ਫੈਸਲਾਕੁੰਨ ਜੰਗ ਲਈ ਉਤਰਨਗੇ ਭਾਰਤ ਤੇ ਆਸਟ੍ਰੇਲੀਆ

Friday, October 13, 2017 1:24 AM
ਫੈਸਲਾਕੁੰਨ ਜੰਗ ਲਈ ਉਤਰਨਗੇ ਭਾਰਤ ਤੇ ਆਸਟ੍ਰੇਲੀਆ

ਹੈਦਰਾਬਾਦ— ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਦੇ ਸਭ ਤੋਂ ਫਟਾਫਟ ਸਵਰੂਪ ਟੀ-20 ਵਿਚ ਆਖਰੀ ਜੰਗ ਦੀ ਵਾਰੀ ਆ ਗਈ ਹੈ ਤੇ ਦੋਵਾਂ ਵਿਚਾਲੇ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਤੇ ਆਖਰੀ ਮੈਚ ਨਾਲ ਸੀਰੀਜ਼ ਦਾ ਫੈਸਲਾ ਹੋਵੇਗਾ। ਭਾਰਤ ਨੇ ਰਾਂਚੀ ਵਿਚ ਮੀਂਹ ਪ੍ਰਭਾਵਿਤ ਪਹਿਲਾ ਮੈਚ 9 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਆਸਟ੍ਰੇਲੀਆ ਨੇ ਜਵਾਬੀ ਹਮਲਾ ਕਰਦਿਆਂ ਗੁਹਾਟੀ ਵਿਚ ਦੂਜਾ ਮੈਚ 8 ਵਿਕਟਾਂ ਨਾਲ ਜਿੱਤ ਕੇ ਲੜੀ ਵਿਚ 1-1 ਨਾਲ ਬਰਾਬਰੀ ਕਰ ਲਈ ਸੀ। ਹੈਦਰਾਬਾਦ ਵਿਚ ਹੁਣ ਲੜੀ ਦਾ ਫੈਸਲਾ ਹੋਣਾ ਹੈ। ਆਸਟ੍ਰੇਲੀਆ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਇਸ ਮੈਚ ਨੂੰ ਜਿੱਤੇ ਤੇ ਦੌਰੇ ਦੀ ਸਮਾਪਤੀ ਜਿੱਤ ਨਾਲ ਕਰੇ ਅਤੇ ਭਾਰਤ ਤੋਂ ਇਕ ਦਿਨਾ ਸੀਰੀਜ਼ ਦੀ ਹਾਰ ਦਾ ਬਦਲਾ ਲਵੇ।
ਭਾਰਤੀ ਟੀਮ ਗੁਹਾਟੀ ਵਿਚ ਦੂਜੇ ਮੈਚ ਵਿਚ ਆਪਣੀ ਲੈਅ ਤੋਂ ਭਟਕ ਗਈ ਸੀ, ਜਿਸ ਦਾ ਨਤੀਜਾ  ਉਸ ਨੂੰ ਕਰਾਰੀ ਹਾਰ ਨਾਲ ਭੁਗਤਣਾ ਪਿਆ ਸੀ। ਭਾਰਤੀ ਬੱਲੇਬਾਜ਼ਾਂ ਨੇ ਗੈਰ-ਜ਼ਿੰਮੇਦਾਰਾਨਾ ਅੰਦਾਜ਼ ਵਿਚ ਆਪਣੀਆਂ ਵਿਕਟਾਂ ਗੁਆਈਆਂ ਸਨ ਤੇ ਕਿਸੇ ਨੇ ਵੀ ਪਿੱਚ ਦੇ ਮਿਜਾਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।  