NRI ਵਿਅਕਤੀ ਦੇ ਘਰ ਲੁਟੇਰਿਆਂ ਨੇ ਖੇਡਿਆਂ ਮੌਤ ਦਾ ਖੇਡ, ਸੈਰ ਕਰਨ ਆਏ ਭਰਾ ਨੇ ਚੀਕਾਂ ਸੁਣ ''ਭਰਜਾਈ'' ਨੂੰ ਬਚਾਇਆ

07/24/2017 2:24:27 PM

ਮੋਗਾ (ਆਜ਼ਾਦ)— ਕੱਲ੍ਹ ਦੇਰ ਰਾਤ ਮੋਗਾ ਤੋਂ ਥੋੜ੍ਹੀ ਦੂਰ ਪਿੰਡ ਤਾਰੇ ਵਾਲਾ ਵਿਖੇ ਲੁਟੇਰਿਆਂ ਨੇ ਐੱਨ. ਆਰ. ਆਈ. ਵਿਅਕਤੀ ਦੇ ਘਰ ਲੁੱਟ ਅਤੇ ਮੌਤ ਦਾ ਅਜਿਹਾ ਖੇਡ ਖੇਡਿਆ ਕਿ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਲੁਟੇਰਿਆਂ ਨੇ ਇੱਥੇ ਐੱਨ. ਆਰ. ਆਈ. 65 ਸਾਲਾ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਪਤਨੀ 55 ਸਾਲਾ ਬਲਜੀਤ ਕੌਰ ਨੂੰ ਮਰੀ ਹੋਈ ਸਮਝ ਕੇ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। 
ਕੀ ਹੈ ਸਾਰਾ ਮਾਮਲਾ—
ਮਿਲੀ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਲਛਮਣ ਸਿੰਘ ਆਪਣੀ ਪਤਨੀ ਬਲਜੀਤ ਕੌਰ ਨਾਲ ਕੋਠੀ 'ਚ ਰਹਿੰਦਾ ਹੈ, ਜਦਕਿ ਉਸ ਦੇ ਸਾਰੇ ਬੇਟੇ ਮਨੀਲਾ ਵਿਚ ਰਹਿੰਦੇ ਹਨ। ਬੀਤੀ ਰਾਤ 1 ਵਜੇ ਦੇ ਕਰੀਬ ਅਣਪਛਾਤੇ ਹਥਿਆਰਬੰਦ ਲੁਟੇਰੇ ਕੰਧਾਂ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਪਤੀ-ਪਤਨੀ ਨੂੰ ਦਬੋਚ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ਤੋਂ ਇਲਾਵਾ ਗੁਰਚਰਨ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ, ਜਦਕਿ ਬਲਜੀਤ ਕੌਰ ਦਾ ਗਲਾ ਘੁੱਟ ਕੇ ਹੱਤਿਆ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਨੀਮ ਬੇਹੋਸ਼ੀ ਦੀ ਹਾਲਤ 'ਚ ਹੋਣ ਕਾਰਨ ਲੁਟੇਰੇ ਉਸ ਨੂੰ ਮਰਾ ਹੋਇਆ ਸਮਝ ਛੱਡ ਗਏ ਅਤੇ ਘਰ 'ਚ ਪਏ 8 ਤੋਲੇ ਸੋਨੇ ਦੇ ਗਹਿਣੇ, ਵਿਦੇਸ਼ੀ ਡਾਲਰ ਅਤੇ ਨਕਦੀ ਚੋਰੀ ਕਰ ਕੇ ਲੈ ਗਏ।
ਘਟਨਾ ਦਾ ਕਿਵੇਂ ਲੱਗਾ ਪਤਾ— 
ਮ੍ਰਿਤਕ ਦੇ ਭਰਾ ਚਮਕੌਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਪਿੰਡ ਦੇ ਹੀ ਇਕ ਵਿਅਕਤੀ ਦਰਸ਼ਨ ਸਿੰਘ ਨਾਲ ਸਵੇਰੇ ਤੜਕਸਾਰ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਉਹ ਆਪਣੇ ਭਰਾ ਦੇ ਘਰ ਅੱਗਿਓਂ ਲੰਘਿਆ। ਉਸ ਨੂੰ ਘਰ ਅੰਦਰੋਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਆਪਣੇ ਦੋਸਤ ਸਮੇਤ ਅੰਦਰ ਨੂੰ ਭੱਜਿਆ। ਉਸ ਨੇ ਦੇਖਿਆ ਕਿ ਉਸ ਦੇ ਭਰਾ ਗੁਰਚਰਨ ਸਿੰਘ ਦੀ ਮੌਤ ਹੋ ਚੁੱਕੀ ਸੀ, ਜਦਕਿ ਉਸ ਦੀ ਭਾਬੀ ਨੀਮ ਬੇਹੋਸ਼ੀ ਦੀ ਹਾਲਤ ਵਿਚ ਪਈ ਸੀ ਅਤੇ ਕੁਝ ਵੀ ਬੋਲਣ ਤੋਂ ਅਸਮਰਥ ਸੀ। ਅਸੀਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਅਤੇ ਇਸ ਦੀ ਜਾਣਕਾਰੀ ਥਾਣਾ ਚੜਿੱਕ ਨੂੰ ਦਿੱਤੀ।
ਕੁਝ ਦਿਨ ਪਹਿਲਾਂ ਹੀ ਵੇਚਿਆ ਸੀ ਪਲਾਟ-ਜਾਣਕਾਰੀ ਅਨੁਸਾਰ ਬਜ਼ੁਰਗ ਪਤੀ-ਪਤਨੀ ਨੇ ਕਰੀਬ 20 ਦਿਨ ਪਹਿਲਾਂ ਆਪਣਾ 17 ਮਰਲੇ ਦਾ ਪਲਾਟ ਸਾਢੇ 8 ਲੱਖ ਰੁਪਏ ਵਿਚ ਪਿੰਡ ਦੇ ਹੀ ਇਕ ਐੱਨ. ਆਰ. ਆਈ. ਬਿੱਟੂ ਸਿੰਘ ਨੂੰ ਵੇਚਿਆ ਸੀ, ਜਿਸ ਤੋਂ ਕੁਝ ਪੈਸੇ ਆਪਣੇ ਸਕੇ-ਸੰਬੰਧੀ ਦੇ ਰਾਹੀਂ ਬੈਂਕ 'ਚ ਜਮ੍ਹਾ ਕਰਵਾ ਦਿੱਤੇ ਅਤੇ ਕੁਝ ਪੈਸੇ ਆਪਣੇ ਕੋਲ ਰੱਖ ਲਏ। ਸ਼ੱਕ ਕੀਤਾ ਜਾ ਰਿਹਾ ਹੈ ਕਿ ਲੁਟੇਰੇ ਲੁੱਟ-ਖੋਹ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਪਰ ਮ੍ਰਿਤਕ ਗੁਰਚਰਨ ਸਿੰਘ ਵੱਲੋਂ ਉਨ੍ਹਾਂ ਨੂੰ ਪਛਾਨਣ 'ਤੇ ਉਸ ਦੀ ਹੱਤਿਆ ਕਰ ਦਿੱਤੀ ਗਈ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਜ਼ਿਲਾ ਮੋਗਾ ਦੇ ਐੱਸ. ਪੀ. (ਆਈ.) ਵਜ਼ੀਰ ਸਿੰਘ, ਡੀ. ਐੱਸ. ਪੀ. ਆਈ. ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਸਿਟੀ ਗੋਬਿੰਦਰ ਸਿੰਘ, ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਕਿੱਕਰ ਸਿੰਘ, ਥਾਣਾ ਚੜਿੱਕ ਦੇ ਇੰਚਾਰਜ ਜਸਕਾਰ ਸਿੰਘ, ਸਹਾਇਕ ਥਾਣੇਦਾਰ ਸੁਰਜੀਤ ਸਿੰਘ, ਸਹਾਇਕ ਥਾਣੇਦਾਰ ਲਖਵਿੰਦਰ ਸਿੰਘ, ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਤੋਂ ਇਲਾਵਾ ਫਿੰਗਰ ਪ੍ਰਿੰਟਸ ਮਾਹਿਰ ਅਤੇ ਡਾਗ-ਸਕੁਐਡ ਟੀਮ ਵੀ ਮੌਕੇ 'ਤੇ ਪੁੱਜੀ।
ਸੀ. ਸੀ. ਟੀ. ਵੀ. ਕੈਮਰੇ ਖੰਗਾਲੇ
ਥਾਣਾ ਮੁਖੀ ਨੇ ਦੱਸਿਆ ਕਿ ਪਿੰਡ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਅਤੇ ਸੜਕਾਂ 'ਤੇ ਸਥਿਤ ਘਰਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਸ਼ੱਕੀ ਵਿਅਕਤੀ ਲਏ ਹਿਰਾਸਤ 'ਚ ਜਾਣਕਾਰੀ ਅਨੁਸਾਰ ਪੁਲਸ ਨੇ ਗੁਰਚਰਨ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਕੋਲੋਂ ਪੁੱਛਗਿਛ ਕਰਨੀ ਸ਼ੁਰੂ ਕਰ ਦਿੱਤੀ ਹੈ।


Related News