ਕਬੀਰ ਨਗਰ ਦੇ ਸਕੂਲ ''ਚ ਭਰਿਆ ਸੀਵਰੇਜ ਦਾ ਪਾਣੀ

07/23/2017 7:02:09 AM

ਜਲੰਧਰ, (ਖੁਰਾਣਾ)- ਵੈਸੇ ਤਾਂ ਇਸ ਸਮੇਂ ਪੂਰੇ ਸ਼ਹਿਰ ਵਿਚ ਹੀ ਸੀਵਰੇਜ ਵਿਵਸਥਾ ਦਾ ਬੁਰਾ ਹਾਲ ਹੈ ਪਰ ਉੱਤਰੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਕਈ ਵਾਰਡਾਂ ਵਿਚ ਇਹ ਸਮੱਸਿਆ ਕਾਫੀ ਗੰਭੀਰ ਹੈ, ਜਿਨ੍ਹਾਂ ਵਿਚ ਕਬੀਰ ਨਗਰ ਵੀ ਸ਼ਾਮਲ ਹੈ। ਕਬੀਰ ਨਗਰ ਦੀਆਂ ਜ਼ਿਆਦਾਤਰ ਗਲੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਕਬੀਰ ਨਗਰ ਦੀ ਗਲੀ ਨੰਬਰ-1 ਵਿਚ ਸਥਿਤ ਨਿਊ ਮਾਡਲ ਸਕੂਲ ਵਿਚ ਵੀ ਅੱਜ ਸੀਵਰੇਜ ਦਾ ਗੰਦਾ ਪਾਣੀ ਭਰ ਜਾਣ ਕਾਰਨ ਸਕੂਲ ਪ੍ਰਬੰਧਕਾਂ, ਸਟਾਫ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਅੱਜ ਜਦੋਂ ਸਕੂਲੀ ਵਿਦਿਆਰਥੀ ਸਕੂਲ ਪਹੁੰਚੇ ਤਾਂ ਗਲੀਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਸੀ ਤੇ ਕੁਝ ਵਿਦਿਆਰਥੀ ਇਸ ਪਾਣੀ ਵਿਚ ਡਿੱਗ ਵੀ ਪਏ। ਵਿਦਿਆਰਥੀਆਂ ਦੀ ਸਥਿਤੀ ਨੂੰ ਦੇਖਦਿਆਂ ਸਕੂਲ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਲਾਕਾ ਵਾਸੀਆਂ ਨੇ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਅਪੀਲ ਕੀਤੀ ਕਿ ਉਹ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਤੇ ਇਸਦਾ ਹੱਲ ਕਰਨ ਨਹੀਂ ਤਾਂ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ । 


Related News