ਲੰਬੇ ਸਮੇਂ ਬਾਅਦ ਅਜਿਹਾ ਦੇਖਣ ਵਿਚ ਆਇਆ ਸੀ ਕਿ ਭਾਰਤ ਦੇ ਚੋਟੀ ਦੇ ਚਾਰ ਬੱਲੇਬਾਜ਼ ਇਕ ਹੀ ਗੇਂਦਬਾਜ਼ ਤੋਂ ਆਊਟ ਹੋਏ। ਭਾਰਤੀ ਬੱਲੇਬਾਜ਼ਾਂ ਕੋਲ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੈਸਨ ਬਹਿਰਨਡਰੌਫ ਦੀਆਂ ਗੇਂਦਾਂ ਦਾ ਕੋਈ ਜਵਾਬ ਨਹੀਂ ਸੀ।
ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ, ਮਨੀਸ਼ ਪਾਂਡੇ ਤੇ ਸ਼ਿਖਰ ਧਵਨ ਵਰਗੇ ਧਾਕੜ  ਆਪਣਾ ਦੂਜਾ ਟੀ -20 ਮੈਚ ਖੇਡ ਰਹੇ ਬਹਿਰਨਡਰੌਫ  ਦਾ ਸ਼ਿਕਾਰ ਹੋਏ। ਇਹ  ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਵੇਂ ਇਹ ਚਾਰ ਧਾਕੜ ਬੱਲੇਬਾਜ਼  ਇਕ ਹੀ ਗੇਂਦਬਾਜ਼ ਦਾ ਸ਼ਿਕਾਰ ਹੋਏ। ਦੋਵੇਂ ਟੀਮਾਂ ਵਿਚਾਲੇ ਹੋਏ ਦੋ ਟੀ-20 ਮੈਚਾਂ ਵਿਚ ਇਕ ਦਿਲਚਸਪ ਤੱਥ ਹੈ ਕਿ ਜਿੱਥੇ ਪਹਿਲੇ ਮੈਚ ਵਿਚ ਆਸਟ੍ਰੇਲੀਆ ਨੇ 118 ਦੌੜਾਂ ਬਣਾਈਆਂ ਸਨ ਤਾਂ ਉਥੇ ਹੀ ਦੂਜੇ ਮੈਚ ਵਿਚ ਭਾਰਤ ਨੇ 118 ਦੌੜਾਂ ਬਣਾਈਆਂ ਸਨ। ਫਟਾਫਟ ਕ੍ਰਿਕਟ ਦੇ ਮਹਾਰਥੀਆਂ ਨਾਲ ਭਰੀਆਂ ਦੋਵੇਂ ਟੀਮਾਂ ਤੋਂ ਇੰਨੇ ਛੋਟੇ ਸਕੋਰ ਦੇ ਮੈਚ ਦੇਖਣਾ ਹੈਰਾਨੀਜਨਕ ਹੈ। ਪਹਿਲਾਂ ਆਸਟ੍ਰੇਲੀਆ ਨੂੰ ਪਹਿਲੇ ਮੈਚ ਵਿਚ ਸੰਘਰਸ਼ ਕਰਨਾ ਪਿਆ ਸੀ ਜਦਕਿ ਦੂਜੇ ਮੈਚ ਵਿਚ ਭਾਰਤ ਨੂੰ ਸੰਘਰਸ਼ ਕਰਨਾ ਪਿਆ ਸੀ।
ਭਾਰਤੀ ਕਪਤਾਨ ਵਿਰਾਟ ਨੂੰ ਇਸ ਗੱਲ ਤੋਂ ਚੌਕਸ ਰਹਿਣਾ ਪਵੇਗਾ ਕਿ ਉਹ ਵਿਰੋਧੀ ਕਪਤਾਨ ਵਾਰਨਰ ਦੇ ਦੂਜੇ ਘਰ ਹੈਦਰਾਬਾਦ ਵਿਚ ਖੇਡ ਰਿਹਾ ਹੈ। ਵਾਰਨਰ ਆਈ. ਪੀ. ਐੱਲ. ਟੀਮ ਸਨਰਾਈਜ਼ਰਜ਼ ਹੈਦਰਾਬਾਦ ਦਾ ਕਪਤਾਨ ਰਿਹਾ ਹੈ ਤੇ ਇਸ ਮੈਦਾਨ ਨੂੰ ਬਿਹਤਰ ਜਾਣਦਾ ਹੈ। ਦੂਜਾ ਮੈਚ ਜਿੱਤਣ ਤੋਂ ਬਾਅਦ ਵਾਰਨਰ ਐਂਡ ਕੰਪਨੀ ਦਾ ਹੌਸਲਾ ਪਹਿਲੇ ਨਾਲੋਂ ਬੁਲੰਦ ਹੋ ਗਿਆ ਹੋਵੇਗਾ ਤੇ ਬਹਿਰਨਡਰੌਫ ਦੀਆਂ ਗੇਂਦਾਂ ਤੋਂ ਮਿਲੇ ਟਾਨਿਕ ਦੇ ਦਮ 'ਤੇ ਉਹ ਸੀਰੀਜ਼ ਜਿੱਤਣ ਲਈ ਪੂਰਾ ਜ਼ੋਰ ਲਗਾ ਦੇਵੇਗੀ।
