ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕੌਮ ਦੇ ਨਾਮ ਸੰਦੇਸ਼

10/20/2017 7:35:31 PM

ਅੰਮ੍ਰਿਤਸਰ (ਸੁਮਿਤ ਖੰਨਾ) — ਸਰਬਤ ਖਾਲਸਾ ਦੇ ਜੱਥੇਦਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਸੰਦੇਸ਼ ਪੜ੍ਹਨ ਦੇ ਐਲਾਨ ਨੂੰ ਸਰਕਾਰ ਤੇ ਪ੍ਰਸ਼ਾਸਨ ਦੀ ਕੋਸ਼ਿਸ਼ ਨੇ ਅਸਫਲ ਕਰ ਦਿੱਤਾ। ਇਸ ਦੌਰਾਨ ਇਕ ਮਰਿਆਦਾ ਦੇ ਤਹਿਤ ਸ੍ਰੀ ਹਰਿਮੰਦਰ ਸਾਹਿਬ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੰਦੀ ਛੋੜ ਦਿਵਸ ਮੌਕੇ ਕੌਮ ਦੇ ਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੁਨੇਹਾ ਦਿੱਤਾ, ਇਸ ਮੌਕੇ ਕਈ ਸਿੱਖ ਧਾਰਮਿਕ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਸਿੱਖ ਸਾਹਿਬ ਨੇ ਸੰਦੇਸ਼ ਪੜ੍ਹ ਕੇ ਸੁਨਾਇਆ ਤੇ ਉਸ 'ਤੇ ਅਮਲ ਕਰਨ ਦੀ ਹਿਦਾਇਤ ਦਿੱਤੀ। ਇਸੇ ਦੌਰਾਨ ਗੁਰਦੁਆਰਾ ਸਾਹਿਬ 'ਚ ਸੰਗਤ ਦੇ ਰੂਪ 'ਚ ਪੁਲਸ ਅਧਿਕਾਰੀ ਵੀ ਸਾਦੀ ਵਰਦੀ 'ਚ ਨਜ਼ਰ ਆਏ। ਜ਼ਿਕਰਯੋਗ ਹੈ ਕਿ ਸੰਦੇਸ਼ ਪੜ੍ਹਨ ਤੋਂ ਪਹਿਲਾਂ ਜੱਥੇਦਾਰ ਸਿੰਘ ਸਾਹਿਬ ਨੇ ਪੰਜਾਬ ਸਰਕਾਰ ਦੇ ਸੁਰੱਖਿਆ ਤੰਤਰ ਦੀ ਤਾਰੀਫ ਕੀਤੀ ।
ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਇਕਜੁੱਟ ਹੋ ਕੇ ਸਿੱਖ ਮਸਲਿਆਂ 'ਤੇ ਕੰਮ ਕਰੀਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ ਮੰਦਭਾਗੇ ਮਾਮਲਿਆਂ ਵਿਰੁੱਧ ਸਖਤ ਕਦਮ ਚੁੱਕਿਆ ਜਾਵੇ ਤੇ ਕੌਮ ਵਲੋਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਜਿਸ ਨਾਲ ਬੇਹਬਲ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤੇ ਗੁਰਦੁਆਰਾ ਸਾਹਿਬ 'ਚ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਦੀ ਜ਼ਰੂਰਤ ਹੈ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੁਰੇ ਰਸਤਿਆਂ ਤੋਂ ਕੱਢ ਕੇ ਗੁਰੂ ਦੇ ਚਰਨਾ ਨਾਲ ਜੋੜਨ ਦੀ ਸਖਤ ਜ਼ਰੂਰਤ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਜੋ ਮਸਲੇ ਹਨ ਉਨ੍ਹਾਂ ਨੂੰ ਅਦਾਲਤ ਜਾਂ ਲੜਾਈ ਝਗੜੇ ਤੋਂ ਕੱਢ ਕੇ ਆਪਸੀ ਸਮਝੌਤੇ ਨਾਲ ਸੁਲਝਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪਿੰਡਾਂ 'ਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਗੱਲ ਵੀ ਕਹੀ ਤੇ ਮਹਿੰਗਾਈ ਦੇ ਇਸ ਦੌਰ 'ਚ ਵਿਆਹ ਸਮਾਗਮ ਸਾਦਗੀ ਨਾਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਆਹ ਵਰਗੀ ਪਵਿੱਤਰ ਰਹੁ-ਰੀਤੀ ਨੂੰ ਗੁਰੂ ਘਰ ਤਕ ਹੀ ਸੀਮਤ ਰੱਖਣਾ ਚਾਹੀਦਾ ਹੈ ਤੇ ਇਸ 'ਤੇ ਫਜ਼ੂਲ ਖਰਚ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਗੁਰੂ ਘਰ ਦੀ ਗੌਲਖ ਦਾ ਪੈਸਾ ਗਰੀਬ ਜਨਤਾ ਦੀ ਭਲਾਈ ਲਈ ਇਸਤੇਮਾਲ ਕੀਤੇ ਜਾਣ ਦੀ ਅਪੀਲ ਕੀਤੀ ਤੇ ਅਖੀਰ ਉਨ੍ਹਾਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ।


Related News