ਸਿਹਤ ਸਹੂਲਤਾਂ ਤੇ ਸਫਾਈ ਦੀ ਘਾਟ ਕਾਰਨ ਜਹਾਨੋਂ ਕੂਚ ਕਰਦੇ ਜਾ ਰਹੇ ਨੇ ਲੋਕ

12/12/2017 1:35:03 AM

ਬਾਘਾਪੁਰਾਣਾ, (ਚਟਾਨੀ)- 'ਵੇ ਵੀਰਾ ਅਸੀਂ ਤਾਂ ਪੱਟੇ ਗਏ, ਸਾਡਾ ਤਾਂ ਬੰਦਾ ਵੀ ਨਾ ਰਿਹਾ ਤੇ ਖੀਸੇ ਵੀ ਖਾਲੀ ਹੋ ਗਏ। ਦਵਾਈਆਂ 'ਤੇ ਲੱਗੇ ਪੈਸਿਆਂ ਕਾਰਨ ਕਰਜ਼ਿਆਂ ਦੀ ਪੰਡ ਵੀ ਭਾਰੀ ਹੋ ਗਈ। ਅਸੀਂ ਤਾਂ ਪਰਿਵਾਰ ਦਾ ਢਿੱਡ ਪਾਲਣ ਵਾਲੇ ਇਕੋ-ਇਕ ਸਹਾਰੇ ਤੋਂ ਵੀ ਵਾਂਝੇ ਹੋ ਗਏ ਹਾਂ' ਇਹ ਦੁੱਖ ਭਰੀ ਦਾਸਤਾਨ ਬਲਵਿੰਦਰ ਕੌਰ ਅਤੇ ਉਨ੍ਹਾਂ ਦੀਆਂ ਧੀਆਂ ਤੇ ਪੁੱਤਰ ਨੇ ਵਿਰਲਾਪ ਕਰਦਿਆਂ ਆਖੀ, ਜਿਨ੍ਹਾਂ ਦੇ ਘਰ ਦਾ ਮੁਖੀ ਪਾਲ ਸਿੰਘ ਪੀਲੀਏ, ਟੀ. ਬੀ. ਅਤੇ ਹੋਰ ਭਿਆਨਕ ਬੀਮਾਰੀਆਂ ਨਾਲ ਜੰਗ ਲੜਦਾ ਜ਼ਿੰਦਗੀ ਨੂੰ ਅਲਵਿਦਾ ਆਖ ਸਦਾ ਦੀ ਨੀਂਦ ਸੌਂ ਗਿਆ। ਪੰਜ ਧੀਆਂ ਤੇ ਇਕਲੌਤੇ ਪੁੱਤਰ ਦੀ ਮਾਂ ਬਲਵਿੰਦਰ ਕੌਰ ਦੇ ਵਿਰਲਾਪ ਦੀ ਗੂੰਜ ਨਾਲ ਕੰਧਾਂ ਵੀ ਹਿੱਲ ਰਹੀਆਂ ਸਨ।
ਇਸੇ ਹੀ ਬਸਤੀ ਦੇ ਗੁਰਮੇਲ ਸਿੰਘ ਅਤੇ ਚਮਕੌਰ ਸਿੰਘ ਦੇ ਪਰਿਵਾਰਾਂ ਦੀ ਵੀ ਇਹੋ ਦਾਸਤਾਨ ਹੈ, ਜਿਨ੍ਹਾਂ ਦੇ ਮੁਖੀ ਵੀ ਅਜਿਹੀਆਂ ਬੀਮਾਰੀਆਂ ਦੀ ਤਾਬ ਨਾ ਝੱਲਦੇ ਹੋਏ ਪਾਲ ਸਿੰਘ ਦੇ ਰਾਹ ਤੁਰ ਗਏ ਸਨ।
ਗੰਦਗੀ ਦੀ ਦਲਦਲ ਦੇ ਢੇਰ 'ਤੇ ਬੈਠੇ ਲੋਕਾਂ ਨੂੰ ਬੀਮਾਰੀਆਂ ਦੇ ਜੱਫਿਆਂ ਨੇ ਵਕਤ ਤੋਂ ਪਹਿਲਾਂ ਹੀ ਇਸ ਜਹਾਨੋਂ ਰੁਕਸਤ ਹੋਣ ਲਈ ਮਜਬੂਰ ਕਰ ਸੁੱਟਿਆ ਹੈ। ਬਾਘਾਪੁਰਾਣਾ ਸ਼ਹਿਰ ਦੀਆਂ ਦਲਿਤ ਬਸਤੀਆਂ ਦੇ ਅਨੇਕਾਂ ਹੀ ਪਰਿਵਾਰਾਂ ਦੇ ਕਈ-ਕਈ ਮੈਂਬਰ ਪੀਲੀਏ, ਟੀ. ਬੀ. ਅਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਕਈ ਵਰ੍ਹਿਆਂ ਤੋਂ ਦੋ ਹੱਥ ਕਰਦੇ ਆ ਰਹੇ ਹਨ ਪਰ ਕੁਚੱਜੇ ਸਫਾਈ ਪ੍ਰਬੰਧ ਅਤੇ ਨਾਕਸ ਹੋਈਆਂ ਪਈਆਂ ਸਰਕਾਰੀ ਸਿਹਤ ਸਹੂਲਤਾਂ ਕਾਰਨ ਬੀਮਾਰੀਆਂ ਦੀ ਜਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਕਸਬੇ ਦੇ ਮੰਡੀਰਾ ਸੜਕ ਉਪਰ ਪੈਂਦੇ ਬਾਬਾ ਜੀਵਨ ਸਿੰਘ ਨਗਰ ਦੇ ਕਈ ਵਿਅਕਤੀ ਜ਼ਿੰਦਗੀ ਦੇ ਮੂਹਰੇ ਹਾਰ ਮੰਨ ਸਦਾ ਲਈ ਜਹਾਨੋਂ ਕੂਚ ਕਰ ਗਏ ਹਨ, ਜਦਕਿ ਬਹੁਤੇ ਵਿਅਕਤੀ ਮੰਜੇ ਨਾਲ ਮੰਜਾ ਹੋ ਕੇ ਰਹਿ ਗਏ ਹਨ।
