550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਵਾਇਆ 500ਵਾਂ ਪ੍ਰਕਾਸ਼ ਪੁਰਬ ‘1969’

09/30/2019 11:09:08 AM

550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਵਾਇਆ 500ਵਾਂ ਪ੍ਰਕਾਸ਼ ਪੁਰਬ ‘1969’

53 ਕਰੋੜ ਦੀ ਟੈਂਟ ਸਿਟੀ ਸੁਲਤਾਨਪੁਰ ਲੋਧੀ ਵਿਖੇ ਬਣਾਈ ਜਾ ਰਹੀ ਹੈ ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਸੰਗਤਾਂ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ ।ਸਰਕਾਰ ਕਹਿੰਦੀ ਹੈ ਕਿ ਇਸ ਲਈ ਅਸੀਂ 400 ਕਰੋੜ ਰੁਪਏ ਖਰਚ ਕਰ ਚੁੱਕੇ ਹਾਂ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਕੀਤਾ ਗਿਆ ਨਗਰ ਕੀਰਤਨ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਪਹੁੰਚੇਗਾ । ਇਸ ਸਭ ਦੇ ਵਿਚਕਾਰ ਕੁਝ ਵਿਦਵਾਨ ਅਤੇ ਸੁਹਿਰਦ ਸੱਜਣ ਸਵਾਲ ਉਠਾਉਂਦੇ ਹਨ ਕਿ ਇਸ ਨਗਰ ਕੀਰਤਨ ਦੌਰਾਨ ਅਸੀਂ ਕੀ ਸੰਦੇਸ਼ ਦੇਣ ਵਿੱਚ ਸਫ਼ਲ ਰਹੇ ਹਾਂ ।ਕੀ ਇਹ ਨਗਰ ਕੀਰਤਨ ਸਿਰਫ਼ ਭੀੜ ਤਾਂ ਨਹੀਂ ਬਣ ਗਿਆ ? ਕੀ 550 ਸਾਲਾਂ ਮੌਕੇ ਅਸੀਂ ਦੁਨੀਆਂ ਵਿੱਚ ਅਜਿਹਾ ਸੰਦੇਸ਼ ਦੇਣ ਵਿੱਚ ਸਫ਼ਲ ਰਹੇ ਹਾਂ ਜਿਸ ਦਾ ਅਸਰ ਅੱਜ ਤੋਂ 100 ਸਾਲ ਬਾਅਦ ਵੀ ਜਿਉਂ ਦਾ ਤਿਉਂ ਹੋਵੇਗਾ ?

 

500ਵੇਂ ਸ਼ਤਾਬਦੀ ਮੌਕੇ ਕੀਤੇ ਗਏ ਸਦੀਵੀ ਕੰਮ ਇਸ 550 ਸਾਲਾਂ ਸ਼ਤਾਬਦੀ ਵਿੱਚੋਂ ਗਾਇਬ ਕਿਉਂ ?

 

