ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਪਾਵਰਕਾਮ ਮੈਨੇਜਮੈਂਟ ਖਿਲਾਫ ਅਰਥੀ ਫੂਕ ਮੁਜ਼ਾਹਰਾ

12/09/2017 11:52:09 AM

ਗੁਰੂ ਕਾ ਬਾਗ/ਹਰਸ਼ਾ ਛੀਨਾ (ਰਾਕੇਸ਼/ਭੱਟੀ)- ਸਬ-ਸਟੇਸ਼ਨ ਕੁੱਕੜਾਂਵਾਲਾ ਵਿਖੇ ਸੂਬਾ ਕਮੇਟੀ ਦੇ ਸੱਦੇ 'ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਸਬ-ਯੂਨਿਟ ਹਰਸ਼ਾ ਛੀਨਾ ਦੇ ਮੀਤ ਪ੍ਰਧਾਨ ਸਾਥੀ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਾਵਰਕਾਮ ਮੈਨੇਜਮੈਂਟ ਦੀ ਵਾਅਦਾ-ਖਿਲਾਫੀ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੈਨੇਜਮੈਂਟ ਵੱਲੋਂ 14-11-17 ਨੂੰ ਜਥੇਬੰਦੀ ਨਾਲ ਕੀਤੀਆਂ ਸਹਿਮਤੀਆਂ ਤੋਂ ਭੱਜਣ ਕਰ ਕੇ ਸਰਕਾਰੀ ਥਰਮਲ ਪਲਾਂਟ ਬੰਦ ਕਰਨ, ਵਰਕਸ਼ਾਪਾਂ ਬੰਦ ਕਰਨ ਅਤੇ ਠੇਕਾ ਕਾਮਿਆਂ ਦੀ ਛਾਂਟੀ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ।
ਮੁਲਾਜ਼ਮਾਂ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ ਰੈਗੂਲਰ ਭਰਤੀ, ਨਿੱਜੀਕਰਨ ਬੰਦ ਕਰਨਾ, ਡਿਸਮਿਸ ਸਾਥੀਆਂ ਨੂੰ ਬਹਾਲ ਕਰਨਾ ਅਤੇ ਪੇ-ਬੈਂਡ ਅਤੇ ਸਕੇਲਾਂ ਦੀ ਸੁਧਾਈ ਤੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਸਰਕਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਵੱਲ ਧਿਆਨ ਦੇ ਕੇ ਤੁਰੰਤ ਹੱਲ ਕੀਤਾ ਜਾਵੇ। ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਬਿਜਲੀ ਕਾਮੇ 15 ਦਸੰਬਰ ਤੱਕ ਵਰਕ ਟੂ ਰੂਲ ਤਹਿਤ ਮੁਕੰਮਲ ਇਕ ਰੋਜ਼ਾ ਹੜਤਾਲ ਕਰਨਗੇ, ਜਦ ਕਿ 14 ਦਸੰਬਰ ਨੂੰ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਵਿਰੁੱਧ ਡੀ. ਸੀ. ਦਫਤਰ ਬਠਿੰਡਾ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਤੇ ਇਸ ਸੰਘਰਸ਼ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਬਲਦੇਵ ਸਿੰਘ, ਜਰਨੈਲ ਸਿੰਘ ਸੈਂਸਰਾ, ਬਲਜੀਤ ਸਿੰਘ ਤੇੜਾ, ਕੁਲਵਿੰਦਰ ਸਿੰਘ ਭੋਮਾ, ਸੁਖਪਾਲ ਸਿੰਘ ਮਜੀਠਾ ਤੇ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ ਤੋਂ ਇਲਾਵਾ ਹੋਰ ਮੁਲਾਜ਼ਮ ਹਾਜ਼ਰ ਸਨ।


Related News