ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ

10/17/2017 6:41:31 AM

ਹੁਸ਼ਿਆਰਪੁਰ, (ਘੁੰਮਣ)- ਅੱਜ ਇਥੇ ਮਗਨਰੇਗਾ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਸੀ. ਟੀ. ਯੂ. ਦੇ ਝੰਡੇ ਹੇਠ ਉਸਾਰੀ ਮਜ਼ਦੂਰਾਂ, ਮਗਨਰੇਗਾ ਮਜ਼ਦੂਰਾਂ ਨੇ ਭੱਖਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਗ੍ਰੀਨਵਿਊ ਪਾਰਕ ਵਿਖੇ ਭਾਰੀ ਇਕੱਠ ਕੀਤਾ, ਜਿਸ ਦੀ ਅਗਵਾਈ ਸੀਟੂ ਦੇ ਆਗੂ ਕਾ. ਮਹਿੰਦਰ ਕੁਮਾਰ ਬੱਢੋਆਣਾ ਅਤੇ ਸੀ. ਟੀ. ਯੂ. ਦੇ ਆਗੂ ਕਾ. ਗੰਗਾ ਪ੍ਰਸ਼ਾਦ ਤੋਂ ਇਲਾਵਾ ਸੋਮਨਾਥ ਸਤਨੌਰ, ਮਨਜੀਤ ਕੌਰ, ਸੰਜੀਵ ਕੁਮਾਰ, ਮਲਕੀਤ ਸਿੰਘ, ਦਲਬੀਰ ਸਿੰਘ, ਰਿੰਕੂ ਥਾਪਰ, ਜਸਵਿੰਦਰ ਸਿੰਘ ਅਤੇ ਬਲਵੀਰ ਸਿੰਘ, ਸਤੀਸ਼ ਰਾਣਾ ਤੇ ਰਾਜੇਸ਼ ਕੁਮਾਰ ਨੇ ਕੀਤੀ। ਇਸ ਮੌਕੇ ਗ੍ਰੀਨਵਿਊ ਪਾਰਕ ਤੋਂ ਸ਼ਹਿਰ ਅੰਦਰ ਰੋਸ ਮਾਰਚ ਕਰ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਲਾਇਆ ਗਿਆ। 
ਪ੍ਰਸ਼ਾਸਨ ਵੱਲੋਂ ਜਦੋਂ ਕੋਈ ਅਧਿਕਾਰੀ ਮੰਗ-ਪੱਤਰ ਲੈਣ ਲਈ ਨਹੀਂ ਆਇਆ ਤਾਂ ਰੋਹ ਵਿਚ ਆਏ ਮਜ਼ਦੂਰਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੰਦਰ ਦਾਖਲ ਹੋ ਕੇ ਮੁੱਖ ਦਰਵਾਜ਼ੇ ਅੱਗੇ ਧਰਨਾ ਲਾ ਦਿੱਤਾ ਅਤੇ ਡੀ. ਐੱਸ. ਪੀ. ਨੂੰ ਮੰਗ-ਪੱਤਰ ਦੇ ਦਿੱਤਾ। ਇਸ ਮੌਕੇ ਮਜ਼ਦੂਰਾਂ ਨੇ ਸਿਵਲ ਪ੍ਰਸ਼ਾਸਨ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਵੱਲੋਂ ਮੰਗ ਕੀਤੀ ਗਈ ਕਿ ਮਗਨਰੇਗਾ ਮਜ਼ਦੂਰਾਂ ਤੇ ਉਸਾਰੀ ਵਰਕਰਾਂ ਦੀ ਲੇਬਰ ਵਿਭਾਗ ਵੱਲੋਂ ਖੱਜਲ-ਖੁਆਰੀ ਬੰਦ ਕੀਤੀ ਜਾਵੇ, ਮਗਨਰੇਗਾ ਮਜ਼ਦੂਰਾਂ ਨੂੰ ਮੁੜ ਉਸਾਰੀ ਵਰਕਰਾਂ 'ਚ ਸ਼ਾਮਲ ਕੀਤਾ ਜਾਵੇ, ਬਲਾਕ ਪੱਧਰ 'ਤੇ ਲੇਬਰ ਦਫ਼ਤਰ ਖੋਲ੍ਹ ਕੇ ਲਾਭਪਾਤਰੀਆਂ ਨੂੰ ਲਾਭ ਦਿੱਤੇ ਜਾਣ, ਸਾਰੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਉਸਾਰੀ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਪਲਾਟਾਂ ਲਈ ਭਰੇ ਜਾਣ ਵਾਲੇ ਫਾਰਮਾਂ ਦੀ ਤਰੀਕ 'ਚ ਵਾਧਾ ਕੀਤਾ ਜਾਵੇ, ਅੰਤਰਰਾਜੀ ਮਜ਼ਦੂਰਾਂ ਅਤੇ ਕੰਮ ਕਰਦੀਆਂ ਔਰਤਾਂ ਨੂੰ ਪਹਿਲ ਦੇ ਆਧਾਰ 'ਤੇ ਰਜਿਸਟਰਡ ਕੀਤਾ ਜਾਵੇ, ਪੀਣ ਵਾਲੇ ਪਾਣੀ ਦੀਆਂ ਸਰਕਾਰੀ ਟੂਟੀਆਂ ਦੇ ਬਿੱਲ ਮੁਆਫ਼ ਕੀਤੇ ਜਾਣ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ। 
ਅੱਜ ਦੇ ਧਰਨੇ ਨੂੰ ਉਕਤ ਆਗੂਆਂ ਤੋਂ ਇਲਾਵਾ ਗੁਰਮੇਲ ਸਿੰਘ, ਸਤਿਆ ਦੇਵੀ, ਰਜਿੰਦਰ ਕੌਰ, ਰਾਜ ਕੁਮਾਰੀ, ਕੁਲਦੀਪ ਕੌਰ, ਸਿਮਰਨਜੀਤ ਕੌਰ, ਮਲਕੀਤ ਕੌਰ, ਬਲਵੀਰ ਕੌਰ, ਮਹਿੰਦਰ ਕੌਰ, ਸਲੋਚਨਾ ਦੇਵੀ, ਕੁਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।


Related News