ਡਾ ਆਸਾ ਸਿੰਘ ਘੁੰਮਣ ਨਡਾਲਾ ਤੋਂ ਆਪਣੇ ਤਜਰਬੇ ਸਾਂਝੇ ਕਰਦੇ ਹਨ ।ਡਾ ਆਸਾ ਸਿੰਘ ਘੁੰਮਣ ਪੰਜਾਬੀ ਅਦਬ ਦੇ ਅੰਦਰ ਜਾਣੇ ਪਛਾਣੇ ਅਦੀਬ ਹਨ । ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਡਾ ਘੁੰਮਣ ਕਹਿੰਦੇ ਹਨ ਕਿ 1969 ਦੇ ਵੇਲਿਆਂ ਵਿੱਚ ਉਸ ਸਮੇਂ ਦੀ ਸੂਬਾ ਸਰਕਾਰ ਨੇ 38 ਕਾਲਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਬਣਵਾਏ ਸਨ ।ਉਨ੍ਹਾਂ ਵਿੱਚੋਂ ਇੱਕ ਕਾਲਜ ਮੇਰੇ ਸ਼ਹਿਰ ਨਡਾਲੇ ਵੀ ਬਣਿਆ ਅਤੇ ਇੱਕ ਕਾਲਜ ਸੁਲਤਾਨਪੁਰ ਲੋਧੀ ਵਿਖੇ ਵੀ ਬਣਿਆ ।ਡਾਕਟਰ ਘੁੰਮਣ ਗੱਲ ਨੂੰ ਅੱਗੇ ਤੋਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਲਰਕ ਸੀ । ਮੇਰੇ ਸ਼ਹਿਰ ਵਿੱਚ ਕਾਲਜ ਖੁੱਲ੍ਹਣ ਦਾ ਨਤੀਜਾ ਇਹ ਹੋਇਆ ਕਿ ਮੈਂ ਆਪਣੀ ਉੱਚ ਵਿੱਦਿਆ ਹਾਸਲ ਕਰ ਸਕਿਆ ।ਇਸ ਤੋਂ ਬਾਅਦ ਮੈਂ ਸੁਲਤਾਨਪੁਰ ਲੋਧੀ ਵਿਖੇ ਬਤੌਰ ਪ੍ਰੋਫੈਸਰ ਨੌਕਰੀ ਵੀ ਕੀਤੀ ।ਜਿਸ ਕਾਲਜ ਵਿੱਚ ਮੈਨੂੰ ਇਹ ਨੌਕਰੀ ਮਿਲੀ ਸੀ ਉਹ ਕਾਲਜ ਗੁਰੂ ਨਾਨਕ ਖਾਲਸਾ  ਕਾਲਜ ਵੀ 1969 ਨੂੰ 500 ਸਾਲਾਂ ਮੌਕੇ ਸੂਬਾ ਸਰਕਾਰ ਵੱਲੋਂ ਖੋਲ੍ਹਿਆ ਗਿਆ ਸੀ ।ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 1969 ਨੂੰ ਪੰਜ ਸੌ ਸਾਲਾਂ ਮੌਕੇ ਵਿੱਦਿਆ ਦਾ ਪ੍ਰਸਾਰ ਪੰਜਾਬ ਭਰ ਵਿੱਚ ਕੀਤਾ ਗਿਆ ।ਇਸੇ ਸਿਲਸਿਲੇ ਤਹਿਤ ਸਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੀ ਨਸੀਬ ਹੋਈ ।

PunjabKesari

ਵਿਦਿਆ ਦਾ ਪਸਾਰ ਤਾਂ ਇੱਕ ਪਾਸੇ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਰੌਸ਼ਨੀ ਦਾ ਪ੍ਰਤੀਕ ਮੰਨਦੇ ਹੋਏ ਹਰ ਪਿੰਡ ਬਿਜਲੀ ਹਰ ਘਰ ਰੌਸ਼ਨੀ ਦਾ ਅਹਿਦ ਵੀ 1969 ਵਿੱਚ ਸੂਬਾ ਸਰਕਾਰ ਵੱਲੋਂ ਲਿਆ ਗਿਆ ਸੀ ।ਗੁਰੂ ਨਾਨਕ ਥਰਮਲ ਪਲਾਂਟ ਵੀ ਇਸੇ ਸਿਲਸਿਲੇ ਤਹਿਤ ਖੋਲ੍ਹਿਆ ਗਿਆ ਸੀ ।ਜੇ ਹਰ ਘਰ ਅੱਜ ਪੰਜਾਬ ਵਿੱਚ ਬਿਜਲੀ ਹੈ ਤਾਂ ਇਹ 1969 ਨੂੰ ਲਏ ਗਏ ਅਹਿਦ ਦਾ ਹੀ ਹਿੱਸਾ ਹੈ ।ਡਾ ਆਸਾ ਸਿੰਘ ਘੁੰਮਣ ਕਹਿੰਦੇ ਹਨ ਕਿ ਇਹ ਗੱਲ ਵੱਖਰੀ ਹੈ ਕਿ ਅਦਾਰੇ ਸਫਲ ਰਹੇ ਜਾਂ ਅਸਫਲ ਪਰ ਫਿਰ ਵੀ 500 ਸਾਲਾਂ ਮੌਕੇ ਵਿੱਦਿਆ ਦਾ ਪ੍ਰਸਾਰ ਅਤੇ ਹਰ ਘਰ ਰੌਸ਼ਨੀ ਦਾ ਅਸਰ ਅੱਜ ਤੋਂ 50 ਸਾਲ ਬਾਅਦ ਵੀ ਅਸੀਂ ਵੇਖ ਰਹੇ ਹਾਂ ।

