ਦੋ ਧਿਰਾਂ ਭਿੜੀਆਂ, 1 ਦੀ ਮੌਤ

08/17/2017 8:06:23 AM

ਗਿੱਦੜਬਾਹਾ  (ਕੁਲਭੂਸ਼ਨ) - ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਮਹਿਣਾ ਵਿਚ ਦੋ ਧਿਰਾਂ ਆਪਸ 'ਚ ਭਿੜ ਗਈਆਂ ਤੇ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਔਰਤ ਸਮੇਤ ਚਾਰ ਲੋਕ ਜ਼ਖਮੀ ਹੋ ਗਏ, ਜੋ ਕਿ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਪਿੰਡ ਮਹਿਣਾ ਵਿਖੇ ਮੰਗਾ ਸਿੰਘ ਦੇ ਘਰ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਇਸੇ ਦੌਰਾਨ ਉਕਤ ਦੋਵਾਂ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਤਕਰਾਰ ਤੋਂ ਬਾਅਦ ਇਕ ਵਾਰ ਮਾਮਲਾ ਸ਼ਾਂਤ ਹੋ ਗਿਆ ਪਰ ਦੇਰ ਰਾਤ ਦੋਵਾਂ ਧਿਰਾਂ ਵਿਚ ਮਾਮਲਾ ਮੁੜ ਗਰਮਾ ਗਿਆ ਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ। ਇਸ ਕੁੱਟਮਾਰ ਵਿਚ ਇਕ ਧਿਰ ਨਾਲ ਸਬੰਧਿਤ ਦੀਪਕ ਕੁਮਾਰ ਉਰਫ ਸ਼ੈਂਕੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਮਹਿਣਾ ਦੇ ਸਿਰ 'ਚ ਸੱਟ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅਜੇ ਸਿੰਘ ਪੁੱਤਰ ਸਤਪਾਲ ਸਿੰਘ, ਗੁਰਪ੍ਰੀਤ ਕੌਰ ਪਤਨੀ ਸੁਖਪਾਲ ਸਿੰਘ ਤੇ ਜੀਵਨ ਸਿੰਘ ਪੁੱਤਰ ਸਤਪਾਲ ਸਿੰਘ ਜ਼ਖਮੀ ਹੋ ਗਏ।  ਦੂਜੇ ਪਾਸੇ ਮ੍ਰਿਤਕ ਦੀਪਕ ਦਾ ਸਾਥੀ ਸੁਖਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵੀ ਇਸ ਕੁੱਟਮਾਰ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।
ਥਾਣਾ ਲੰਬੀ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸ਼ਾਮ ਸੁੰਦਰ ਨੇ ਦੱਸਿਆ ਕਿ ਮ੍ਰਿਤਕ ਦੀਪਕ ਦੇ ਪਿਤਾ ਰਮੇਸ਼ ਕੁਮਾਰ ਦੇ ਬਿਆਨਾਂ 'ਤੇ ਜੀਵਨ ਸਿੰਘ, ਅਜੇ ਸਿੰਘ, ਗੁਰਪ੍ਰੀਤ ਕੌਰ, ਰਵੀ, ਵੀਰ ਚੰਦ, ਗੋਪਾਲ ਸਿੰਘ, ਕਿੰਦਰ ਸਿੰਘ ਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News