ਹਾਕੀ ''ਚ ਪਾਕਿ ਵਿਰੁੱਧ ਮੁਹਿੰਮ ਸ਼ੁਰੂ ਕਰੇਗਾ ਭਾਰਤ

11/29/2017 2:30:14 AM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਨੂੰ ਅਗਲੇ ਸਾਲ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ-2018 'ਚ ਮੁਸ਼ਕਿਲ ਪੂਲ-ਬੀ 'ਚ ਸ਼ਾਮਲ ਕੀਤਾ ਗਿਆ ਹੈ, ਜਿਥੇ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਕਰੇਗਾ, ਉਥੇ ਹੀ ਭਾਰਤ ਦੀ ਮਹਿਲਾ ਟੀਮ ਨੂੰ ਪੂਲ-ਏ 'ਚ ਰੱਖਿਆ ਗਿਆ ਹੈ, ਜਿਹੜੀ ਵੇਲਸ ਵਿਰੁੱਧ ਪਹਿਲਾ ਮੈਚ ਖੇਡੇਗੀ।
ਭਾਰਤੀ ਪੁਰਸ਼ ਟੀਮ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਗਰੁੱਪ-ਬੀ 'ਚ ਰੱਖਿਆ ਗਿਆ ਹੈ, ਜਿੱਥੇ ਉਸ ਦੇ ਨਾਲ ਇੰਗਲੈਂਡ, ਪਾਕਿਸਤਾਨ, ਮਲੇਸ਼ੀਆ ਤੇ ਵੇਲਸ ਦੀਆਂ ਟੀਮਾਂ ਹਨ, ਜਦਕਿ  ਮਹਿਲਾ ਹਾਕੀ ਟੀਮ ਨੂੰ ਪੂਲ-ਏ ਵਿਚ ਜਗ੍ਹਾ ਮਿਲੀ ਹੈ, ਜਿਥੇ ਉਸ ਦੇ ਨਾਲ ਇੰਗਲੈਂਡ, ਮਲੇਸ਼ੀਆ, ਦੱਖਣੀ ਅਫਰੀਕਾ ਤੇ ਵੇਲਸ ਦੀਆਂ ਟੀਮਾਂ ਸ਼ਾਮਲ ਹਨ।
ਗਰੁੱਪ ਦੀ ਹਰੇਕ ਟੀਮ 5 ਤੋਂ 11 ਅਪ੍ਰੈਲ ਤਕ ਚੱਲਣ ਵਾਲੇ ਸ਼ੁਰੂਆਤੀ ਰਾਊਂਡ ਵਿਚ ਇਕ-ਦੂਜੇ ਵਿਰੁੱਧ ਖੇਡਣ ਉਤਰੇਗੀ, ਜਿਸ ਤੋਂ ਬਾਅਦ ਗਰੁੱਪ ਤੋਂ ਦੋ ਚੋਟੀ ਦੀਆਂ ਟੀਮਾਂ ਨੂੰ ਸੈਮੀਫਾਈਨਲ ਵਿਚ ਜਗ੍ਹਾ ਮਿਲੇਗੀ। ਤਮਗਾ ਮੈਚ 12 ਤੋਂ 14 ਅਪ੍ਰੈਲ ਤਕ ਹੋਣਗੇ। 
ਭਾਰਤ ਦੀ ਮਹਿਲਾ ਹਾਕੀ ਟੀਮ ਜਿਥੇ 5 ਅਪ੍ਰੈਲ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਵੇਲਸ ਵਿਰੁੱਧ ਕਰੇਗੀ, ਉਥੇ ਹੀ ਪੁਰਸ਼ ਟੀਮ ਦਾ ਗਰੁੱਪ-ਬੀ ਮੈਚ 7 ਅਪ੍ਰੈਲ ਨੂੰ ਹਾਈ ਵੋਲਟੇਜ ਤਰੀਕੇ ਨਾਲ ਪਾਕਿਸਤਾਨ ਵਿਰੁੱਧ ਸ਼ੁਰੂ ਹੋਵੇਗਾ। 
ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਮੰਗਲਵਾਰ 10-10 ਟੀਮਾਂ ਦੀ ਮਹਿਲਾ ਤੇ ਪੁਰਸ਼ ਚੈਂਪੀਅਨਸ਼ਿਪ ਦਾ ਐਲਾਨ ਕੀਤਾ, ਜਿਸ ਵਿਚ ਦੋਵਾਂ ਵਰਗਾਂ ਦੀਆਂ ਸਾਰੀਆਂ ਟੀਮਾਂ ਨੂੰ 5-5 ਟੀਮਾਂ ਦੇ 2-2 ਗਰੁੱਪਾਂ 'ਚ ਵੰਡਿਆ ਗਿਆ ਹੈ। ਇਨ੍ਹਾਂ ਟੀਮਾਂ ਨੂੰ ਉਨ੍ਹਾਂ ਦੀ ਰੈਂਕਿੰਗ ਦੇ ਆਧਾਰ 'ਤੇ ਗਰੁੱਪਾਂ 'ਚ ਰੱਖਿਆ ਗਿਆ ਹੈ। ਭਾਰਤੀ ਟੀਮ ਨੇ ਇਕੋ ਵਾਰ ਸਾਲ 2002 'ਚ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ। 
ਅਸੀਂ ਚੁਣੌਤੀ ਲਈ ਤਿਆਰ : ਮਰੀਨੇ
ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਸ਼ੂਆਰਡ ਮਰੀਨੇ ਨੇ ਕਿਹਾ ਕਿ ਪੂਲ-ਬੀ ਕਾਫੀ ਮੁਸ਼ਕਿਲ ਹੈ ਪਰ ਅਸੀਂ ਚੁਣੌਤੀ ਲਈ ਤਿਆਰ ਹਾਂ। ਅਸੀਂ ਭੁਵਨੇਸ਼ਵਰ 'ਚ ਇੰਗਲੈਂਡ ਤੇ ਆਸਟ੍ਰੇਲੀਆ ਵਿਰੁੱਧ ਖੇਡਣ ਵਾਲੇ ਹਾਂ ਤੇ ਇਹ ਤਜਰਬਾ ਸਾਡੇ ਕੰਮ ਆਵੇਗਾ। ਹਰ ਗਰੁੱਪ 'ਚੋਂ ਦੋ ਟੀਮਾਂ ਸੈਮੀਫਾਈਨਲ 'ਚ ਜਾਣਗੀਆਂ ਤਾਂ ਸਾਡੇ ਲਈ ਹਰ ਮੈਚ ਕਾਫੀ ਮੁਸ਼ਕਿਲ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਵਿਚ ਆਸਟ੍ਰੇਲੀਆ ਵਿਰੁੱਧ 2014 ਤੇ 2010 'ਚ ਫਾਈਨਲ ਵਿਚ ਹਾਰ ਚੁੱਕੀ ਹੈ।


Related News