ਇਸ ਕਰ ਕੇ ਡਾ ਆਸਾ ਸਿੰਘ ਘੁੰਮਣ ਜਦੋਂ 500 ਸਾਲ ਅਤੇ 550 ਸਾਲਾਂ  ਦੇ ਫਰਕ ਨੂੰ ਵੇਖਦੇ ਹਨ ਤਾਂ ਉਨ੍ਹਾਂ ਨੂੰ 550 ਸਾਲਾਂ ਮੌਕੇ ਅਜਿਹਾ ਕੁੱਝ ਵੀ ਉਸਾਰੂ ਨਜ਼ਰ ਨਹੀਂ ਆਉਂਦਾ ਜਿਸ ਦਾ ਅਸਰ ਅੱਜ ਤੋਂ 100 ਸਾਲ ਬਾਅਦ ਹੋਵੇਗਾ ।

 

ਕੁਝ ਤਾਂ ਹੈ ਜੋ ਫਲਸਫਿਆਂ ਦੀ ਨਜ਼ਰ ਤੋਂ ਮੁਕੰਮਲ ਨਹੀਂ..!

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਵਿਦਵਾਨ ਬੀਰ ਦਵਿੰਦਰ ਸਿੰਘ ਕਹਿੰਦੇ ਹਨ ਕੇ ਸ਼ਤਾਬਦੀਆਂ ਜਾਂ ਅਰਧ ਸ਼ਤਾਬਦੀਆਂ ਸੰਜੀਦਾ ਅਮਲਾ ਵਾਸਤੇ ਹੁੰਦੀਆਂ ਹਨ ।ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਿਆਂ ਚੰਗਾ ਹੁੰਦਾ ਜੇ ਅਸੀਂ ਆਉਣ ਵਾਲੇ ਸਮੇਂ ਲਈ ਕੁਝ ਬਿਹਤਰ ਦਸਤਾਵੇਜ਼ ਤਿਆਰ ਕਰਦੇ ।ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਬਾਰੇ ਸਮਝੀਏ ਤਾਂ ਇਹ ਗੱਲ ਸਮਝਣ ਵਾਲੀ ਹੈ ਕਿ ਉਨ੍ਹਾਂ ਵੱਖ ਵੱਖ ਫਲਸਫਿਆਂ ਦੇ ਵਿੱਚ ਜਾ ਕੇ ਅੰਦਰ ਵਿਸ਼ਵਾਸ ਸੰਵਾਦ ਕੀਤੇ ।ਗੁਰੂ ਸਾਹਿਬ ਜਦੋਂ ਸਿੱਧਾਂ ਨਾਲ ਗੋਸ਼ਟੀ ਕਰਦੇ ਹਨ ਤਾਂ ਉਹ ਆਪ ਕੋਈ ਸਵਾਲ ਨਹੀਂ ਕਰਦੇ ਉਹ ਸਿੱਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ।