ਇਕ ਮਹੀਨੇ ਦੇ ਛੋਟੇ ਜਿਹੇ ਵਕਫੇ ਦੌਰਾਨ ਬਾਬਾ ਜੀਵਨ ਸਿੰਘ ਨਗਰ ਦੇ ਤਿੰਨ ਵਿਅਕਤੀ ਅਜਿਹੀਆਂ ਹੀ ਭਿਆਨਕ ਬੀਮਾਰੀਆਂ ਨਾਲ ਲੜਦੇ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ, ਜਿਨ੍ਹਾਂ ਦੇ ਪਰਿਵਾਰਾਂ ਨੇ ਮਾੜੀ ਆਰਥਿਕਤਾ ਦੇ ਬਾਵਜੂਦ ਆਪਣੇ ਪੁਰਖਿਆਂ ਦੀ ਜ਼ਿੰਦਗੀ ਨੂੰ ਸਲਾਮਤ ਕਰਨ ਲਈ ਕਰਜ਼ੇ ਚੁੱਕ-ਚੁੱਕ ਇਲਾਜ ਤਾਂ ਕਰਵਾਇਆ ਪਰ ਹੱਡਾਂ 'ਚ ਰਚੀਆਂ ਬੀਮਾਰੀਆਂ ਤੋਂ ਮੁਕਤੀ ਫਿਰ ਵੀ ਨਾ ਮਿਲੀ। ਪਰਿਵਾਰਾਂ ਦੇ ਮੁਖੀਆਂ ਦੇ ਬੇਵਕਤ ਵਿਛੋੜੇ ਨੇ ਜਿਥੇ ਪਿਛੇ ਰਹਿ ਗਏ ਮੈਂਬਰਾਂ ਨੂੰ ਸਦੀਵੀ ਵਿਛੋੜੇ ਦਾ ਦਰਦ ਦਿੱਤਾ, ਉਥੇ ਮੁਖੀ ਦੀ ਮਿਹਨਤ ਨਾਲ ਪਰਿਵਾਰਾਂ ਦਾ ਤੁਰਦਾ ਗੁਜ਼ਾਰਾ ਵੀ ਰੁਕ ਗਿਆ, ਜਦਕਿ ਮੁਖੀ ਦੀ ਜ਼ਿੰਦਗੀ ਦੀ ਸਲਾਮਤੀ ਲਈ ਚੁੱਕੇ ਗਏ ਕਰਜ਼ੇ ਦੀ ਪੰਡ ਵੀ ਭਾਰੀ ਹੋ ਗਈ। ਚੁਫੇਰਿਓਂ ਘਿਰੇ ਅਜਿਹੇ ਗਰੀਬ ਪਰਿਵਾਰ ਕਿਸਮਤ ਨੂੰ ਘੱਟ ਪਰ ਸਰਕਾਰੀ ਸਹੂਲਤਾਂ 'ਚ ਸਰਕਾਰਾਂ ਦੀ ਕਥਿਤ ਗੈਰ ਜ਼ਿੰਮੇਵਾਰਨਾ ਪਹੁੰਚ ਨੂੰ ਵਧ ਕੋਸ ਰਹੇ ਹਨ।  ਪੀੜਤ ਪਰਿਵਾਰਾਂ ਦਾ ਸਰਕਾਰ ਉਪਰ ਗਿਲਾ ਹੈ ਕਿ ਜੇਕਰ ਉਨ੍ਹਾਂ ਦੇ ਚੌਗਿਰਦੇ ਦੀ ਢੁਕਵੀਂ ਸਫਾਈ ਹੁੰਦੀ ਤਾਂ ਅਜਿਹੀਆਂ ਕੁਰੀਤੀਆਂ ਦਾ ਉਹ ਸ਼ਿਕਾਰ ਹੀ ਨਾ ਹੁੰਦੇ। ਉਨ੍ਹਾਂ ਦਾ ਇਹ ਵੀ ਗਿਲਾ ਹੈ ਕਿ ਪੁਖਤਾ ਸਿਹਤ ਸਹੂਲਤਾਂ ਦੀ ਘਾਟ ਵੀ ਉਨ੍ਹਾਂ ਦੀ ਅਜਿਹੀ ਹੋਣੀ ਲਈ ਜ਼ਿੰਮੇਵਾਰ ਹੈ। ਪੀੜਤ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਹਾਨੋਂ ਤੁਰ ਗਏ ਉਨ੍ਹਾਂ ਦੇ ਪੁਰਖੇ ਵਾਪਸ ਤਾਂ ਨਹੀਂ ਆ ਸਕਦੇ ਪਰ ਸਰਕਾਰ ਉਨ੍ਹਾਂ ਦੇ ਉਸ ਕਰਜ਼ੇ ਦੀ ਪੰਡ ਨੂੰ ਜ਼ਰੂਰ ਹਲਕਾ ਕਰੇ, ਜਿਹੜਾ ਕਰਜ਼ਾ ਉਨ੍ਹਾਂ ਨੇ ਇਲਾਜ ਵਾਸਤੇ ਚੁੱਕਿਆ ਹੈ।


Related News