ਯੁਵਰਾਜ ਦੀ ਵਾਪਸੀ ਫਿਰ ਹੋਈ ਮੁਸ਼ਕਲ, ਫਿੱਟਨੈਸ ਟੈਸਟ 'ਚ ਹੋਏ ਫੇਲ

Thursday, October 12, 2017 1:49 PM

ਨਵੀਂ ਦਿੱਲੀ, (ਬਿਊਰੋ)— ਸਿਕਸਰ ਕਿੰਗ ਯੁਵਰਾਜ ਸਿੰਘ ਲਈ ਭਾਰਤੀ ਟੀਮ ਵਿੱਚ ਵਾਪਸੀ ਦੇ ਰਸਤੇ ਹੌਲੀ-ਹੌਲੀ ਬੰਦ ਹੁੰਦੇ ਜਾ ਰਹੇ ਹਨ। ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹਾਲ ਹੀ ਵਿੱਚ ਹੋਏ ਫਿੱਟਨੈਸ ਟੈਸਟ ਵਿੱਚ ਯੁਵਰਾਜ ਫੇਲ ਹੋ ਗਏ ਹਨ। ਯੋ-ਯੋ ਟੈਸਟ ਵਿੱਚ ਚੇਤੇਸ਼ਵਰ ਪੁਜਾਰਾ ਅਤੇ ਰਵਿਚੰਦਰਨ ਅਸ਼ਵਿਨ ਪਾਸ ਹੋ ਗਏ ਹਨ।  ਖਬਰਾਂ ਮੁਤਾਬਕ, ਮੰਗਲਵਾਰ ਨੂੰ ਹੋਏ ਫਿੱਟਨੈਸ ਟੈਸਟ ਵਿੱਚ ਕਈ ਖਿਡਾਰੀਆਂ ਦਾ ਟੈਸਟ ਹੋਇਆ ਸੀ। ਜਿਸ ਨੂੰ ਯੁਵਰਾਜ ਪਾਸ ਕਰਨ ਵਿੱਚ ਅਸਫਲ ਰਹੇ। ਇਸ ਤੋਂ ਪਹਿਲਾਂ ਵੀ ਯੁਵਰਾਜ ਅਤੇ ਸੁਰੇਸ਼ ਰੈਨਾ ਇਸ ਟੈਸਟ ਨੂੰ ਪਾਸ ਨਹੀਂ ਸਕੇ ਸਨ, ਜਿਸਦੇ ਕਾਰਨ ਉਨ੍ਹਾਂ ਦੀ ਟੀਮ ਇੰਡੀਆ ਵਿੱਚ ਚੋਣ ਨਹੀਂ ਹੋ ਸਕੀ ਸੀ।

ਹੁਣ ਅੱਗੇ ਕੀ
ਯੁਵਰਾਜ ਸਿੰਘ ਹੁਣ ਪੰਜਾਬ ਵੱਲੋਂ ਰਣਜੀ ਮੈਚ ਖੇਡ ਸਕਦੇ ਹਨ ਜੋ 14 ਅਕਤੂਬਰ ਤੋਂ ਹੋਵੇਗਾ। ਯੁਵਰਾਜ ਨੇ ਰਣਜੀ ਟਰਾਫੀ ਦਾ ਪਹਿਲਾ ਮੈਚ ਨਹੀਂ ਖੇਡਿਆ ਸੀ ਜਿਸ ਵਜ੍ਹਾ ਕਰਕੇ ਉਸ ਦੀ ਕਾਫੀ ਆਲੋਚਨਾ ਹੋਈ ਸੀ।

ਕੀ ਹੁੰਦਾ ਹੈ ਇਸ ਟੈਸਟ 'ਚ
ਯੋ-ਯੋ ਫਿੱਟਨੈਸ ਟੈਸਟ 'ਚ 20 ਮੀਟਰ ਦੀ ਦੂਰੀ 'ਤੇ ਦੋ ਲਾਈਨਾਂ ਬਣਾਈਆਂ ਜਾਂਦੀਆਂ ਹਨ। ਖਿਡਾਰੀ ਲਗਾਤਾਰ ਦੋ ਲਾਈਨਾਂ ਦੇ ਵਿਚਾਲੇ ਦੌੜਦਾ ਹੈ ਅਤੇ ਜਦੋਂ ਬੀਪ ਵਜਦੀ ਹੈ ਤਾਂ ਉਸ ਨੂੰ ਮੁੜਨਾ ਹੁੰਦਾ ਹੈ। ਹਰ ਇਕ ਮਿੰਟ 'ਚ ਤੇਜ਼ੀ ਵਧਦੀ ਜਾਂਦੀ ਹੈ ਅਤੇ ਜੇਕਰ ਸਮੇਂ 'ਤੇ ਲਾਈਨ ਤੱਕ ਨਹੀਂ ਪਹੁੰਚਦੇ ਤਾਂ ਦੋ ਹੋਰ 'ਬੀਪ' ਦੇ ਤਹਿਤ ਤੇਜ਼ੀ ਫੜਨੀ ਪੈਂਦੀ ਹੈ। ਜੇਕਰ ਖਿਡਾਰੀ ਦੋਵੇਂ ਪਾਸਿਓਂ ਤੇਜ਼ੀ ਹਾਸਲ ਨਹੀਂ ਕਰ ਸਕਦਾ ਤਾਂ ਇਹ ਟੈਸਟ ਰੋਕ ਦਿੱਤਾ ਜਾਂਦਾ ਹੈ।