ਹਾਕੀ ''ਚ ਭਾਰਤ-ਪਾਕਿ ਅੱਜ ਫਿਰ ਆਹਮੋ-ਸਾਹਮਣੇ

06/24/2017 3:49:43 AM

ਲੰਡਨ— ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਖੇਡ ਸੰਬੰਧ ਬੇਸ਼ੱਕ ਟੁੱਟੇ ਹੋਏ ਹੋਣ ਪਰ ਦੋਵੇਂ ਦੇਸ਼ਾਂ ਦੀਆਂ ਟੀਮਾਂ ਵਿਚਾਲੇ ਵਿਦੇਸ਼ੀ ਧਰਤੀ 'ਤੇ ਭਿੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਸ਼ਨੀਵਾਰ ਨੂੰ ਦੂਜੀ ਵਾਰ ਭਾਰਤੀ ਹਾਕੀ ਟੀਮ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਵਰਲਡ ਹਾਕੀ ਲੀਗ ਸੈਮੀਫਾਈਨਲਜ਼ ਵਿਚ 5ਵੇਂ ਤੋਂ 8ਵੇਂ ਸਥਾਨ ਦੇ ਮੁਕਾਬਲੇ ਲਈ ਭਿੜਨਗੀਆਂ।
ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇੰਗਲੈਂਡ ਵਿਚ ਹੋਈ ਆਈ.ਸੀ.ਸੀ. ਚੈਂਪੀਅਨਸ ਟਰਾਫੀ ਵਿਚ ਦੋ ਵਾਰ ਭਿੜੀਆਂ। ਭਾਰਤ ਨੇ ਗਰੁੱਪ ਮੈਚ ਵਿਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਪਰ ਫਾਈਨਲ ਵਿਚ ਉਸ ਨੂੰ ਪਾਕਿਸਤਾਨ ਹੱਥੋਂ 180 ਦੌੜਾਂ ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਲੰਡਨ ਵਿਚ ਚਲ ਰਹੇ ਐੱਫ.ਆਈ.ਐੱਚ. ਵਰਲਡ ਲੀਗ ਹਾਕੀ ਸੈਮੀਫਾਈਨਲ ਵਿਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਗਰੁੱਪ ਮੈਚ ਵਿਚ ਭਿੜੀਆਂ ਸਨ ਤੇ ਤਦ ਭਾਰਤ ਨੇ 7-1 ਦੀ ਵੱਡੀ ਜਿੱਤ ਹਾਸਲ ਕੀਤੀ ਸੀ। ਭਾਰਤ ਨੂੰ ਇਹ ਜਿੱਤ ਉਸੇ ਦਿਨ ਮਿਲੀ ਸੀ, ਜਿਸ ਦਿਨ ਕ੍ਰਿਕਟ ਵਿਚ ਟੀਮ ਇੰਡੀਆ ਫਾਈਨਲ ਵਿਚ ਹਾਰ ਕੇ ਪਾਕਿਸਤਾਨ ਨੂੰ ਚੈਂਪੀਅਨ ਬਣਾ ਬੈਠੀ ਸੀ।
ਭਾਰਤੀ ਹਾਕੀ ਟੀਮ ਦੀ ਵਰਲਡ ਲੀਗ ਸੈਮੀਫਾਈਨਲ ਵਿਚ ਸੁਨਹਿਰੀ ਮੁਹਿੰਮ ਮਲੇਸ਼ੀਆ ਹੱਥੋਂ ਹਾਰਨ ਨਾਲ ਟੁੱਟ ਗਈ ਤੇ ਹੁਣ ਉਹ ਪੰਜਵੇਂ ਤੋਂ ਅੱਠਵੇਂ ਸਥਾਨ ਦੇ ਮੁਕਾਬਲੇ ਲਈ ਸ਼ਨੀਵਾਰ ਨੂੰ ਇਥੇ ਪੁਰਾਣੇ ਵਿਰੋਧੀ ਪਾਕਿਸਤਾਨ ਦੇ ਸਾਹਮਣੇ ਉਤਰੇਗੀ, ਜਿਹੜੀ ਇਸ ਟੂਰਨਾਮੈਂਟ 'ਚ ਦੋਵਾਂ ਟੀਮਾਂ ਵਿਚਾਲੇ ਦੂਜੀ ਟੱਕਰ ਹੈ।


Related News