PunjabKesari

ਗੁਰਦੁਆਰਾ ਨਨਕਾਣਾ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਕੀ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਉਨ੍ਹਾਂ ਥਾਵਾਂ ਨੂੰ ਜੋੜ ਸਕੀਏ ਜਾਂ ਉਨ੍ਹਾਂ ਥਾਵਾਂ ਦੇ ਨਾਲ ਸੰਵਾਦ ਕਰ ਸਕੀਏ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਆਪ ਗਏ ।ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਸੀ ਕਿ ਇਹ ਨਗਰ ਕੀਰਤਨ ਬਾਬਾ ਸ਼ੇਖ਼ ਫ਼ਰੀਦ ਦੇ ਪਾਕ ਪਟਨ ਤੋਂ ਹੁੰਦਿਆਂ ਹੋਇਆਂ ਕਰਤਾਰਪੁਰ ਸਾਹਿਬ ਜਾ ਕੇ ਮੁਕੰਮਲ ਹੁੰਦਾ ।ਜ਼ਰਾ ਸੋਚ ਕੇ ਵੇਖੋ ਉਹ ਕਿੰਨਾ ਇਤਿਹਾਸਕ ਅਤੇ ਰੂਹਾਨੀ ਪਲ ਹੋਵੇਗਾ ਜਦੋਂ ਪਾਕਿ ਪਟਨ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ਼ੇਖ਼ ਫ਼ਰੀਦ ਦੀ ਬਾਣੀ ਉਨ੍ਹਾਂ ਦੀ ਤਾਬਿਆ ਤੇ ਬੈਠੇ ਹੋਏ ਸ਼ੇਖ ਇਬਰਾਹਿਮ ਤੋਂ ਪ੍ਰਾਪਤ ਕੀਤੀ ।ਇਹ ਅਹਿਸਾਸ ਕਰ ਕੇ ਵੇਖੋ ਬਾਬਾ ਸ਼ੇਖ ਫਰੀਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਮਾਰਫਤ ਬਾਬਾ ਸ਼ੇਖ ਫਰੀਦ ਮੁਸਲਮਾਨਾਂ ਨੂੰ ਇਸਲਾਮ ਦੇ ਰੂਹਾਨੀ ਜਜ਼ਬੇ ਦਾ ਇਸ਼ਾਰਾ ਕਰਦੇ ਹਨ ।ਸੰਵਾਦ ਫ਼ਲਸਫ਼ਿਆਂ ਦਾ ਇਹ ਵਾਇਆ ਰੂਪ ਸਾਡੇ ਸਿੱਖ ਧਰਮ ਦੀ ਵਿਲੱਖਣ ਮਿਸਾਲ ਹੈ ।ਪਰ ਇਹ ਸਾਡੀ ਤ੍ਰਾਸਦੀ ਹੈ ਕਿ ਇਹ ਸਮੇਂ ਕੌਮ ਕੋਲ ਕਿਸੇ ਵੀ ਤਰ੍ਹਾਂ ਦੀ ਸੰਜ਼ੀਦਾ ਸਿੱਖ ਲੀਡਰਸ਼ਿਪ ਨਹੀਂ ਹੈ ਜ਼ਰਾ ਸੋਚਿਓ ਕਿਤੇ ਅਸੀਂ ਤਮਾਸ਼ਬੀਨ ਤਾਂ ਨਹੀਂ ਬਣ ਗਏ ?

ਇਸ ਮੌਕੇ ਨਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਥਾ ਤੋਰ ਸਕੇ,ਨਾ ਅਸੀਂ 550 ਸਾਲਾਂ ਮੌਕੇ ਕੋਈ ਖੋਜ ਕੇਂਦਰ ਬਣਾ ਸਕੇ ਅਤੇ ਨਾ ਹੀ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੋਈ ਐਲਾਨਨਾਮਾ ਦੁਨੀਆਂ ਨੂੰ ਪੇਸ਼ ਕਰ ਸਕੇ ।

ਰਬਿੰਦਰ ਨਾਥ ਟੈਗੋਰ ਨੂੰ ਕਿਸੇ ਨੇ ਕਿਹਾ ਸੀ ਕਿ ਜਿਵੇਂ ਤੁਸੀਂ ਰਾਸ਼ਟਰ ਗਾਣ ਲਿਖਿਆ ਹੈ ਇੰਜ ਹੀ ਕੋਈ ਯੂਨੀਵਰਸਲ ਐਂਥਮ ਲਿਖੋ ।ਇਸ ਦੇ ਜਵਾਬ ਵਿੱਚ ਟੈਗੋਰ ਨੇ ਉੱਤਰ ਦਿੱਤਾ ਸੀ ਕਿ ਸਾਡੇ ਕੋਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਗਗਨ ਮਹਿ ਥਾਲ ਯੂਨੀਵਰਸਲ ਐਂਥਮ ਹੀ ਤਾਂ ਹੈ।ਜਦੋਂ ਇਸ ਦੌਰ ਦੇ ਅੰਦਰ ਹੱਦਾਂ ਸਰਹੱਦਾਂ ਚ ਸਿਮਟੀ ਦੁਨੀਆਂ ਇੱਕ ਦੂਜੇ ਦੀ ਦੁਸ਼ਮਣ ਬਣੀ ਹੋਈ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਮੁਹੱਬਤ ਨਾਲ ਸਿੰਜਿਆ ਰੂਹਾਨੀ ਸੰਕਲਪ ਦਿੰਦਾ ਹੈ ।

