ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਦੋਸ਼ੀ ਅੱਤਵਾਦੀ ਹਰਮਿੰਦਰ ਮਿੰਟੂ ਵਿਸਫੋਟਕ ਸਮੱਗਰੀ ਬਰਾਮਦਗੀ ਮਾਮਲੇ ''ਚ ਬਰੀ

04/28/2017 11:47:42 AM

ਲੁਧਿਆਣਾ (ਮਹਿਰਾ) : ਬਹੁ-ਚਰਚਿਤ ਨਾਭਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨੂੰ ਵਿਸਫੋਟਕ ਸਮੱਗਰੀ ਬਰਾਮਦਗੀ ਦੇ ਚੱਲ ਰਹੇ ਮਾਮਲੇ ''ਚ ਸਥਾਨਕ ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਰਕਾਰੀ ਧਿਰ ਮਿੰਟੂ ''ਤੇ ਲਾਏ ਦੋਸ਼ ਸਾਬਿਤ ਕਰਨ ਵਿਚ ਅਸਫਲ ਰਹੀ ਹੈ। ਅੱਤਵਾਦੀ ਮਿੰਟੂ ਨੂੰ ਥਾਣਾ ਸੁਧਾਰ ਵਿਚ 25 ਜਨਵਰੀ 2010 ਨੂੰ 3, 4, 5 ਐਕਸਪਲੋਸਿਵ ਐਕਟ ਤੇ 15, 16 ਗੈਰ-ਕਾਨੂੰਨੀ ਗਤੀਵਿਧੀਆਂ ਤਹਿਤ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਪੁਲਸ ਨੂੰ ਇਕ ਕਾਰ ਮਿਲੀ ਸੀ, ਜਿਸ ਵਿਚ ਬੰਬ ਬਣਾਉਣ ਦਾ ਸਾਮਾਨ ਬਰਾਮਦ ਹੋਇਆ ਸੀ। ਪੁਲਸ ਨੇ ਦੋਸ਼ ਲਾਇਆ ਸੀ ਕਿ ਉਪਰੋਕਤ ਕੰਮ ਅੱਤਵਾਦੀ ਮਿੰਟੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਹਾਲਾਂਕਿ ਇਸ ਮਾਮਲੇ ਵਿਚ ਮਿੰਟੂ ਤੋਂ ਇਲਾਵਾ ਬਾਕੀ ਦੋਸ਼ੀਆਂ ਨੂੰ ਤੁਰੰਤ ਵਧੀਕ ਸੈਸ਼ਨ ਜੱਜ ਐੱਚ. ਐੱਸ. ਗਰੇਵਾਲ ਦੀ ਅਦਾਲਤ ਨੇ ਚੱਲੇ ਕੇਸ ਦੌਰਾਨ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ਪਰ ਮਿੰਟੂ ਦੇ ਇਸ ਮਾਮਲੇ ਵਿਚ ਭਗੌੜਾ ਹੋ ਜਾਣ ਕਾਰਨ ਉਸ ''ਤੇ ਟਰਾਇਲ ਨਹੀਂ ਚੱਲ ਸਕਿਆ ਸੀ। ਬਾਅਦ ਵਿਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ''ਤੇ  ਮੁਕੱਦਮਾ ਚਲਾਇਆ ਗਿਆ।
ਅਦਾਲਤ ਵਿਚ ਜਦੋਂ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ  ਦਿੱਤਾ ਗਿਆ ਤਾਂ ਉਸ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸ਼ਰਨ ਲਈ ਸੀ ਤੇ ਹਾਈਕੋਰਟ ਨੇ ਵੀ ਉਸ ਨੂੰ ਜ਼ਮਾਨਤ ਨਾ ਦਿੰਦੇ ਹੋਏ ਸਥਾਨਕ ਅਦਾਲਤ ਨੂੰ ਉਸ ਦਾ ਕੇਸ 6 ਮਹੀਨਿਆਂ ਵਿਚ ਹੱਲ ਕਰਨ ਲਈ ਕਿਹਾ ਸੀ ਅਤੇ ਤੁਰੰਤ ਜੱਜ ਜਸਪਾਲ ਵਰਮਾ ਦੀ ਅਦਾਲਤ ਵਿਚ ਸਰਕਾਰੀ ਧਿਰ ਵੱਲੋਂ ਜਿਥੇ ਆਪਣੀਆਂ ਗਵਾਹੀਆਂ ਪੂਰੀਆਂ ਕਰ ਲਈਆਂ ਗਈਆਂ ਸਨ, ਉਥੇ ਹੀ ਮਿੰਟੂ ਨੇ ਆਪਣੀ ਗਵਾਹੀ ਦੌਰਾਨ ਉਸ ''ਤੇ ਲਾਏ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ। ਅਦਾਲਤ ਨੇ ਅੱਜ ਮੁਲਜ਼ਮ ਦੇ ਵਕੀਲ ਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੂੰ ਬਰੀ ਕਰ ਦਿੱਤਾ।


Gurminder Singh

Content Editor

Related News