ਨਸ਼ੀਲੀਆਂ ਗੋਲੀਆਂ ਵੇਚਣ ਵਾਲਾ ਦੁਕਾਨਦਾਰ ਤੇ ਸਪਲਾਇਰ ਗ੍ਰਿਫਤਾਰ

07/17/2017 7:23:41 AM

ਲਾਂਬੜਾ, (ਵਰਿੰਦਰ)- ਪਿਛਲੇ ਕਰੀਬ ਦੋ ਸਾਲਾਂ ਤੋਂ ਲਾਂਬੜਾ ਇਲਾਕੇ ਦੇ ਪਿੰਡਾਂ ਵਿਚ ਅਨੇਕਾਂ ਨਸ਼ੇੜੀਆਂ ਨੂੰ ਨਸ਼ੀਲੀਆਂ ਗੋਲੀਆਂ ਆਦਿ ਵੱਧ ਮੁਨਾਫੇ 'ਤੇ ਵੇਚਣ ਵਾਲੇ ਸਪਲਾਇਰ ਅਤੇ ਜਿਸ ਦਵਾਈਆਂ ਦੀ ਦੁਕਾਨ ਤੋਂ ਇਹ ਨਸ਼ੀਲੀਆਂ ਦਵਾਈਆਂ ਖਰੀਦ ਕੇ ਲਿਆਉਂਦਾ ਸੀ ਉਸ ਦੁਕਾਨ ਦੇ ਮਾਲਕ ਨੂੰ ਸਥਾਨਕ ਪੁਲਸ ਵਲੋਂ ਵੱਖ-ਵੱਖ ਸਥਾਨਾਂ ਤੋਂ 140 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇਥੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਪਿੰਡ ਰਾਮਪੁਰ ਨੇੜੇ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 75 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਪਵਨ ਕੁਮਾਰ ਉਰਫ ਲਾਲਾ ਪੁੱਤਰ ਪਰਮਜੀਤ ਵਾਸੀ ਪਿੰਡ ਭਗਵਾਨਪੁਰ ਵਜੋਂ ਦੱਸੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਵਨ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਇਲਾਕੇ ਵਿਚ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ। ਮੁਲਜ਼ਮ ਬੂਟਾ ਮੰਡੀ ਜਲੰਧਰ ਤੋਂ ਇਕ ਏ. ਆਰ. ਬ੍ਰਦਰ ਨਾਮਕ ਦਵਾਈਆਂ ਦੀ ਦੁਕਾਨ ਤੋਂ ਇਹ ਨਸ਼ੀਲੀਆਂ ਦਵਾਈਆਂ ਖਰੀਦ ਕੇ ਅੱਗੇ ਇਲਾਕੇ ਵਿਚ ਵੇਚ ਦਿੰਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਦਵਾਈਆਂ ਦੀ ਦੁਕਾਨ ਦਾ ਮਾਲਕ ਚਰਨਜੀਤ ਪੁੱਤਰ ਬਿਹਾਰੀ ਲਾਲ ਵਾਸੀ ਅਸ਼ੋਕ ਨਗਰ ਡਵੀਜ਼ਨ ਨੰ. 3 ਜਲੰਧਰ ਜੋ ਨਸ਼ੀਲਾ ਪਾਊਡਰ ਵੇਚਣ ਲਈ ਲਾਂਬੜਾ ਵੱਲ ਆ ਰਿਹਾ ਸੀ। ਪੁਲਸ ਨੇ ਉਸ ਨੂੰ ਪਿੰਡ ਬਾਦਸ਼ਾਹਪੁਰ ਨੇੜਿਓਂ 65 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਵਲੋਂ ਕਾਬੂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ  ਗਈ ਸੀ।


Related News