ਸਿੱਖਾਂ ਦੇ ਕੋਲ ਇੱਕ ਹੋਰ ਵਿਲੱਖਣ ਸੌਗਾਤ ਹੈ ਉਹ ਹੈ ਸੰਗੀਤ ਗੁਰੂ ਨਾਨਕ ਦੇਵ ਜੀ ਨੇ ਸਾਰੀ ਗੁਰਬਾਣੀ ਸੰਗੀਤ ਬੱਧ ਕੀਤੀ ਅਤੇ ਪੂਰਾ ਗੁਰੂ ਗ੍ਰੰਥ ਸਾਹਿਬ ਇਸੇ ਤਰ੍ਹਾਂ ਰਾਗ ਵਿੱਚ ਸੁਭਾਇਮਾਨ ਹੈ।ਸਾਨੂੰ ਚਾਹੀਦਾ ਸੀ ਕਿ ਅਸੀਂ ਭਾਈ ਮਰਦਾਨੇ ਨੂੰ ਯਾਦ ਕਰਦੇ ਹਾਂ ਉਨ੍ਹਾਂ ਦੇ ਨਾਮ ਤੇ ਕੋਈ ਸੰਗੀਤ ਕੇਂਦਰ ਵੀ ਬਣਾਉਂਦੇ ।

ਇਤਿਹਾਸ ਵਿੱਚ ਜ਼ਿਕਰ ਹੈ ਕਿ ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਸਲਮਾਨ ਪੈਰੋਕਾਰ ਸਨ ।ਉਨ੍ਹਾਂ ਨੇ ਆਪਣੀ ਜਾਇਦਾਦ 38 ਹਜ਼ਾਰ ਕਿੱਲਿਆਂ ਦੇ ਵਿੱਚੋਂ 19 ਹਜ਼ਾਰ ਏਕੜ ਯਾਨੀ ਕਿ ਅੱਧੀ ਜਾਇਦਾਦ ਗੁਰੂ ਨਾਨਕ ਦੇਵ ਜੀ ਦੇ ਨਾਮ ਕਰ ਦਿੱਤੀ ਸੀ ।ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੇ ਸਿੱਧਾਂ ਨਾਲ ਗੋਸ਼ਟੀ ਕਰ ਰਹੇ ਸਨ ਉਦੋਂ ਰਾਏ ਬੁਲਾਰ ਆਪਣੇ ਆਖਰੀ ਸਾਹਾਂ ਤੇ ਸੀ ਅਤੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਅਤੇ ਗੁਰੂ ਨਾਨਕ ਸਾਹਿਬ ਹਾਜ਼ਰ ਹੋਏ ।ਇਤਿਹਾਸ ਵਿੱਚ ਇਹ ਵਿਲੱਖਣ ਮਿਸਾਲ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਰਾਏ ਬੁਲਾਰ ਅਤੇ ਭਾਈ ਮਰਦਾਨੇ ਨੂੰ ਤੋਰਿਆ।

ਸੋ ਇਸ ਗੁਰਪੁਰਬ ਸ਼ਤਾਬਦੀ ਦੌਰਾਨ ਕੀ ਅਸੀਂ ਰਾਏ ਬੁਲਾਰ ਦੀ ਮਜ਼ਾਰ ਤੇ ਜਾ ਕੇ ਚਾਦਰ ਚੜ੍ਹਾਈ? ਕੀ ਅਸੀਂ ਰਾਏ ਬੁਲਾਰ ਦੀ ਮਜ਼ਾਰ ਤੇ ਜਾ ਕੇ ਕਲੀ ਕਰਵਾਈ ਅਤੇ ਸ਼ਰਧਾ ਵਜੋਂ ਫੁੱਲ ਅਰਪਣ ਕੀਤੇ ?