ਇਕ ਦਿਨਾ ਸੀਰੀਜ਼ ਵਿਚ ਵੀ ਅਜਿਹੀ ਸਥਿਤੀ ਆਈ ਸੀ ਜਦੋਂ ਆਸਟ੍ਰੇਲੀਆ ਨੇ ਚੌਥਾ ਵਨ ਡੇ ਜਿੱਤ ਕੇ ਭਾਰਤ ਨੂੰ ਹੈਰਾਨ ਕਰ ਦਿੱਤਾ ਸੀ ਪਰ ਵਿਰਾਟ ਸੈਨਾ ਨੇ ਪੰਜਵੇਂ ਮੈਚ ਵਿਚ ਜਵਾਬੀ ਹਮਲਾ ਕਰਦਿਆਂ ਆਸਟ੍ਰੇਲੀਆ ਨੂੰ  ਹਰਾ ਦਿੱਤਾ ਸੀ ਤੇ ਸੀਰੀਜ਼ 4-1 ਨਾਲ ਜਿੱਤ ਲਈ। ਠੀਕ ਇਹੀ ਸਥਿਤੀ ਹੁਣ ਟੀ-20 ਸੀਰੀਜ਼ ਵਿਚ ਵੀ ਆ ਗਈ ਹੈ ਤੇ ਭਾਰਤ ਨੂੰ ਜਵਾਬੀ ਹਮਲਾ ਕਰਨਾ ਪਵੇਗਾ। ਗੁਹਾਟੀ ਦੀ ਹਾਰ ਤੋਂ ਬਾਅਦ ਕਿਹਾ ਗਿਆ ਸੀ ਕਿ ਭਾਰਤ ਦਾ ਦਿਨ ਖਰਾਬ ਸੀ, ਜਦੋਂ ਨਾ ਤਾਂ ਬੱਲੇਬਾਜ਼ ਚੱਲੇ ਤੇ ਨਾ ਹੀ ਉਸਦੇ ਗੇਂਦਬਾਜ਼ ਚੱਲੇ। ਵਿਰਾਟ ਦੀ ਸਫਲ ਕਪਤਾਨੀ ਵੀ ਉਸ ਮੈਚ ਵਿਚ ਉਖੜ ਗਈ ਸੀ। ਹੁਣ ਵਿਰਾਟ ਐਂਡ ਕੰਪਨੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਅਸਲ ਵਿਚ ਉਹ ਦਿਨ ਟੀਮ ਇੰਡੀਆ ਲਈ ਖਰਾਬ ਸੀ ਤੇ ਹੁਣ ਟੀਮ ਉਸ ਝਟਕੇ ਤੋਂ ਉਭਰ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹੈ। 
ਦੀਵਾਲੀ ਇਸ ਮੈਚ ਤੋਂ ਸਿਰਫ 6 ਦਿਨ ਦੂਰ ਹੈ ਤੇ ਦੇਸ਼ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਵਿਰਾਟ ਸੈਨਾ ਉਨ੍ਹਾਂ ਨੂੰ ਕੱਲ ਦੀ ਦੀਵਾਲੀ ਦਾ ਜਸ਼ਨ ਮਨਾਉਣ ਦਾ ਮੌਕਾ ਦੇਵੇਗੀ। ਸੁਪਰੀਮ ਕੋਰਟ ਨੇ ਬੇਸ਼ੱਕ ਪਟਾਕਿਆਂ 'ਤੇ ਬੈਨ ਲਗਾਇਆ ਹੈ ਪਰ ਭਾਰਤੀ ਬੱਲੇਬਾਜ਼ਾਂ ਦੇ ਬੱਲੇ ਤੋਂ ਚੌਕੇ-ਛੱਕਿਆਂ ਦੇ ਰੂਪ ਵਿਚ ਪਟਾਕੇ ਜੰਮ ਕੇ ਚੱਲਣੇ ਚਾਹੀਦੇ ਹਨ ਤਾਂ ਕਿ ਕੱਲ ਦੀ ਰਾਤ ਦੀਵਾਲੀ ਦੀ ਰਾਤ ਬਣ ਜਾਵੇ।