ਬੇਟੀ ਦੀ ਹੱਤਿਆ ਕਰਨ ਵਾਲੀ ਨੂੰ ਉਮਰਕੈਦ

12/13/2017 7:31:51 AM

ਚੰਡੀਗੜ੍ਹ, (ਸੰਦੀਪ)- ਆਪਣੀ 3 ਸਾਲਾ ਮਾਸੂਮ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਦੋਸ਼ੀ ਮਾਂ ਮੰਜੂ ਦੇਵੀ ਨੂੰ ਉਮਰਕੈਦ ਦੀ ਸਖਤ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਉਸ 'ਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ।
ਸਾਰੰਗਪੁਰ ਥਾਣਾ ਪੁਲਸ ਨੇ ਪਿਛਲੇ ਸਾਲ ਮੰਜੂ ਖਿਲਾਫ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ। ਅਪ੍ਰੈਲ 2016 ਨੂੰ ਸਾਰੰਗਪੁਰ ਤੋਂ ਲਾਪਤਾ ਹੋਈ 3 ਸਾਲਾ ਬੱਚੀ ਦੀ ਲਾਸ਼ ਸ਼ੱਕੀ ਹਾਲਾਤ 'ਚ ਇੰਡਸਟ੍ਰੀਅਲ ਏਰੀਆ ਫੇਜ਼-2 'ਚ ਇਕ ਬੋਰੀ 'ਚੋਂ ਮਿਲੀ ਸੀ। ਪੁਲਸ ਨੇ ਜਾਂਚ ਦੌਰਾਨ ਬੱਚੀ ਦੀ ਪਛਾਣ ਸਾਰੰਗਪੁਰ ਦੀ ਪੀਹੂ ਵਜੋਂ ਕੀਤੀ ਸੀ। 
ਪੁਲਸ ਨੇ ਜਾਂਚ-ਪੜਤਾਲ ਦੇ ਆਧਾਰ 'ਤੇ ਮਾਮਲੇ 'ਚ ਉਸਦੀ ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਉਸਨੇ ਕਬੂਲਿਆ ਸੀ ਕਿ ਉਸਨੇ ਬੱਚੀ ਦੀ ਘਰ 'ਚ ਹੱਤਿਆ ਕਰਨ ਦੇ ਬਾਅਦ ਉਸਨੂੰ ਬੋਰੀ 'ਚ ਪਾ ਕੇ ਇੰਡਸਟ੍ਰੀਅਲ ਏਰੀਏ 'ਚ ਸੁੱਟ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਉਸਦੇ ਖਿਲਾਫ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ।
ਪੁਲਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਮੰਜੂ ਦੇਵੀ ਦੇ ਚਾਰ ਬੱਚੇ ਸਨ, ਇਨ੍ਹਾਂ 'ਚ ਸਭ ਤੋਂ ਵੱਡੀ ਬੇਟੀ ਦੇ ਬਾਅਦ ਦੋ ਬੇਟੇ ਸਨ। ਤਿੰਨ ਸਾਲਾ ਪੀਹੂ ਸਭ ਤੋਂ ਛੋਟੀ ਸੀ। ਪੁੱਛਗਿੱਛ 'ਚ ਮੰਜੂ ਨੇ ਦੱਸਿਆ ਕਿ ਉਹ ਅਕਸਰ ਡਿਪ੍ਰੈਸ਼ਨ 'ਚ ਰਹਿੰਦੀ ਸੀ ਕਿ ਦੋ-ਦੋ ਬੇਟੀਆਂ ਦਾ ਖਰਚ ਉਹ ਕਿਵੇਂ ਚੁੱਕੇਗੀ ਤੇ ਕਿਵੇਂ ਉਨ੍ਹਾਂ ਦਾ ਵਿਆਹ ਕਰੇਗੀ। ਇਸ ਤੋਂ ਬਾਅਦ ਉਸਨੇ ਛੋਟੀ ਬੇਟੀ ਦੀ 11 ਅਪ੍ਰੈਲ ਨੂੰ ਉਸਦਾ ਮੂੰਹ ਦਬਾ ਕੇ ਹੱਤਿਆ ਕਰ ਦਿੱਤੀ।


Related News