ਨਗਰ ਕੌਂਸਲ ਦੇ ਦਫਤਰ ''ਚ ਹੰਗਾਮਾ

12/12/2017 7:37:00 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਨਗਰ ਕੌਂਸਲ ਦੇ ਦਫਤਰ 'ਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਕਾਂਗਰਸੀ ਕੌਂਸਲਰ ਨੇ ਈ. ਓ. ਬਰਨਾਲਾ 'ਤੇ ਬਦਸਲੂਕੀ ਕਰਨ ਦਾ ਦੋਸ਼ ਲਾਇਆ ਅਤੇ ਮਾਮਲੇ ਨੂੰ ਹਾਈਕਮਾਨ ਕੋਲ ਲਿਜਾਣ ਦੀ ਚਿਤਾਵਨੀ ਦਿੱਤੀ।  ਕਾਂਗਰਸੀ ਕੌਂਸਲਰ ਈ. ਓ. ਦੇ ਦਫਤਰ 'ਚੋਂ ਗੁੱਸੇ ਨਾਲ ਬਾਹਰ ਆਏ, ਜਿਨ੍ਹਾਂ ਨਾਲ ਕੁਝ ਹੋਰ ਕੌਂਸਲਰ ਵੀ ਸਨ। ਨਗਰ ਕੌਂਸਲ ਦਫਤਰ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸੀ ਕੌਂਸਲਰ ਦਾ ਕਹਿਣਾ ਸੀ ਕਿ ਈ. ਓ. ਨੇ ਉਸ ਨਾਲ ਬਹੁਤ ਬੁਰਾ ਵਰਤਾਅ ਕੀਤਾ ਹੈ। ਜਦੋਂ ਚੁਣੇ ਹੋਏ ਨੁਮਾਇੰਦਿਆਂ ਨਾਲ ਹੀ ਈ. ਓ. ਵਲੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਆਮ ਲੋਕਾਂ ਨਾਲ ਕੀ ਵਤੀਰਾ ਅਪਣਾਉਂਦੇ ਹੋਣਗੇ। ਮਾਮਲਾ ਹਾਈਕਮਾਨ ਦੇ ਧਿਆਨ 'ਚ ਲਿਆਵਾਂਗੇ  ਕਾਂਗਰਸੀ ਕੌਂਸਲਰ ਕੁਲਦੀਪ ਧਰਮਾ ਨੇ ਕਿਹਾ ਕਿ ਹਾਲ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਮਹੇਸ਼ ਕੁਮਾਰ ਲੋਟਾ ਦੇ ਵਾਰਡ 'ਚ ਸਭ ਤੋਂ ਵੱਧ, ਇਸ ਤੋਂ ਬਾਅਦ ਮੇਰੇ ਵਾਰਡ 'ਚ ਲੀਡ ਪ੍ਰਾਪਤ ਕੀਤੀ ਸੀ ਪਰ ਹੁਣ ਅਫਸਰ ਸਾਡੇ ਜਾਇਜ਼ ਕੰਮ ਵੀ ਨਹੀਂ ਕਰ ਰਹੇ। ਹੁਣ ਅਸੀਂ ਇਹ ਮਾਮਲਾ ਹਾਈਕਮਾਨ ਦੇ ਧਿਆਨ 'ਚ ਲਿਆਵਾਂਗੇ। 
ਅਸਤੀਫਾ ਦੇਣ ਦੀ ਚਿਤਾਵਨੀ
ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ ਸਰਵਹਿੱਤਕਾਰੀ ਸਕੂਲ ਵਾਲੀ ਗਲੀ ਦੀਆਂ ਟਾਈਲਾਂ ਉਖੜੀਆਂ ਪਈਆਂ ਹਨ, ਜਿਸ ਵਿਚੋਂ ਹਜ਼ਾਰਾਂ ਹੀ ਸਕੂਲੀ ਬੱਚੇ ਲੰਘਦੇ ਹਨ। ਇਸ ਗਲੀ ਦਾ ਟੈਂਡਰ ਪਾਸ ਹੋਇਆ ਪਿਆ ਹੈ ਅਤੇ ਜਿਸ ਠੇਕੇਦਾਰ ਕੋਲ ਇਸ ਕੰਮ ਦੀ ਜ਼ਿੰਮੇਵਾਰੀ ਹੈ, ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲ ਉਸਦੀ ਪੇਮੈਂਟ ਬਕਾਇਆ ਖੜ੍ਹੀ ਹੈ। ਇਸ ਲਈ ਉਹ ਹੋਰ ਕੰਮ ਨਹੀਂ ਕਰ ਸਕਦਾ। ਜੇਕਰ ਨਗਰ ਕੌਂਸਲ ਪੇਮੈਂਟ ਕਰਦੀ ਹੈ ਤਾਂ ਉਹ ਕੰਮ ਕਰੇਗਾ। ਲੋਟਾ ਨੇ ਕਿਹਾ ਕਿ ਮੈਂ ਉਕਤ ਕੰਮ ਲਈ ਈ.ਓ. ਦੇ ਦਫਤਰ ਵਿਚ ਗਿਆ ਸੀ। 
ਉਨ੍ਹਾਂ ਨੇ ਕੰਮ ਤਾਂ ਕੀ ਕਰਨਾ ਸੀ, ਉਲਟਾ ਮੇਰੇ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਚੁਣੇ ਹੋਏ ਨੁਮਾਇੰਦਿਆਂ ਦੀ ਅਫਸਰ ਹੀ ਕਦਰ ਨਹੀਂ ਕਰਦੇ ਫਿਰ ਇਸ ਅਹੁਦੇ 'ਤੇ ਰਹਿਣ ਦਾ ਕੀ ਫਾਇਦਾ? ਮੈਂ ਇਸ ਮਾਮਲੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਧਿਆਨ 'ਚ ਲਿਆ ਕੇ ਪੰਜਾਬ ਕਾਂਗਰਸ ਪ੍ਰਧਾਨ ਬਲਰਾਮ ਜਾਖੜ ਨੂੰ ਅਸਤੀਫਾ ਦੇਵਾਂਗਾ ਅਤੇ ਗਲੀ ਦਾ ਕੰਮ ਆਪਣੇ ਤੌਰ 'ਤੇ ਕਰਵਾਵਾਂਗਾ।  ਕਾਂਗਰਸੀ ਕੌਂਸਲਰ ਨੇ ਕਿਹਾ ਕਿ ਅਫਸਰਾਂ ਵਲੋਂ 3 ਕਰੋੜ ਦੀ ਪੇਮੈਂਟ ਆਪਣੇ ਚਹੇਤੇ ਠੇਕੇਦਾਰਾਂ ਨੂੰ ਕਰ ਦਿੱਤੀ ਗਈ ਹੈ ਜਦਕਿ ਇਹ ਵੀ ਨਹੀਂ ਪਤਾ ਕਿ ਜਿਸ ਕੰਮ ਦੀ ਪੇਮੈਂਟ ਕੀਤੀ ਹੈ, ਉਹ ਕੰਮ ਕਿੱਥੇ ਕਿੱਥੇ ਹੋਏ ਹਨ। ਇਸ ਦੀ ਜਾਂਚ ਲਈ ਮੈਂ ਵਿਜੀਲੈਂਸ ਜਾਂਚ ਦੀ ਮੰਗ ਕਰਦਾ ਹਾਂ। ਜੇਕਰ ਕੀਤੀਆਂ ਗਈਆਂ ਅਦਾਇਗੀਆਂ ਦੀ ਵਿਜੀਲੈਂਸ ਜਾਂਚ ਨਾ ਕਰਵਾਈ ਗਈ ਤਾਂ ਮੇਰੇ ਵਲੋਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। 
ਮੇਰੇ ਵਲੋਂ ਕੀਤੀਆਂ ਗਈਆਂ ਸਾਰੀਆਂ ਅਦਾਇਗੀਆਂ ਜਾਇਜ਼ : ਈ.ਓ.
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਜੋ ਵੀ ਅਦਾਇਗੀਆਂ ਕੀਤੀਆਂ ਹਨ, ਉਹ ਕਾਨੂੰਨ ਅਨੁਸਾਰ ਹੀ ਕੀਤੀਆਂ ਹਨ ਅਤੇ ਜਾਇਜ਼ ਹਨ। ਜੋ ਮੇਰੇ 'ਤੇ ਕਾਂਗਰਸੀ ਕੌਂਸਲਰ ਵਲੋਂ ਦੋਸ਼ ਲਾਏ ਜਾ ਰਹੇ ਹਨ, ਉਹ ਸਰਾਸਰ ਬੇਬੁਨਿਆਦ ਹਨ। ਮੈਂ ਉਨ੍ਹਾਂ ਨਾਲ ਕੋਈ ਦੁਰਵਿਵਹਾਰ ਨਹੀਂ ਕੀਤਾ।


Related News