ ਹੁੰਦਿਆਂ ਹੋਇਆਂ ਪਰਮਾਤਮਾ ਦੀ ਭਗਤੀ ਕਰਨ ਦਾ ਨਵਾਂ ਕ੍ਰਾਂਤੀਕਾਰੀ ਉਪਦੇਸ਼ ਦਿੱਤਾ। ਉਪਰੰਤ ''ਭਗਤੀ ਲਹਿਰ'' ਦੀ ਇਸ ''ਕਿਰਤ-ਗ੍ਰਹਿਸਥ ਅਤੇ ਭਗਤੀ ਦੇ ਸੁਮੇਲ'' ਦੀ ਨਵੀਂ ਵਿਚਾਰਧਾਰਾ ਨਾਲ ਗੁਰੂ ਸਾਹਿਬਾਨ ਨੇ ਸ਼ਕਤੀ ਨੂੰ ਸ਼ਾਮਲ ਕਰਕੇ ਇਕ ਮੁਕੰਮਲ ਇਨਕਲਾਬ ਦੀ ਸੰਪੂਰਨ ਫਿਲਾਸਫੀ ਦਿੱਤੀ ਅਤੇ ਉਨ੍ਹਾਂ ਨੇ ਆਪਣਾ ਸੰਸਾਰੀ ਜੀਵਨ ਇਸ ਵਿਚਾਰਧਾਰਾ ਅਨੁਸਾਰ ਹੀ ਅਮਲੀ ਰੂਪ ਵਿਚ ਜੀਵਿਆ। ਬ੍ਰਹਿਮੰਡੀ ਚੇਤਨਾ ਦੇ ਨਾਇਕ ''ਮਰਦੇ ਕਾਮਲ'' ਸ੍ਰੀ ਗੁਰੁ ਨਾਨਕ ਦੇਵ ਜੀ ਨੇ ਪ੍ਰਭੂ ਮਿਲਾਪ, ਹੱਕ, ਸੱਚ, ਮਨੁੱਖੀ ਬਰਾਬਰੀ ਅਤੇ ਇਨਸਾਫ ਲਈ ਕਠਿਨ ਸੰਘਰਸ਼ ਵਿਚ ਜੂਝਦਿਆਂ ਅਧਿਆਤਮਕ ਅਤੇ ਸੰਸਾਰਕ ਜੀਵਨ ਵਿਚ ਪ੍ਰਵਾਨ ਚੜ੍ਹਨ ਵਾਲੇ ਸੂਰਿਆਂ ਲਈ ਜੋ ਸਿਧਾਂਤ ਅਤੇ ਪੱਥ ਪ੍ਰਦਰਸ਼ਤ ਕੀਤਾ ਉਹ ਨਿਮਨ ਅਨੁਸਾਰ ਹੈ :-

ਜਉ ਤਉ ਪ੍ਰੇਮ ਖੇਲਣ ਕਾ ਚਾਉ £ਸਿਰੁ ਧਰਿ ਤਲੀ ਗਲੀ ਮੇਰੀ ਆਉ £
ਇਤੁ ਮਾਰਗਿ ਪੈਰੁ ਧਰੀਜੈ £ ਸਿਰੁ ਦੀਜੈ ਕਾਣਿ ਨ ਕੀਜੈ।। (੧੪੧੨)।।
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ £
ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ।। (੫੭੯)।।


ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਥਮ ਬਾਣੀ ''ਜਪੁਜੀ ਸਾਹਿਬ'' ੴ ਤੋਂ ਲੈ ਕੇ ''ਕੇਤੀ ਛੁਟੀ ਨਾਲਿ'' ਤਕ ਪਰਮਾਤਮਾ ਅਤੇ ਬ੍ਰਹਿਮੰਡ ਬਾਰੇ ਮੁਕੰਮਲ ਗਿਆਨ, ਵਿਗਿਆਨ ਦਾ ਭੰਡਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਅੰਸ਼ ਅਤੇ ਵਿਸ਼ਵ ਲਈ ਅਧਿਆਤਮਕ ਅਤੇ ਸੰਸਾਰਕ ਜੀਵਨ ਦੀ ਪੂਰਨ ਸਫਲਤਾ ਲਈ ਇਕ ਅਨੂਠਾ ਅਤੇ ਉਤਮ ਉਪਦੇਸ਼ਮਈ ਸਰੋਤ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਚੇਤਨਾ ਦੇ ਅਦਭੁੱਤ ਅਤੇ ਉੱਚਤਮ ਕ੍ਰਾਂਤੀਕਾਰੀ ਦਾਰਸ਼ਨਿਕ ਸਨ, ਜਿਨ੍ਹਾਂ ਨੇ ਸੰਸਾਰ ਦੇ ਸਰਬਕਾਲੀ ਅਤੇ ਸਰਬ-ਪ੍ਰਕਾਰੀ ਮਨੁੱਖਾਂ ਨੂੰ ਮੁਕੰਮਲ, ਸਾਰਥਕ ਅਤੇ ਮਿਸਾਲੀ ਜੀਵਨ-ਜੁਗਤ ਬਖਸ਼ਿਸ਼ ਕੀਤੀ। ਉਹ “ਜਾਹਰ ਪੀਰ ਜਗਤ ਗੁਰ ਬਾਬਾ'' ਜਗਤ ਦੇ ਰਹਿਬਰ ਸਨ। ਅੱਜ ਵੀ ਹਨ ਅਤੇ ਹਮੇਸ਼ਾ-ਹਮੇਸ਼ਾ ਲਈ ਮਨੁੱਖਤਾ ਦੇ ਰਹਿਬਰ ਰਹਿਣਗੇ ਅਤੇ ਉਨ੍ਹਾਂ ਦੀ ਸਚ-ਧਰਮ ਉੱਤੇ ਆਧਾਰਤ ਕ੍ਰਾਂਤੀਕਾਰੀ ਵਿਚਾਰਧਾਰਾ ਸਦੀਵਕਾਲੀ ਹੈ। ਗੁਰੂ ਜੀ ਨੇ ਫਰਮਾਇਆ ਕਿ ਉਹ ਵਿਸ਼ਵ ਨੂੰ ਉਹ ਕੁਝ ਕਹਿ ਰਹੇ ਹਨ ਜੋ ਉਨ੍ਹਾਂ ਨੂੰ ਅਕਾਲ ਪੁਰਖ ਵਲੋਂ ਹੁਕਮ ਹੋਇਆ ਹੈ। ਗੁਰਵਾਕ ਹੈ :-

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ।।(੭੬੩)।।
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ।।(੧੩੯੦)।।


ਨਿਰਸੰਦੇਹ! ਗੁਰੂ ਨਾਨਕ ਦੇਵ ਜੀ ਹੀ ਇਕ ਅਜਿਹੇ ਮਹਾਨ ਕ੍ਰਾਂਤੀਕਾਰੀ ਧਾਰਮਕ ਰਹਿਬਰ ਸਨ ਜਿਨ੍ਹਾਂ ਦੀ ਵਿਚਾਰਧਾਰਾ ਸਮੇਂ, ਸਥਾਨ ਅਤੇ ਵਿਸ਼ਾ ਪੱਖ ਤੋਂ ਬਹੁਤ ਵਿਸ਼ਾਲ ਤੇ ਵਿਸ਼ਵ ਵਿਆਪੀ ਘੇਰੇ ਵਾਲੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ਮਈ ਬਾਣੀ “ਨਾਮ ਧਰਮ'' ਦੁਆਰਾ ਕਲਯੁਗੀ ਲੋਕਾਂ ਦਾ ਉਧਾਰ ਹੋਇਆ। ਅੱਜ ਵੀ ਜੀਵਾਂ ਦੇ ਉਧਾਰ ਲਈ ਪੂਰੀ ਤਰ੍ਹਾਂ ਸਮਰੱਥ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਦੇਸ਼ਮਈ ਬਾਣੀ ਨੇ ਸਮੁੱਚੇ ਵਿਸ਼ਵ ਅੰਦਰ “ਚਰਾਗ'' ਰੂਪੀ ਹੋ ਕੇ ਪੁਜਾਰੀਵਾਦ ਵਲੋਂ ਫੈਲਾਏ ਕਰਮ-ਕਾਂਡ, ਫੋਕਟ ਧਰਮ, ਭਰਮ-ਭੁਲੇਖੇ, ਵਹਿਮ-ਭਰਮ ਰੂਪੀ ਹਨੇਰੇ ਨੂੰ ਮਿਟਾ ਦਿਤਾ ਹੈ। ਗੁਰਵਾਕ ਹੈ :-

ਬਲਿਓ ਚਰਾਗੁ ਅੰਧਕ੍ਰਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ £
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ।।(੧੩੮੭)।।

-ਪ੍ਰੋ. ਕਿਰਪਾਲ ਸਿੰਘ ਬਡੂੰਗਰ,
ਸੰਪਰਕ ਨੰ: 99158-05100


Baljeet Kaur

Content Editor

Related News