ਇਸ ਗੁਰਪੁਰਬ 550 ਅਰਧ ਸ਼ਤਾਬਦੀ ਦੇ ਦੌਰਾਨ ਇਹ ਗੱਲ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ 19 ਹਜ਼ਾਰ ਏਕੜ ਨਨਕਾਣਾ ਸਾਹਿਬ ਵਿਖੇ ਜ਼ਮੀਨ ਹੋਣ ਦੇ ਬਾਵਜੂਦ ਵੀ ਉਸ ਉੱਤੇ ਆਪਣਾ ਦਾਅਵਾ ਨਹੀਂ ਕੀਤਾ।ਗੁਰੂ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਅਤੇ ਉਥੇ ਹੀ ਬਾਕੀ ਦੀ ਜ਼ਿੰਦਗੀ ਗੁਜ਼ਾਰਦਿਆਂ ਖੇਤੀ ਕੀਤੀ ।ਇੱਥੋਂ ਇਹ ਸਮਝਣ ਦੀ ਲੋੜ ਸੀ ਕਿ 4 ਉਦਾਸੀਆਂ ਗੁਰੂ ਸਾਹਿਬ ਦਾ ਭ੍ਰਮਣ ਹੈ, ਸੰਵਾਦ ਹੈ ਪਰ ਇਸ ਸੰਵਾਦ ਦਾ ਆਖਰੀ ਪੜਾਅ ਕਰਤਾਰਪੁਰ ਸਾਹਿਬ ਹੈ ਸੋ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਨਨਕਾਣਾ ਸਾਹਿਬ ਦਾ ਆਰੰਭ ਹੋਇਆ ਨਗਰ ਕੀਰਤਨ ਕਰਤਾਰਪੁਰ ਸਾਹਿਬ ਵਿਖੇ ਪਹੁੰਚਣਾ ਚਾਹੀਦਾ ਸੀ ਤਾਂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੋਲ੍ਹਣ ਦਾ ਕੋਈ ਅਰਥ ਬਣਦਾ ਸੀ ।ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਕਿਤੇ ਅਸੀਂ ਸਿਰਫ ਰੰਗ ਤਮਾਸ਼ੇ ਤਾਂ ਨਹੀਂ ਕਰ ਰਹੇ ? 550 ਅਰਧ ਸ਼ਤਾਬਦੀ ਮਨਾਉਣ ਤੋਂ ਬਾਅਦ ਬਾਕੀ ਕੀ ਰਹਿ ਜਾਂਦਾ ਹੈ ਕੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਨਾ ਸਿਰਫ਼ ਰਾਸ਼ਟਰਪਤੀ ਨੂੰ ਸੱਦਾ ਦੇਣਾ ਅਤੇ ਪ੍ਰਧਾਨ ਮੰਤਰੀ ਦਾ ਆਉਣਾ ਹੀ ਰਹਿ ਗਿਆ ਹੈ ?ਇਹ ਸਵਾਲ ਹੈ ਕਿ ਅਸੀਂ 550 ਸਾਲਾਂ ਮੌਕੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਿਆਂ ਪਾਕਪਟਨ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਵਿਚਰਦਿਆਂ ਵੱਖ ਵੱਖ ਧਰਮਾਂ ਫ਼ਲਸਫ਼ਿਆਂ ਨੂੰ ਜੋੜਦਿਆਂ ਕੋਈ ਸਾਰਥਕ ਸੰਵਾਦ ਤੋਂ ਰਿਹਾ ਹੈ ਜਾਂ ਨਹੀਂ ।

 

ਇਸ ਦੌਰ ਦਾ ਪੰਜਾਬੀ ਅਦਬ  ਮਹਾਂਕਾਵਿ ਤੋਂ ਦੂਰ ਕਿਉਂ ?

