ਲੋਕਾਂ ਫਿਰੋਜ਼ਪੁਰ ਥਾਣਾ ਸਦਰ ਦੇ ਸਾਹਮਣੇ ਤੇ ਰੇਲਵੇ ਓਵਰਬ੍ਰਿਜ ''ਤੇ ਲਾਇਆ ਧਰਨਾ

10/18/2017 12:44:37 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਅੱਜ ਸੈਂਕੜੇ ਆਦਮੀਆਂ ਅਤੇ ਔਰਤਾਂ ਨੇ ਪਹਿਲਾਂ ਥਾਣਾ ਸਦਰ ਫਾਜ਼ਿਲਕਾ ਅਤੇ ਇਸ ਤੋਂ ਬਾਅਦ ਸਥਾਨਕ ਅਨਾਜ ਮੰਡੀ ਦੇ ਗੇਟ ਨੰਬਰ 2 ਨੇੜੇ ਰੇਲਵੇ ਓਵਰਬ੍ਰਿਜ 'ਤੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਜਰਨੈਲ ਸਿੰਘ, ਸੁਰਿੰਦਰ ਧਰਾਂਗਵਾਲਾ, ਨਿਰਮਲ ਸਿੰਘ, ਰਤਨ ਰਾਜ ਸ਼ਰਮਾ, ਰਾਜ ਕੁਮਾਰ ਵਰਮਾ, ਜੱਗਾ ਸਿੰਘ, ਰਮੇਸ਼ ਮਿੱਢਾ, ਬਲਦੇਵ ਸਿੰਘ ਨੇ ਪਿੰਡ ਬਕੈਨ ਵਾਲਾ ਦੇ ਕਿਸਾਨ ਮੱਖਣ ਸਿੰਘ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਅਬੋਹਰ ਦੇ ਨਾਮਜ਼ਦ ਆੜ੍ਹਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।  ਉਕਤ ਆਗੂਆਂ ਨੇ ਕਿਹਾ ਕਿ ਆੜ੍ਹਤੀਆਂ ਵੱਲੋਂ ਕਿਸਾਨ ਦੀ ਜ਼ਮੀਨ ਕੁਰਕ ਕਰਨ ਤੋਂ ਬਾਅਦ 3 ਜੁਲਾਈ 2017 ਨੂੰ ਇਕ ਝੂਠਾ ਪਰਚਾ ਵੀ ਭਾਰਤੀ ਦੰਡ ਸੰਹਿਤਾ ਦੀ ਧਾਰਾ 452 ਤਹਿਤ ਦਰਜ ਕਰਵਾ ਦਿੱਤਾ ਸੀ, ਜਿਸ ਕਾਰਨ ਮੱਖਣ ਸਿੰਘ ਅਕਸਰ ਪ੍ਰੇਸ਼ਾਨੀ ਵਿਚ ਰਹਿੰਦਾ ਸੀ ਅਤੇ 17 ਸਤੰਬਰ 2017 ਨੂੰ ਉਸ ਨੇ ਖੇਤ ਵਿਚ ਜਾ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਇਕ ਮਹੀਨੇ ਬਾਅਦ ਵੀ ਗ੍ਰਿਫ਼ਤਾਰ ਨਹੀਂ ਹੋਏ ਦੋਸ਼ੀ : ਬੁਲਾਰਿਆਂ ਨੇ ਕਿਹਾ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਸ ਵੱਲੋਂ ਨਾਮਜ਼ਦ ਦੋਸ਼ੀਆਂ ਨੂੰ ਇਕ ਮਹੀਨੇ ਬਾਅਦ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਲਸ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰ ਰਹੀ। ਉਕਤ ਬੁਲਾਰਿਆਂ ਨੇ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲਣ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਧਰਨੇ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੋਂ ਇਲਾਵਾ ਇਨਕਲਾਬੀ ਲੋਕ ਮੋਰਚਾ, ਪੰਜਾਬ ਜਮਹੂਰੀ ਕਿਸਾਨ ਸਭਾ ਪੰਜਾਬ, ਆਮ ਆਦਮੀ ਪਾਰਟੀ, ਪੰਜਾਬ ਨਿਰਮਾਣ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਪੰਜਾਬ, ਬੇਰੁਜ਼ਗਾਰ ਲਾਈਨਮੈਨ ਯੂਨੀਅਨ, ਸਟੂਡੈਂਟਸ ਯੂਨੀਅਨ ਨੇ ਹਿੱਸਾ ਲਿਆ। 


Related News