ਪੰਜਾਬੀ ਅਦਬ ਦੇ ਹਵਾਲੇ ਨਾਲ ਪੰਜਾਬੀ ਕਵੀ ਅਮਰਜੀਤ ਚੰਦਨ 1969 ਦੇ 500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਯਾਦ ਕਰਦਿਆਂ ਹੋਇਆਂ ਦੱਸਦੇ ਹਨ ਕਿ ਸੰਨ 1969 ਵਿੱਚ ਗੁਰੂ ਬਾਬਾ ਨਾਨਕ ਜੀ ਦੀ 5ਵੀਂ ਜਨਮ ਸ਼ਤਾਬਦੀ ਵੇਲੇ ਪਟਿਆਲੇ ਵਾਲੀ ਪੰਜਾਬੀ ਯੂਨੀਵਰਸਿਟੀ ਨੇ ਸਾਡੇ ਸਿਰਮੌਰ ਕਵੀ ਮੋਹਨ ਸਿੰਘ ਨੂੰ ਆਖ ਕੇ ਮਹਾਂਕਾਵਿ 'ਨਾਨਕਾਇਣ' ਲਿਖਵਾਇਆ ਸੀ।ਮੈਂ ਇਹ ਰਚਨਾ ਬੜੀ ਚਿਰਕੀ ਪੜ੍ਹੀ ਤੇ ਦੰਗ ਰਹਿ ਗਿਆ ਕਿ ਮੋਹਨ ਸਿੰਘ ਜੀ ਨੇ ਕਵਿਤਾ ਦੀਆਂ ਕਿੰਨੀਆਂ ਬੁਲੰਦੀਆਂ ਛੂਹੀਆਂ ਹਨ।ਸ਼ਬਦਾਂ ਵਿੱਚ ਨਾਨਕਤਾ ਦਾ ਐਸਾ ਚਮਤਕਾਰ ਪੰਜਾਬੀ ਵਿੱਚ ਵਿਰਲਾ ਹੀ ਹੋਇਆ ਹੈ।ਉਦੋਂ ਹੀ ਰਾਮ ਨਰਾਇਣ ਸਿੰਘ ਦਰਦੀ ਨੇ ਗੁਰੂ ਜੀ ਬਾਰੇ ਮਹਾਂਕਾਵਿ 'ਰਾਵੀ ਦਾ ਸਾਈਂ ਬਾਬਾ ਨਾਨਕ' ਦੀ ਰਚਨਾ ਕੀਤੀ ।ਇਸ ਵਿੱਚ ਕਲਾਸਕੀ ਕਵਿਤਾ ਦੇ ਸਾਰੇ ਗੁਣ ਮੌਜੂਦ ਸਨ ਪਰ ਇਹਦੀ ਵਿਲੱਖਣਤਾ ਇਹ ਹੈ ਕੀ ਇਹ ਉਸ ਰਾਵੀ ਦੀ ਜਾਂਗਲੀ ਬੋਲੀ ਵਿੱਚ ਲਿਖੀ ਹੋਈ ਹੈ ਜੋ ਬਾਬਾ ਜੀ ਆਪਣੇ ਘਰ ਦੇ ਜੀਆਂ ਨਾਲ ਬੋਲਦੇ ਹੋਣਗੇ।

PunjabKesari

ਮੈਨੂੰ ਨਹੀਂ ਪਤਾ ਕਿ ਪੰਜਾਬੀ ਯੂਨੀਵਰਸਿਟੀ ਹੁਣ 550ਵੇਂ ਪੁਰਬ ਵੇਲੇ ਨਾਨਕਾਇਣ ਨੂੰ ਮੁੜ ਛਪਵਾ ਰਹੀ ਹੈ ਕਿ ਨਹੀਂ ।ਰਾਮ ਨਰਾਇਣ ਸਿੰਘ ਦਰਦੀ ਦੇ ਨਾਨਕਕਾਵਿ ਦਾ ਤਾਂ ਕਿਹਨੂੰ ਖ਼ਿਆਲ ਹੋਣਾ ਹੈ ? ਨਾ ਘਰਦਿਆਂ ਨੂੰ ਤੇ ਨਾ ਸਾਹਿਤ ਦੀ ਖੱਟੀ ਕਮਾਈ ਕਰਨ ਵਾਲਿਆਂ ਨੂੰ ,ਕਿੰਨੇ ਕੁ ਪਾਠਕ ਦਰਦੀ ਦੀ ਇਸ ਕਿਤਾਬ ਬਾਰੇ ਜਾਣਦੇ ਹੋਣਗੇ ?

ਇਹ ਬੜਾ ਵਧੀਆ ਸਵਾਲ ਹੈ ਕਿ ਐਸੇ ਯਾਦਗਾਰੀ ਸਾਹਿਤਕ ਕਾਰਜ ਕਵਾਉਣ ਦਾ ਹੁਣ 550ਵੇ ਪੁਰਬ ਵੇਲੇ ਕਿਸੇ ਨੂੰ ਖ਼ਿਆਲ ਕਿਉਂ ਨਹੀਂ ਆਇਆ ? ਪਰ ਸਾਡੇ ਕੋਲ ਹੁਣ ਮੋਹਨ ਸਿੰਘ ਵਰਗਾ ਵੱਡਾ ਕਵੀ ਹੈ ਵੀ ਕਿੱਥੇ ? ਨਾਲੇ ਕਿਹੜੀ ਗੱਲ ਹੈ ਜੋ ਕਰਨ ਵਾਲੀ ਰਹਿ ਗਈ ਹੈ ?ਮੈਂ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੇ-ਦਰਬਾਰੇ ਬੂਹੇ ਖੜਕਾਉਂਦਾ ਰਿਹਾ ਹਾਂ ਕਿ ਜਿਉਂਦੇ ਮਹਾਨ ਕਲਾਸਕੀ ਗਾਇਕਾਂ ਕੋਲੋਂ ਨਾਨਕਬਾਣੀ ਰਿਕਾਰਡ ਕਰਵਾਉਣੀ ਚਾਹੀਦੀ ਹੈ ।ਪਰ ਕਿਸੇ ਨੇ ਹੁੰਗਾਰਾ ਨਹੀਂ ਭਰਿਆ ਸਿਰਫ ਮਦਨ ਗੋਪਾਲ ਸਿੰਘ ਖਾਲੀ ਹੱਥੀਂ ਵੱਡੇ ਗਾਇਕਾਂ ਕੋਲੋਂ ਬਾਬੇ ਦੀ ਆਰਤੀ ਗਵਾ ਰਿਹਾ ਹੈ ।

ਇਹ ਮਹੱਤਵਪੂਰਨ ਗੱਲ ਹੈ ਕਿ ਅਮਰਜੀਤ ਚੰਦਨ ਨੇ ਨਾਨਕ ਉਸਤਤਿ ਦੀ ਪੋਥੀ 'ਸਦਾ ਨਮਸਕਾਰੁ : ਗੁਰੂ ਨਾਨਕ ਕੇ ਸੋਹਿਲੇ' ਸੰਜੋਈ ਹੈ ਜਿਸ ਵਿੱਚ ਆਨੰਦ ਨਾਰਾਇਣ ਮੁੱਲਾਂ (1870-1956) ਤੋਂ ਲੈ ਕੇ ਹਰਮਨਜੀਤ ਸਿੰਘ ਤੱਕ 70 ਹਿੰਦੂ ਸਿੱਖ ਮੁਸਲਮਾਨ ਤੇ ਕਮਿਊਨਿਸਟ ਕਵੀਆਂ ਦੀ ਰਚਨਾ ਪਹਿਲੀ ਵਾਰ ਇਕੱਠੀ ਕੀਤੀ ਹੈ ।ਇਹ ਚੜ੍ਹਦੇ ਸਾਲ ਛਪਣ ਦੀ ਉਮੀਦ ਹੈ ।

ਇਸ ਸਭ ਬਾਰੇ ਗੱਲ ਕਰਦੇ ਹੋਏ ਚੰਦਨ ਕਹਿੰਦੇ ਹਨ ਪੂਰਬੀ ਪੰਜਾਬ ਸਰਕਾਰ 5 ਅਰਬ ਰੁਪਏ ਨਾਨਕ-550 ਤੇ ਖਰਚਣ ਲੱਗੀ ਹੈ।ਏਨੇ ਕੁ ਹੀ ਵਾਘੇ ਪਾਰ ਵਾਲੇ ਖ਼ਰਚਣਗੇ ।ਪਰ ਸਦੀਆਂ ਤੱਕ ਕਾਇਮ ਰਹਿਣ ਵਾਲਾ ਜਲਵਾ ਕਰਕੇ ਦਿਖਾਣ ਦਾ ਵੱਲ ਕਿਸ ਨੂੰ ਹੈ ?

ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲਜ ।।

ਚੂਹਾ ਖਡ ਨਾ ਮਾਵਈ ਤਿਕਿਲ ਬੰਨੈ ਛਜ।। - ਸਲੋਕ ਮ: ੧ ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ ੧੨੮੬

ਹਰਪ੍ਰੀਤ ਸਿੰਘ ਕਾਹਲੋਂ                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                           

 


Related News